ਭਾਰਤ ਦੀ ਜਾਤਪਾਤੀ ਵਿਵਸਥਾ ਦੇ ਵਿਸ਼ਲੇਸ਼ਣ ਸਬੰਧੀ ਪੁਸਤਕ ਰਿਲੀਜ਼
ਅਸ਼ੋਕ ਵਰਮਾ
ਬਠਿੰਡਾ, 1 ਅਪਰੈਲ 2022- ਪੇਂਡੂ ਸਾਹਿਤ ਸਭਾ ਬਾਲਿਆਂਵਾਲੀ ਨੇ ਕਵੀਸ਼ਰ ਮਾਘੀ ਸਿੰਘ ਗਿੱਲ ਯਾਦਗਾਰੀ ਲਾਇਬ੍ਰੇਰੀ ਵਿਖੇ ਪਰਵਾਸੀ ਲੇਖਕ ਤੇ ਮੈਗਜ਼ੀਨ ਚਰਚਾ ਦੇ ਸੰਪਾਦਕ ਦਰਸ਼ਨ ਸਿੰਘ ਢਿੱਲੋਂ ਯੂ ਕੇ ਦਾ ਰੂਬਰੂ ਤੇ ਸਨਮਾਨ ਅਤੇ ਪੁਸਤਕ ਰਿਲੀਜ਼ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਗੁਰਦੇਵ ਖੋਖਰ ਨੇ ਕੀਤੀ ਤੇ ਮੁੱਖ ਮਹਿਮਾਨ ਦਰਸ਼ਨ ਢਿੱਲੋਂ ਤੋਂ ਇਲਾਵਾ ਪ੍ਰਜੀਡੀਅਮ ਵਿੱਚ ਜੀਤ ਸਿੰਘ ਚਹਿਲ,ਜਗਮੇਲ ਸਿੰਘ ਜਠੌਲ ਅਤੇ ਸੁਰਿੰਦਰਪ੍ਰੀਤ ਘਣੀਆਂ ਵੀ ਹਾਜ਼ਰ ਸਨ।
ਇਸ ਮੌਕੇ ਸਭਾ ਦੇ ਜਨਰਲ ਸਕੱਤਰ ਸੁਖਦਰਸ਼ਨ ਗਰਗ ਨੇ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਅਤੇ ਵਿਛੜ ਚੁੱਕੇ ਸਾਹਿਤਕਾਰਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਬਲਵਿੰਦਰ ਸਿੰਘ ਭੁੱਲਰ ਦਾ ਕਾਵਿ ਸੰਗ੍ਰਹਿ ‘ਸ਼ਾਇਰ ਉਦਾਸ ਹੈ‘,ਡਾ ਬਲਜਿੰਦਰ ਸਿੰਘ ਤੇ ਡਾ ਅਜੀਤਪਾਲ ਸਿੰਘ ਦੀ ਪੁਸਤਕ ‘ਭਾਰਤੀ ਜਾਤਪਾਤੀ ਵਿਵਸਥਾ ਵਿਗਿਆਨਕ ਵਿਸ਼ਲੇਸ਼ਣ‘ ਤੇ ਪ੍ਰਵਾਸੀ ਲੇਖਕ ਮੰਗਤ ਕੁਲਜਿੰਦ ਦੀ ਪੁਸਤਕ ‘ਕਲੀਨ ਚਿੱਟ ਦੇ ਦਿਓ ਜੀ‘ ਰਿਲੀਜ਼ ਕੀਤੀਆਂ ਗਈਆਂ। ਸਾਹਿਤਕਾਰ ਅਜਮੇਰ ਸਿੰਘ ਦੀਵਾਨਾ ਨੇ ਕਾਵਿ ਸੰਗ੍ਰਹਿ ਤੇ ਖੁੱਲ੍ਹ ਕੇ ਚਰਚਾ ਕਰਦਿਆਂ ਕਿਹਾ ਕਿ ਪੁਸਤਕ ਵਿੱਚ ਬਹੁਤੀਆਂ ਰਚਨਾਵਾਂ ਲੋਕਪੱਖੀ,ਔਰਤ ਦੀ ਆਜ਼ਾਦੀ,ਸ਼ੰਘਰਸ਼ ਤੇ ਵਿਗਿਆਨਾਂ ਨਾਲ ਸਬੰਧ ਰੱਖਦੀਆਂ ਹਨ।
ਪੁਸਤਕ ਦੀ ਵਿਆਖਿਆ ਸਾਹਿਤ ਜਾਣਕਾਰੀ ਦਿੰਦਿਆਂ ਡਾਕਟਰ ਬਲਜਿੰਦਰ ਨੇ ਕਿਹਾ ਕਿ ਇਸ ਪੁਸਤਕ ਨੂੰ ਇਤਿਹਾਸਕ ਪੱਖ ਤੋਂ ਵਿਚਾਰਿਆ ਜਾਣਾ ਚਾਹੀਦਾ ਹੈ ਕਿਉਂਕਿ ਜਾਤ ਪਾਤ ਦੀਆਂ ਜੜ੍ਹਾਂ ਸਾਡੇ ਇਤਿਹਾਸ ਵਿੱਚ ਡੂੰਘੀਆਂ ਪਈਆਂ ਹਨ। ਜੇ ਸਾਡਾ ਸਮਾਜ ਵਿਗਿਆਨਕ ਦਿ੍ਰਸ਼ਟੀਕੋਣ ਨਹੀਂ ਅਪਣਾਏਗਾ ਤਾਂ ਜਾਤਪਾਤ ਦੇ ਮਸਲੇ ਦਾ ਕੋਈ ਹੱਲ ਨਹੀਂ ਨਿਕਲ ਸਕੇਗਾ। ਜਾਤ ਪਾਤ ਨੂੰ ਖਤਮ ਕਰਨ ਲਈ ਚੱਲੇ ਵੱਖ ਵੱਖ ਅੰਦੋਲਨਾਂ ਸਬੰਧੀ ਵੀ ਉਨ੍ਹਾਂ ਸੰਖੇਪ ਵਿੱਚ ਜਾਣਕਾਰੀ ਦਿੱਤੀ ਅਤੇ ਭਗਤ ਸਿੰਘ ਦੇ ਲੇਖ ‘ਅਛੂਤ ਦਾ ਸੁਆਲ‘ ਬਾਰੇ ਵੀ ਜਿਕਰ ਕੀਤਾ। ਇਸ ਪੁਸਤਕ ਦੀ ਭੂਮਿਕਾ ਸ਼ਹੀਦ ਭਗਤ ਸਿੰਘ ਦੇ ਭਾਣਜੇ ਪ੍ਰੋ ਜਗਮੋਹਣ ਸਿੰਘ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰੋਫੈਸਰ (ਡਾ) ਭੀਮਇੰਦਰ ਸਿੰਘ ਨੇ ਲਿਖੀ ਹੈ।
ਪੁਸਤਕ ਸਬੰਧੀ ਬੋਲਦਿਆਂ ਆਲੋਚਕ ਗੁਰਦੇਵ ਖੋਖਰ ਨੇ ਇਸ ਨੂੰ ਇਤਿਹਾਸਕ ਦਸਤਾਵੇਜ਼ ਕਿਹਾ ਅਤੇ ਇਸ ਤੇ ਨਿੱਠ ਕੇ ਬਹਿਸ ਕਰਨ ਦੀ ਲੋੜ ਤੇ ਜ਼ੋਰ ਦਿੱਤਾ। ਪੁਸਤਕਾਂ ਸਬੰਧੀ ਚਰਚਾ ਵਿੱਚ ਜਗਨਨਾਥ ,ਸੁਖਦਰਸ਼ਨ ਗਰਗ,ਦਰਸ਼ਨ ਸਿੰਘ ਜੋਗਾ ਆਦਿ ਨੇ ਵੀ ਹਿੱਸਾ ਲਿਆ। ਇਸ ਮੌਕੇ ਦਰਸ਼ਨ ਸਿੰਘ ਢਿੱਲੋਂ ਨੇ ਆਪਣੀ ਜ਼ਿੰਦਗੀ ਦੇ ਅਨੁਭਵ ਸਾਂਝੇ ਕਰਦਿਆਂ ਕਿਹਾ ਕਿ ਸਕੂਲ ਚ ਪੜ੍ਹਦਿਆਂ ਹੀ ਉਨ੍ਹਾਂ ਨੇ ਗੀਤ ਲਿਖਣੇ ਸ਼ੁਰੂ ਕਰ ਦਿੱਤੇ ਸਨ। ਉਹ ਹੁਣ ਤੱਕ ਸਾਹਿਤ ਰਚਦੇ ਆ ਰਹੇ ਹਨ ਅਤੇ ਮੈਗਜ਼ੀਨ ਕੌਮਾਂਤਰੀ ਚਰਚਾ ਦੇ ਸੰਪਾਦਕ ਵਜੋਂ ਸੇਵਾ ਨਿਭਾਈ ਜਾ ਰਹੀ ਹੈ। ਵੱਖ ਵੱਖ ਸੁਆਲਾਂ ਦੇ ਜੁਆਬ ਦਿੰਦਿਆਂ ਉਨ੍ਹਾਂ ਕਿਹਾ ਕਿ ਦੁਨੀਆਂ ਦੇ ਹਰ ਦੇਸ਼ ਵਿੱਚ ਬੈਠੇ ਪੰਜਾਬੀ ਸਾਹਿਤ ਰਚ ਰਹੇ ਹਨ।
ਵਿਦੇਸ਼ ਵਿਚਲੇ ਸਹਿਤਕਾਰਾਂ ਦਾ ਉਨ੍ਹਾਂ ਦੀਆਂ ਰਚਨਾਵਾਂ ਵਿੱਚ ਉੱਥੋਂ ਦੀ ਸੱਭਿਅਤਾ ਦਾ ਪ੍ਰਭਾਵ ਤਾਂ ਦਿਸਦਾ ਹੈ ਪਰ ਪੰਜਾਬੀ ਸਾਹਿਤ ਦੂਜੀ ਭਾਸ਼ਾਵਾਂ ਤੋਂ ਕਿਸੇ ਪੱਖੋਂ ਵੀ ਘੱਟ ਨਹੀਂ ਹੈ। ਉਨ੍ਹਾਂ ਕਿਹਾ ਕਿ ਜਿਹੜਾ ਸਾਹਿਤ ਵਿਗਿਆਨ ਤੋਂ ਵਿਰਵਾ ਹੋਵੇਗਾ ਅਤੇ ਲੋਕ ਪੱਖੀ ਨਹੀਂ ਹੋਵੇਗਾ ਅਤੇ ਆਖਰ ਮਰ ਜਾਵੇਗਾ। ਉਨ੍ਹਾਂ ਸਾਹਿਤਕਾਰਾਂ ਨੂੰ ਲੋਕ ਪੱਖੀ ਸਾਹਿਤ ਰਚਨ ਦੀ ਲੋੜ ਤੇ ਜ਼ੋਰ ਦਿੱਤਾ। ਕਵੀਸ਼ਰ ਸੱਤਪਾਲ ਸਿੰਘ ਨੇ ਪੁਰਾਤਨ ਵਿਧਾ ਛੰਦ ਵਿਚ ਇੱਕ ਕਵੀਸ਼ਰੀ ਪੇਸ਼ ਕੀਤੀ। ਅੰਤ ’ਚ ਅਜਮੇਰ ਸਿੰਘ ਦਿਵਾਨਾਂ ਨੇ ਸਰੋਤਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸਟੇਟ ਐਵਾਰਡੀ ਅਮਰਜੀਤ ਪੇਂਟਰ, ਬੋਘੜ ਸਿੰਘ ਖੋਖਰ‘ਹਰਮਿੰਦਰ ਢਿੱਲੋਂ ਆਦਿ ਵੀ ਹਾਜਰ ਸਨ। ਜਗਨਨਾਥ ਨੇ ਸਟੇਜ ਸੰਚਾਲਨ ਕੀਤਾ।