ਰਜਨੀਸ਼ ਸਰੀਨ
ਸਿਆਟਲ(ਅਮਰੀਕਾ) 13 ਅਗਸਤ 2019 - ਮਾਲਵੇ ਦੀ ਰੂਹ ,ਪੰਜਾਬੀ ਕਵੀਸ਼ਰੀ ਦੇ ਬਾਬਾ ਬੋਹੜ ਬਾਬੂ ਰਜਬ ਅਲੀ ਦੇ ਅੱਜ ਜਨਮ ਦਿਹਾੜੇ ਨੂੰ ਸਮਰਪਿਤ ਪੰਜਾਬੀ ਲਿਖਾਰੀ ਸਭਾ(ਰਜਿ:) ਸਿਆਟਲ ਦੀ ਸੱਚਾ ਮਾਰਗ ਗੁਰਦੁਆਰਾ ਦੇ ਗੁਰਮਤਿ ਐਂਡ ਗੁਰਮੁਖੀ ਸਕੂਲ ਵਿੱਚ ਹੋਈ ਪ੍ਰਭਾਵਸ਼ਾਲੀ ਮੀਟਿੰਗ ਵਿੱਚ, ਸਭਾ ਦੇ ਮੁਢਲੇ ਮੈਂਬਰਾਂ ਵਿੱਚੋਂ ਵਿੱਛੜੇ ਸ: ਮਹਿੰਦਰ ਸਿੰਘ ਚੀਮਾ ਦਾ ਕਾਵਿ ਸੰਗ੍ਰਹਿ ‘ਏਨੇ ਕੁ ਹਨ ਸ਼ਬਦ ਮੇਰੇ’ ਅਤੇ ਕੋਟਕਪੂਰਾ ਤੋਂ ਪੰਜਾਬੀ ਦੇ ਉਘੇ ਲੇਖਕ ਜੰਗ ਪਾਲ ਸਿੰਘ ਦੀ ਵਾਰਤਕ ਪੁਸਤਕ ‘ਸ਼ੌਕ ਦਾ ਕੋਈ ਮੁੱਲ ਨਹੀਂ’ ਨੂੰ ਲੋਕ-ਅਰਪਣ ਕੀਤਾ ਗਿਆ। ਚੀਮਾ ਜੀ ਦੀ ਕਿਤਾਬ ਉਨ੍ਹਾਂ ਦੇ ਵਿਛੋੜੇ ਉਪਰੰਤ ਲਿਖਾਰੀ ਸਭਾ ਨੇ ਛਪਵਾਈ ਹੈ।
ਸਭਾ ਦੇ ਪ੍ਰਧਾਨ ਡਾ.ਜੇ ਬੀ ਸਿੰਘ ਸਤਿਕਾਰਤ ਮੈਂਬਰ ਸਾਹਿਬਾਨ ਸ: ਹਰਦਿਆਲ ਸਿੰਘ ਚੀਮਾ, ਅਵਤਾਰ ਸਿੰਘ ਆਦਮਪੁਰੀ, ਮਨਜੀਤ ਕੌਰ ਗਿੱਲ ਅਤੇ ਮਨਜੀਤ ਕੌਰ ਨੇ ਦੋਨਾਂ ਕਿਤਾਬਾਂ ਦੀ ਮੁਢਲੀ ਜਾਣ ਪਛਾਣ ਸ੍ਰੋਤਿਆਂ ਨੂੰ ਕਰਵਾਈ ਅਤੇ ਰਚਨਾਤਮਕ-ਪ੍ਰਕਿਰਿਆ ਬਾਰੇ ਚਾਨਣਾ ਪਾਇਆ।
ਸ: ਮਹਿੰਦਰ ਸਿੰਘ ਚੀਮਾ ਦੀਆਂ ਯਾਦਾਂ ਨੂੰ,ਉਨ੍ਹਾਂ ਦੇ ਭੈਣ ਜੀ ਵੱਲੋਂ ਤਾਜ਼ਾ ਕਰਨ ਵੇਲੇ ਮਾਹੌਲ ਭਾਵਕ ਹੋ ਗਿਆ। ਲੇਖਕ ਜੰਗਪਾਲ ਸਿੰਘ ਨੇ ਸਭਾ ਦਾ ਧੰਨਵਾਦ ਕਰਦਿਆਂ ਆਪਣੀ ਆਉਣ ਵਾਲੀ ਕਿਤਾਬ ਦਾ ਜ਼ਿਕਰ ਵੀ ਕੀਤਾ।ਬਠਿੰਡਾ ਤੋਂ ਨਿਕਲਦੇ ਤਿਮਾਹੀ ਮੈਗਜ਼ੀਨ ‘ਸ਼ਬਦ ਤ੍ਰਿੰਜਣ’ ਦੇ ਸੰਪਾਦਕ ਨੇ ਵੀ ਮੈੱਬਰਾਂ ਨਾਲ ਸੰਵਾਦ ਰਚਾਇਆ।
ਅੱਜ ਦੀ ਮੀਟਿੰਗ ਵਿੱਚ ਕਵੀ ਦਰਬਾਰ ਮੌਕੇ ਹਾਜ਼ਰ ਲੇਖਕਾਂ ਨੇ ਆਪਣੀਆਂ ਸੁਹਜ-ਸੁਆਦ ਅਤੇ ਸੰਜੀਦਗੀ ਭਰਪੂਰ ਵੱਖ ਵੱਖ ਕਾਵਿ-ਰੂਪਾਂ `ਚ ਲਿਖੀਆਂ ਕਵਿਤਾਵਾਂ ਸੁਣਾਈਆਂ।
ਬਲਿਹਾਰ ਸਿੰਘ ਲੇਹਲ,ਸਾਧੂ ਸਿੰਘ ਝੱਜ,ਪ੍ਰਿਤਪਾਲ ਸਿੰਘ ਟਿਵਾਣਾ,ਲਾਲੀ ਸੰਧੂ,ਸ਼ਿੰਗਾਰ ਸਿੰਘ ਸਿਧੂ, ਮੰਗਤ ਕੁਲਜਿੰਦ, ਸੁਰਜੀਤ ਸਿੰਘ ਸਿਧੂ, ਹਰਦਿਆਲ ਸਿੰਘ ਚੀਮਾ,ਮਨਜੀਤ ਕੌਰ,ਅਵਤਾਰ ਸਿੰਘ ਆਦਮਪੁਰੀ ਤੇ ਡਾ.ਜੇ.ਬੀ ਸਿੰਘ ਨੇ ਕਵਿਤਾਵਾਂ ਸ੍ਰੋਤਿਆਂ ਦੇ ਰੂ-ਬ-ਰੂ ਕੀਤੀਆਂ।
ਸਥਾਪਿਤੀ ਵੱਲ ਵਧ ਰਿਹਾ ਸ਼ਾਇਰ ਹਰਪ੍ਰੀਤ ਸਿੰਘ,ਅਮਨਦੀਪ ਕੌਰ, ਜਸਵਿੰਦਰ ਕੌਰ,ਗਗਨ ਸਿਧੂ, ਰੂਪ ਸੰਧੂ, ਕੁਲਵੰਤ ਕੌਰ,ਦਲਜੀਤ ਕੌਰ ਚੀਮਾ,ਬਿਲੂ ਖੰਗੂੜਾ,ਬਲਵੰਤ ਸਿੰਘ, ਜਗਜੀਤ ਸਿੰਘ ਬੈਨੀਪਾਲ, ਸੁਰਿੰਦਰ ਸਿੰਘ, ਕਰਮਜੀਤ ਕੌਰ ਆਦਿ ਨੇ ਮਾਂ ਬੋਲੀ ਪੰਜਾਬੀ ਨੂੰ ਪਿਆਰ ਕਰਨ ਵਾਲੀਆਂ ਹਾਜ਼ਰ ਸ਼ਖਸ਼ੀਅਤਾਂ ਨੇ ਵੀ ਆਪਣੇ ਆਪਣੇ ਵਿਚਾਰ ਸਾਂਝੇ ਕੀਤੇ।ਮਹਿੰਦਰ ਸਿੰਘ ਚੀਮਾ ਜੀ ਦੀ ਬੇਟੀ ਅਰਸ਼ਪ੍ਰੀਤ ਵੀ ਸਮਾਗਮ ਚ ਹਾਜ਼ਰ ਸੀ।
ਸਭਾ ਦੀ ਕਾਰਵਾਈ ਸਕੱਤਰ ਬਲਿਹਾਰ ਸਿੰਘ ਲੇਹਲ ਅਤੇ ਮੰਗਤ ਕੁਲਜਿੰਦ ਨੇ ਬਾਖੂਬੀ ਨਿਭਾਈ। ਚਾਹ ਪਾਣੀ ਅਤੇ ਲੰਗਰ ਦੀ ਸੇਵਾ ਮੈਂਬਰਾਂ ਨੇ ਰਲ ਮਿਲ ਕੇ ਕੀਤੀ।
ਸਭਾ ਦੇ ਉਦੇਸ਼ਾ ਦੀ ਪ੍ਰਾਪਤੀ,ਇਸਦੀ ਨੁਹਾਰ ਨੂੰ ਨਵਾਂ ਰੰਗ ਰੂਪ ਦੇਣ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਇਸ ਨਾਲ ਜੋੜਣ ਲਈ ਵੀ ਵਿਚਾਰ ਵਟਾਦਰਾਂ ਕੀਤਾ ਗਿਆ।