ਫ਼ਿਰੋਜ਼ਪੁਰ 18 ਜਨਵਰੀ 2018 (ਗੁਰਿੰਦਰ ਸਿੰਘ ) :
ਸਰਕਾਰੀ ਐਲੀਮੈਂਟਰੀ ਸਕੂਲ ਨੱਥੂ ਵਾਲਾ ਹਸਤੇ ਕੇ ਬਲਾਕ ਘੱਲ ਖ਼ੁਰਦ-1 ਦੇ ਪੰਜਵੀਂ ਜਮਾਤ ਦੇ ਵਿਦਿਆਰਥੀ ਦੀ ਲਿਖੀ ਕਹਾਣੀਆਂ ਦੀ ਪੁਸਤਕ 'ਪਰੀਆਂ ਦਾ ਦੇਸ਼' ਦੀ ਘੁੰਡ ਚੁਕਾਈ ਉਪ ਸਿੱਖਿਆ ਅਫ਼ਸਰ(ਐਲੀ.) ਸ੍ਰ. ਸੁਖਵਿੰਦਰ ਸਿੰਘ, ਬੀ.ਪੀ.ਓ. ਹਰਬੰਸ ਲਾਲ, ਜ਼ਿਲ੍ਹਾ ਖਜ਼ਾਨਾ ਅਫਸਰ ਸ੍ਰ. ਤਜਿੰਦਰ ਸਿੰਘ, ਅਨਿਲ ਪ੍ਰਭਾਕਰ, ਮੈਡਮ ਸੁਨੀਤਾ ਦੇ ਕਰ ਕਮਲਾ ਨਾਲ ਕੀਤੀ ਗਈ। ਇਸ ਕਿਤਾਬ ਵਿੱਚ ਚਿੱਤਰਕਾਰੀ ਦੀ ਭੂਮਿਕਾ ਸਰਕਾਰੀ ਹਾਈ ਸਕੂਲ ਸਨੌਰੀ ਗੇਟ ਪਟਿਆਲਾ ਦੀ ਦਸਵੀਂ ਜਮਾਤ ਦੀ ਵਿਦਿਆਰਥਣ ਫ਼ਰੀਦਾ ਵੱਲੋਂ ਕੀਤੀ ਗਈ।
ਸਮਾਰੋਹ ਦੀ ਸ਼ੁਰੂਆਤ ਸਕੂਲ ਦੇ ਸੈਂਟਰ ਹੈੱਡ ਟੀਚਰ ਸ੍ਰੀਮਤੀ ਸੁਖਵਿੰਦਰ ਕੌਰ ਵੱਲੋਂ ਸਭ ਨੂੰ ਜੀ ਆਇਆ ਆਖ ਕੇ ਕੀਤੀ ਗਈ। ਇਸ ਦੌਰਾਨ ਬੱਚਿਆਂ ਵੱਲੋਂ ਰੰਗਾ-ਰੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸੋਲੋ ਡਾਂਸ, ਲੋਕ ਗੀਤ, ਟੱਪੇ, ਭੰਗੜਾ ਆਦਿ ਪੇਸ਼ ਕੀਤਾ। ਮੰਚ ਸੰਚਾਲਨ ਸ੍ਰ. ਮਿਹਰਦੀਪ ਸਿੰਘ ਨੇ ਬਾਖ਼ੂਬੀ ਨਿਭਾਇਆ। ਕਿਤਾਬ ਦੇ ਲੇਖਕ ਗੁਰਪ੍ਰੀਤ ਸਿੰਘ ਨੇ ਆਪਣੇ ਵਿਚਾਰ ਆਪਣੀ ਹੀ ਲਿਖੀ ਕਵਿਤਾ ਰਾਹੀਂ ਪੇਸ਼ ਕੀਤੇ।
ਇਸ ਮੌਕੇ ਉਪ ਸਿੱਖਿਆ ਅਫ਼ਸਰ(ਐਲੀ.) ਸ੍ਰ. ਸੁਖਵਿੰਦਰ ਸਿੰਘ ਨੇ ਕਿਹਾ ਕਿ ਇਹੋ ਜਿਹੇ ਵਿਦਿਆਰਥੀਆਂ ਤੋਂ ਪ੍ਰੇਰਨਾ ਲੈ ਕੇ ਹੋਰਨਾਂ ਸਕੂਲਾਂ ਦੇ ਵਿਦਿਆਰਥੀਆਂ ਨੂੰ ਵੀ ਆਪਣੀ ਕਲਾ ਦਿਖਾਉਣ ਵਿੱਚ ਅੱਗੇ ਆਉਣਾ ਚਾਹੀਦਾ ਹੈ ਅਤੇ ਇਹੋ ਜਿਹੀਆਂ ਪੁਸਤਕਾਂ ਦੀ ਸਿਰਜਨਾ ਕਰਕੇ ਨਾ ਸਿਰਫ਼ ਬੱਚਿਆਂ ਦੇ ਮਾਤਾ-ਪਿਤਾ ਸਗੋਂ ਦੇਸ਼ ਅਤੇ ਸਕੂਲ ਦਾ ਨਾਮ ਵੀ ਰੌਸ਼ਨ ਹੁੰਦਾ ਹੈ। ਪੁਸਤਕ ਛਪਵਾਉਣ ਵਿੱਚ ਪੂਰਨ ਸਹਿਯੋਗ ਦੇਣ ਵਾਲੇ ਅਨਿਲ ਪ੍ਰਭਾਕਰ ਨੇ ਗੁਰਪ੍ਰੀਤ ਨੂੰ ਹੋਰ ਸਾਹਿਤ ਲਿਖਣ ਲਈ ਉਤਸ਼ਾਹਿਤ ਕੀਤਾ। ਅੰਤ ਵਿੱਚ ਮੈਡਮ ਜਸਪ੍ਰੀਤ ਕੌਰ ਨੇ ਸਮਾਰੋਹ ਵਿੱਚ ਸ਼ਾਮਲ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।
ਇਸ ਮੌਕੇ ਬੀ.ਐੱਮ.ਟੀ. ਸ਼ਮਸ਼ੇਰ ਸਿੰਘ, ਓਮ ਪ੍ਰਕਾਸ਼, ਗੁਰਮੀਤ ਸਿੰਘ, ਸੰਦੀਪ ਕੁਮਾਰ, ਗੁਰਸਾਹਿਬ ਸਿੰਘ, ਕੁਲਵੰਤ ਸਿੰਘ ਸੰਜੇ ਕੁਮਾਰ, ਅਵਤਾਰ ਸਿੰਘ, ਤਲਵਿੰਦਰ ਸਿੰਘ, ਸੁਰਿੰਦਰ ਸਿੰਘ, ਮਨੀਸ਼ ਕੁਮਾਰ, ਸਿਮਰਨ ਕੌਰ, ਨੀਲਮ ਰਾਣੀ, ਜਸਵਿੰਦਰ ਕੌਰ, ਹਿਮਾਨੀ ਜੁਨੇਜਾ, ਪਲਵਿੰਦਰ ਕੌਰ, ਜਸਵੀਰ ਕੌਰ ਸਮੇਤ ਸੈਂਟਰ ਦਾ ਸਮੂਹ ਸਟਾਫ਼ ਅਤੇ ਪਿੰਡ ਵਾਸੀ ਹਾਜ਼ਰ ਸਨ।