ਚੰਡੀਗੜ੍ਹ, 6 ਅਗਸਤ 2020 - ਡਾ. ਅਜੇ ਸ਼ਰਮਾ ਦੇ ਲਿਖੇ ਮਿੰਨੀ ਨਾਟਕਾਂ ਦੀ ਕਿਤਾਬ 'ਲਾਕਡਾਊਨ' ਨੂੰ ਉੱਘੇ ਸਾਹਿਤਕਾਰਾਂ ਨੇ ਲੋਕ ਅਰਪਣ ਕੀਤਾ। ਮਸ਼ਹੂਰ ਸਾਹਿਤਕਾਰ ਅਤੇ ਹਰਿਆਣਾ ਸਾਹਿਤ ਅਕਾਦਮੀ ਦੇ ਨਿਰਦੇਸ਼ਕ ਡਾ. ਚੰਦਰ ਤ੍ਰਿਖਾ ਅਤੇ ਭਾਰਤੀ ਹਿੰਦੀ ਸਾਹਿਤ ਅਕਾਦਮੀ ਦੇ ਉਪ ਪ੍ਰਧਾਨ ਮਾਧਵ ਕੌਸ਼ਿਕ ਹੁਰਾਂ ਵੱਲੋਂ ਮਸ਼ਹੂਰ ਨਾਵਲਕਾਰ ਅਤੇ ਨਾਟਕਕਾਰ ਡਾ. ਅਜੇ ਸ਼ਰਮਾ ਦੇ ਨਵੇਂ ਨਾਟਕ 'ਲਾਕਡਾਊਨ' ਨੂੰ ਲੋਕ ਅਰਪਣ ਕੀਤਾ। ਇਸ ਮੇਕੇ 'ਤੇ ਪ੍ਰਸਿੱਧ ਪੱਤਰਕਾਰ ਅਤੇ ਲੇਖਕ ਨਿਰੂਪਮਾ ਦੱਤ, ਸਾਹਿਤਕਾਰ ਅਤੇ ਵਿਅੰਗਕਾਰ ਪ੍ਰੇਮ ਵਿੱਜ, ਉਘੇ ਕਵੀ ਦੀਪਕ ਸ਼ਰਮਾ ਚਨਾਰਥਲ, ਅੰਗਰੇਜ਼ੀ ਦੇ ਨਾਵਲਕਾਰ ਪਾਰੁਲ ਸ਼ਰਮਾ ਆਦਿ ਹਾਜ਼ਰ ਸਨ।
ਡਾ. ਅਜੇ ਸ਼ਰਮਾ ਦਾ ਇਹ ਪੰਜਵਾਂ ਨਾਟਕ ਹੈ ਜਿਸ ਦਾ ਲੋਕ ਅਰਪਣ ਹਰਿਆਣਾ ਸਾਹਿਤ ਅਕਾਦਮੀ 'ਚ ਹੋਇਆ। ਇਥੇ ਜ਼ਿਕਰਯੋਗ ਹੈ ਕਿ ਡਾ. ਅਜੇ ਸ਼ਰਮਾ ਇਸ ਤੋਂ ਪਹਿਲਾਂ 12 ਨਾਵਲ ਲਿਖ ਚੁੱਕੇ ਹਨ ਅਤੇ ਉਨ੍ਹਾਂ ਦੇ ਨਾਵਲ ਕਈ ਯੂਨੀਵਰਸਿਟੀਆਂ 'ਚ ਪੜ੍ਹਾਏ ਜਾਂਦੇ ਹਨ।
ਡਾ. ਅਜੇ ਸ਼ਰਮਾ ਨੇ ਆਪਣੇ ਨਾਟਕਾਂ ਦੇ ਬਾਰੇ 'ਚ ਦੱਸਦੇ ਹੋਏ ਕਿਹਾ ਕਿ ਲਘੂ ਨਾਟਕ ਲਿਖਣ ਦਾ ਮਨ 'ਚ ਕੋਈ ਖਿਆਲ ਨਹੀਂ ਸੀ ਪ੍ਰੰਤੂ ਜਦੋਂ ਸਮਾਂ ਬਹੁਤ ਮਿਲਿਆ ਅਤੇ ਛੋਟੀਆਂ-ਛੋਟੀਆਂ ਘਟਨਾਵਾਂ ਸਮਾਜ 'ਚ ਵਾਪਰਦੀਆਂ ਦੇਖੀਆਂ ਤਾਂ ਮਨ 'ਚ ਪਤਾ ਨਹੀਂ ਕਿੱਥੋਂ ਲਘੂ ਨਾਟਕ ਲਿਖਣ ਦਾ ਖਿਆਲ ਆ ਗਿਆ। ਇਸ ਤੋਂ ਪਹਿਲਾਂ ਮੈਂ ਕਦੇ ਵੀ ਇਸ ਵਿਧਾ 'ਤੇ ਨਾਟਕ ਨਹੀਂ ਲਿਖੇ। ਜਦੋਂ ਮੈਂ ਨਾਟਕ ਫੇਸਬੁੱਕ 'ਤੇ ਪਾਏ ਤਾਂ ਲੋਕਾਂ ਨੇ ਇਨਬਾਕਸ ਕਰਕੇ ਕਿਹਾ ਕਿ ਉਹ ਇਸ 'ਤੇ ਲਘੂ ਫਿਲਮ ਬਣਾਉਣਾ ਚਾਹੁੰਦੇ ਹਨ ਤਾਂ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਅਤੇ ਮੇਰਾ ਮਨੋਬਲ ਵਧ ਗਿਆ ਅਤੇ ਦੇਖਦੇ ਹੀ ਦੇਖ ਸੱਤ ਨਾਟਕ 'ਲਾਕਡਾਊਨ' 'ਤੇ ਹੋ ਗਏ ਜਿਨ੍ਹਾਂ ਨੂੰ ਮੈਂ ਕਿਤਾਬ ਦੇ ਰੂਪ 'ਚ ਪ੍ਰਕਾਸ਼ਿਤ ਕਰਵਾ ਲਿਆ।
ਇਸ ਮੌਕੇ 'ਤੇ ਡਾ. ਚੰਦਰ ਤ੍ਰਿਖਾ, ਮਾਧਵ ਕੌਸ਼ਿਕ, ਨਿਰੂਪਮਾ ਦੱਤ, ਪ੍ਰੇਮ ਵਿੱਜ ਸਣੇ ਮੌਜੂਦ ਸਾਹਿਤਕਾਰਾਂ ਅਤੇ ਲੇਖਕਾਂ ਨੇ ਡਾ. ਅਜੇ ਸ਼ਰਮਾ ਦੀ ਨਾਟਕਾਂ ਦੀ ਉਕਤ ਨਵੀਂ ਪੁਸਤਕ ਦਾ ਸਵਾਗਤ ਕਰਦਿਆਂ ਲੇਖਕ ਨੂੰ ਵਧਾਈ ਦਿੱਤੀ।