ਗੁਰਮੀਤ ਕੜਿਆਲਵੀ ਦੀਆਂ ਕਹਾਣੀਆਂ ਦੀ ਅਨੁਵਾਦਿਤ ਪੁਸਤਕ ਲੋਕ ਹਵਾਲੇ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 9 ਮਾਰਚ 2023- ਕਹਾਣੀਕਾਰ ਗੁਰਮੀਤ ਕੜਿਆਲਵੀ ਦੀਆਂ ਲਿਖੀਆਂ ਕਹਾਣੀਆਂ ਦੀ ਹਿੰਦੀ ਪੁਸਤਕ “ਵਕਤ ਕੇ ਪੰਖ ਸੇ ਬੰਧੀ ਵਫਾ“ ਭਾਸ਼ਾ ਵਿਭਾਗ ਦੇ ਜਿਲ੍ਹਾ ਦਫਤਰ ਵਿਖੇ ਪ੍ਰਸਿਧ ਵਾਰਤਕਕਾਰ ਨਿੰਦਰ ਘੁਗਿਆਣਵੀ, ਜਿਲ੍ਹਾ ਭਾਸ਼ਾ ਅਫਸਰ ਫਰੀਦਕੋਟ ਮਨਜੀਤ ਪੁਰੀ ਅਤੇ ਪੰਜਾਬ ਪੁਲਿਸ ਦੇ ਇੰਸਪੈਕਟਰ ਅਰਵਿੰਦਰ ਸਿੰਘ ਵਲੋਂ ਲੋਕ ਅਰਪਣ ਕੀਤੀ ਗਈ। ਗੁਰਮੀਤ ਕੜਿਆਲਵੀ ਦੀਆਂ ਇਹਨਾਂ ਕਹਾਣੀਆਂ ਦਾ ਅਨੁਵਾਦ ਪ੍ਰਸਿੱਧ ਅਨੁਵਾਦਕ ਰਾਜਿੰਦਰ ਤਿਵਾੜੀ ਵਲੋਂ ਕੀਤਾ ਗਿਆ ਹੈ।
ਹਿੰਦੀ ਦੇ ਸੁਪ੍ਰਸਿੱਧ ਆਲੋਚਕ ਤੇ ਚਿੰਤਕ ਪ੍ਰੋ ਬਜਰੰਗ ਬਿਹਾਰੀ ਤਿਵਾਰੀ ਨੇ ਇਸ ਪੁਸਤਕ ਦੀ ਭੂਮਿਕਾ ਲਿਖੀ ਹੈ। ਪੁਸਤਕ ਬਾਰੇ ਵਿਚਾਰ ਪ੍ਰਗਟ ਕਰਦਿਆਂ ਮਹਾਤਮਾ ਗਾਂਧੀ ਅੰਤਰਰਾਸ਼ਟਰੀ ਹਿੰਦੀ ਯੂਨੀਵਰਸਿਟੀ ਵਾਰਧਾ (ਮਹਾਰਾਸ਼ਟਰ) ਦੇ ਰੈਜੀਡੈਂਟ ਪ੍ਰੋਫੈਸਰ ਨਿੰਦਰ ਘੁਗਿਆਣਵੀ ਨੇ ਆਖਿਆ ਕਿ ਗੁਰਮੀਤ ਕੜਿਆਲਵੀ ਨੇ ਆਪਣੀਆਂ ਕਹਾਣੀਆਂ ਵਿੱਚ ਸਮਾਜ ਦੇ ਦੱਬੇ ਕੁਚਲੇ ਸਮਾਜ ਦੀਆਂ ਸਮੱਸਿਆਵਾਂ ਨੂੰ ਬੜੇ ਯਥਾਰਥਿਕ ਅਤੇ ਕਲਾਮਈ ਢੰਗ ਨਾਲ ਪੇਸ਼ ਕੀਤਾ ਹੈ।
ਉਹਨਾਂ ਕੜਿਆਲਵੀ ਨੂੰ ਬਹੁਪੱਖੀ ਸਾਹਿਤਕਾਰ ਆਖਦਿਆਂ ਉਮੀਦ ਜਾਹਰ ਕਿ ਉਸਦੀਆਂ ਰਚਨਾਵਾਂ ਦਾ ਹਿੰਦੀ ‘ਚ ਅਨੁਵਾਦ ਹੋਣ ਨਾਲ ਪੂਰੇ ਦੇਸ਼ ਦੇ ਵੱਡੇ ਹਿੱਸੇ ‘ਚ ਜਾਣਗੀਆਂ ਤੇ ਇਹਨਾਂ ਬਾਰੇ ਗੰਭੀਰਤਾ ਸਹਿਤ ਗੱਲ ਤੁਰੇਗੀ।ਜਿਲ੍ਹਾ ਭਾਸ਼ਾ ਅਫਸਰ ਮਨਜੀਤ ਪੁਰੀ ਨੇ ਕੜਿਆਲਵੀ ਦੀਆਂ ਕਹਾਣੀਆਂ ਅੰਦਰਲੀ ਮਾਨਵੀ ਸੰਵੇਦਨਾ ਦੀ ਸ਼ਲਾਘਾ ਕੀਤੀ।
ਉਹਨਾਂ ਕਿਹਾ ਕਿ ਗੁਰਮੀਤ ਮਾਨਵਵਾਦੀ ਕਹਾਣੀਕਾਰ ਹੈ ਜਿਸਨੇ ਕਹਾਣੀਆਂ ਰਾਹੀਂ ਸਮਾਜਿਕ ਕਦਰਾਂ ਕੀਮਤਾਂ ਨੂੰ ਅਪਨਾਉਣ ਅਤੇ ਬਰਾਬਰੀ ਆਧਾਰਿਤ ਸਮਾਜ ਸਿਰਜਣ ਦੀ ਲੋੜ ‘ਤੇ ਜੋਰ ਦਿੱਤਾ ਹੈ। ਪੁਰੀ ਨੇ ਕਿਹਾ ਕਿ ਗੁਰਮੀਤ ਦੀਆਂ ਪੁਸਤਕਾਂ ਦਾ ਹਿੰਦੀ ਦੇ ਨਾਲ ਨਾਲ ਹੋਰ ਭਾਸ਼ਾਵਾਂ ‘ਚ ਅਨੁਵਾਦ ਹੋਣਾ ਗੁਰਮੀਤ ਲਈ ਹੀ ਨਹੀਂ, ਪੰਜਾਬੀ ਸਾਹਿਤ ਲਈ ਵੀ ਮਾਣ ਵਾਲੀ ਗੱਲ ਹੈ। ਜਿਲ੍ਹਾ ਖੋਜ ਅਫਸਰ ਕੰਵਰਜੀਤ ਸਿੰਘ ਸਿੱਧੂ, ਸੀਨੀਅਰ ਸਹਾਇਕ ਰਣਜੀਤ ਸਿੰਘ ਨੇ ਵੀ ਹਿੰਦੀ ‘ਚ ਅਨੁਵਾਦ ਹੋਈ ਪੁਸਤਕ “ਵਕਤ ਕੇ ਪੰਖ ਸੇ ਬੰਧੀ ਵਫਾ“ ਦੇ ਪ੍ਰਕਾਸ਼ਿਤ ਹੋਣ ‘ਤੇ ਲੇਖਕ ਨੂੰ ਵਧਾਈ ਦਿੱਤੀ। ਜਿਲ੍ਹਾ ਭਾਸ਼ਾ ਅਫਸਰ ਵਲੋਂ ਵਿਭਾਗ ਦੀ ਤਰਫੋਂ ਗੁਰਮੀਤ ਕੜਿਆਲਵੀ ਨੂੰ ਮਮੈਂਟੋ ਅਤੇ ਪੁਸਤਕਾਂ ਦਾ ਸੈੱਟ ਭੇਟ ਕੀਤਾ ਗਿਆ।