ਪੰਜਾਬ ਸਾਹਿਤ ਅਕਾਦਮੀ ਅਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਮਾਤ-ਭਾਸ਼ਾ ਦਿਵਸ ’ਤੇ ਅੰਤਰਰਾਸ਼ਟਰੀ ਕਾਵਿ-ਮਿਲਣੀ ਆਯੋਜਿਤ
ਟੋਰਾਂਟੋ, 15 ਫਰਵਰੀ, 2024: ਪੰਜਾਬ ਸਾਹਿਤ ਅਕਾਦਮੀ ਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਮਾਤ-ਭਾਸ਼ਾ ਦਿਵਸ ’ਤੇ ਅੰਤਰਰਾਸ਼ਟਰੀ ਕਾਵਿ-ਮਿਲਣੀ ਵੈਬੀਨਾਰ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਸੰਸਾਰ ਭਰ ਵਿੱਚੋਂ ਨਾਮਵਰ ਸ਼ਖ਼ਸੀਅਤਾਂ ਨੇ ਆਪਣੀ ਸ਼ਾਮੂਲੀਅਤ ਕੀਤੀ । ਡਾ . ਸਰਬਜੀਤ ਕੌਰ ਸੋਹਲ ਆਪਣੇ ਹੋਰ ਰੁਝੇਵਿਆਂ ਕਰਕੇ ਮੀਟਿੰਗ ਵਿੱਚ ਸ਼ਾਮਲ ਨਹੀਂ ਹੋ ਸਕੇ, ਉਹਨਾਂ ਦਾ ਮੈਸੇਜ ਤੇ ਸੁਝਾਅ ਆ ਗਏ ਸਨ । ਜ਼ੂਮ ਮੀਟਿੰਗ ਰਾਹੀਂ ਹੋਏ ਇਸ ਸਮਾਗਮ ਦੇ ਪ੍ਰਬੰਧਕਾਂ ਵਿੱਚ ਰਮਿੰਦਰ ਵਾਲੀਆ ਫਾਊਂਡਰ ਵੱਲੋਂ ਸ਼ਾਨਦਾਰ ਢੰਗ ਨਾਲ ਇਹ ਪ੍ਰੋਗਰਾਮ 3 ਸਾਲ ਤੋਂ ਉੱਪਰ ਸਮੇਂ ਤੋਂ ਨਿਰੰਤਰ ਜਾਰੀ ਕਰਾਏ ਜਾ ਰਹੇ ਹਨ । ਸਮਾਗਮ ਦੀ ਪ੍ਰਧਾਨਗੀ ਪ੍ਰੋ . ਸੁਹਿੰਦਰਬੀਰ ਵੱਲੋਂ ਕੀਤੀ ਗਈ । ਰਿੰਟੂ ਭਾਟੀਆ ਨੇ ਪ੍ਰੋਗਰਾਮ ਦੀ ਸ਼ਰੂਆਤ ਕੀਤੀ। ਅਰਵਿੰਦਰ ਢਿੱਲੋਂ ਕਾਰਜਕਾਰੀ ਮੈਂਬਰ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਵੱਲੋਂ ਪਿਛਲੇ ਸਮੇਂ ਵਿਚ ਡਾਕਟਰ ਸਰਬਜੀਤ ਕੌਰ ਸੋਹਲ ਦੀ ਅਗਵਾਈ ਵਿਚ ਕੀਤੇ ਲਾਮਿਸਾਲ ਕਾਰਜ ਮੀਲ ਪੱਥਰ ਹੋਣ ਦੀ ਗੱਲ ਕਹੀ ਅਤੇ ਸਵਾਗਤੀ ਸ਼ਬਦਾਂ ਨਾਲ ਸਮਾਗਮ ਦਾ ਆਗਾਜ਼ ਕੀਤਾ ।
ਇਹ ਸਮਾਗਮ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ਸੀ । ਪਹਿਲੇ ਸੈਸ਼ਨ ਵਿੱਚ ਮਾਤ ਭਾਸ਼ਾ ਦਿਵਸ ਸੰਬੰਧੀ ਕੁਝ ਵਿਚਾਰਾਂ ਹੋਈਆਂ । ਜਿਸਦੇ ਮੁੱਖ ਵਕਤਾ ਪ੍ਰੋ. ਡਾ . ਪਰਮਜੀਤ ਸਿੰਘ ਢੀਂਗਰਾ ਤੇ ਵਕਤਾ ਡਾ . ਜਤਿੰਦਰ ਢਿੱਲੋਂ ਰੰਧਾਵਾ ਸਨ। ਇਸ ਦਿਨ ਦੇ ਮਹੱਤਵ ਬਾਰੇ ਅਰਵਿੰਦਰ ਢਿੱਲੋਂ ਨੇ ਦੱਸਦੇ ਹੋਏ ਕੈਨੇਡਾ ਦੀ ਭੂਮਿਕਾ ਬਾਰੇ ਦੱਸਿਆ।ਸਭ ਤੋਂ ਪਹਿਲਾ ਡਾਕਟਰ ਪਰਮਜੀਤ ਸਿੰਘ ਢੀਂਗਰਾ ਨੂੰ ਸੱਦਾ ਦਿੱਤਾ ।ਇਸ ਪ੍ਰੋਗਰਾਮ ਦੇ ਮੁੱਖ ਵਕਤਾ ਪ੍ਰੋ. ਡਾ . ਪਰਮਜੀਤ ਸਿੰਘ ਢੀਂਗਰਾ ਹੋਰਾਂ ਨੇ ਮਾਤ-ਭਾਸ਼ਾ ਦੇ ਇਤਿਹਾਸਕ ਮਹੱਤਵ ਨੂੰ ਦਰਸਾਉਂਦਾ ਦੱਸਿਆ ਕਿ ਪੰਜਾਬੀ ਭਾਸ਼ਾ 5 ਹਜ਼ਾਰ ਸਾਲ ਪੁਰਾਣੀ ਹੈ ਅਤੇ ਕੁਝ ਸ਼ਬਦ ਅਜਿਹੇ ਹਨ ਜੋ ਰਿਗਵੇਦ ਦੇ ਜ਼ਮਾਨੇ ਤੋਂ ਚਲੇ ਆ ਰਹੇ ਹਨ। ਪੰਜਾਬੀ ਭਾਸ਼ਾ ਦੇ ਸਰੋਤਾਂ ਬਾਰੇ ਜ਼ਿਕਰ ਕਰਦਿਆਂ ਉਹਨਾਂ ਨੇ ਸੰਸਕ੍ਰਿਤ, ਅਰਬੀ ਫ਼ਾਰਸੀ, ਅੰਗਰੇਜ਼ੀ ਆਦਿ ਜ਼ੁਬਾਨਾਂ ਦਾ ਜ਼ਿਕਰ ਕੀਤਾ। ਉਹਨਾਂ ਨੇ ਪੰਜਾਬੀ ਪਾਠਕਾਂ ਨੂੰ ਸੁਨੇਹਾ ਦਿੱਤਾ ਕਿ ਪੰਜਾਬੀ ਭਾਸ਼ਾ ਪ੍ਰਤੀ ਸੁਹਿਰਦ ਪਹੁੰਚ ਅਪਣਾਉਣ ਦੀ ਲੋੜ ਹੈ।
ਡਾਕਟਰ ਜਤਿੰਦਰ ਰੰਧਾਵਾ ਹੋਰਾਂ ਨੇ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਕੁਝ ਉਸਾਰੂ ਯੋਜਨਾਵਾਂ ਬਣਾਉਣ ’ਤੇ ਜ਼ੋਰ ਦਿੱਤਾ। ਵਿਦੇਸ਼ਾਂ ਵਿਚ ਰਹਿੰਦੇ ਹੋਏ ਬੱਚਿਆਂ ਨੂੰ ਆਪਣੀ ਮਾਤ ਭਾਸ਼ਾ ਨਾਲ ਜੋੜਨ ਲਈ ਉਸਾਰੂ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ।
ਇਸ ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਪ੍ਰੋਫ਼ੈਸਰ ਸੁਹਿੰਦਰ ਬੀਰ ਨੇ ਦੱਸਿਆ ਕਿ ਪੰਜਾਬੀ ਭਾਸ਼ਾ ਨੂੰ ਰੁਜ਼ਗਾਰ ਨਾਲ ਜੋੜਨਾ ਚਾਹੀਦਾ ਹੈ। ਰੁਜ਼ਗਾਰ ਦੇ ਵਸੀਲੇ ਵੱਧ ਹੋਣ ਨਾਲ ਪੰਜਾਬੀ ਭਾਸ਼ਾ ਵਿਕਾਸ ਦੇ ਰਸਤੇ 'ਤੇ ਤੁਰ ਪਵੇਗੀ। ਉਹਨਾਂ ਨੇ ਪਿੰਡ-ਪਿੰਡ ਵਿਚ ਲਾਇਬ੍ਰੇਰੀਆਂ ਖੋਲ੍ਹਣ ਅਤੇ ਸਾਹਿਤਕਾਰਾਂ ਨੂੰ ਮਿਆਰੀ ਸਹਿਤ ਰਚਣ ਦੀ ਲੋੜ ਤੇ ਬਲ ਦਿੱਤਾ।
ਦੂਸਰਾ ਸੈਸ਼ਨ ਕਾਵਿ ਮਿਲਣੀ ਸੀ ਜਿਸ ਵਿਚ ਬਹੁਤ ਨਾਮਵਰ ਸ਼ਾਇਰ ਡਾ . ਰਾਮ ਮੂਰਤੀ , ਪ੍ਰੋ ਤਲਵਿੰਦਰ ਮੰਡ , ਕੁਲਵਿੰਦਰ ਕੰਵਲ ,ਸਤਿੰਦਰਜੀਤ ਕੌਰ ਤੇ ਇੰਜ . ਬਲਵੰਤ ਰਾਏ ਗੱਖੜ ਸਨ । ਸਭ ਦੋਸਤਾਂ ਦੀਆਂ ਕਵਿਤਾਵਾਂ ਬਹੁਤ ਲਾਜਵਾਬ ਸਨ । ਕੁਝ ਦੋਸਤਾਂ ਨੇ ਕਵਿਤਾਵਾਂ ਤੇ ਕੁਝ ਨੇ ਗੀਤ ਗ਼ਜ਼ਲ ਆਪਣੀ ਸੁਰੀਲੀ ਅਵਾਜ਼ ਵਿੱਚ ਗਾ ਕੇ ਪੇਸ਼ ਕੀਤੇ ।
ਪ੍ਰੋ. ਤਲਵਿੰਦਰ ਮੰਡ ਨੇ ਸਭ ਕਵੀਆਂ ਦੀਆਂ ਕਵਿਤਾਵਾਂ ਦੇ ਬਾਰੇ ਵਿਚ ਦੱਸਦਿਆਂ ਹੋਇਆਂ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਉਪਰਾਲੇ ਜੋਕਿ ਸਭਾ ਦੀ ਸੰਸਥਾਪਕ ਤੇ ਪ੍ਰਬੰਧਕ ਰਮਿੰਦਰ ਰੰਮੀ ਤੇ ਪੰਜਾਬ ਸਾਹਿਤ ਅਕਾਡਮੀ ਦੇ ਪ੍ਰਧਾਨ ਡਾ . ਸਰਬਜੀਤ ਕੌਰ ਸੋਹਲ ਮਿਲਕੇ ਕਰ ਰਹੇ ਹਨ, ਬਹੁਤ ਸ਼ਲਾਘਾਯੋਗ ਹਨ । ਮੀਟਿੰਗ ਵਿਚ ਦੇਸ਼ਾਂ ਵਿਦੇਸ਼ਾਂ ਵਿੱਚੋਂ ਮੈਂਬਰਾਂ ਦੀ ਹਾਜ਼ਰੀ ਬਹੁਤਾਤ ਵਿਚ ਸੀ । ਡਾ . ਬਲਜੀਤ ਕੌਰ ਰਿਆੜ, ਪਿਆਰਾ ਸਿੰਘ ਕੁੱਦੋਵਾਲ ਚੀਫ਼ ਐਡਵਾਈਜ਼ਰ, ਸੁਰਜੀਤ ਕੌਰ ਸਰਪ੍ਰਸਤ, ਅਮਨਬੀਰ ਸਿੰਘ ਧਾਮੀ ਸਕੱਤਰ ਜਨਰਲ , ਡਾ . ਅਮਰ ਜੋਤੀ ਮਾਂਗਟ, ਕੈਨੇਡਾ ਤੋਂ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਤੋਂ ਮਲੂਕ ਸਿੰਘ ਕਾਹਲੋਂ , ਚੇਅਰਮੈਨ ਅਜੈਬ ਸਿੰਘ ਚੱਠਾ, ਅੰਮ੍ਰਿਤਾ ਦਰਸ਼ਨ, ਗੁਰਚਰਨ ਸਿੰਘ ਜੋਗੀ, ਕਲਮਾਂ ਦੀ ਸਾਂਝ ਕੈਨੇਡਾ ਤੋਂ ਹਰਦਿਆਲ ਸਿੰਘ ਝੀਤਾ, ਕੁਲਦੀਪ ਕੌਰ ਧੰਜੂ, ਬਲਜੀਤ ਗਰੋਵਰ, ਪਰਮਦੀਪ ਕੌਰ , ਗੁਲਸ਼ਨਬੀਰ ਗੁਰਾਇਆ, ਸੁਰਜੀਤ ਸਿੰਘ ਧੀਰ, ਧਰਵਿੰਦਰ ਔਲਖ, ਦਿਲਪ੍ਰੀਤ ਗੁਰੀ, ਸਤਨਾਮ ਕੌਰ, ਦਰਸ਼ਨ ਮੁੱਟਾ , ਅਵਤਾਰਜੀਤ ਸਿੰਘ ਅਟਵਾਲ ਤੇ ਹੋਰ ਬਹੁਤ ਅਦਬੀ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ ।
ਰਮਿੰਦਰ ਰੰਮੀ ਨੇ ਵੀ ਸਾਰੇ ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਆਸ ਕਰਦੇ ਹਾਂ ਕਿ ਸਾਰੇ ਮੈਂਬਰਾਂ ਦਾ ਪਿਆਰ, ਸਾਥ ਤੇ ਸਹਿਯੋਗ ਹਮੇਸ਼ਾਂ ਸਾਨੂੰ ਇਸੇ ਤਰ੍ਹਾਂ ਮਿਲਦਾ ਰਹੇਗਾ।