ਤ੍ਰੈ-ਮਾਸਿਕ ਸਾਹਿਤ-ਪੱਤ੍ਰਿਕਾ ਮਕਰੰਦ ਤੇ ਹੋਈ ਅੰਤਰ-ਰਾਸ਼ਟਰੀ ਵਿਚਾਰ ਚਰਚਾ
ਵਿਸ਼ਵ-ਪੱਧਰੀ ਕਿਰਤਾਂ ਨਾਲ ਲਬਰੇਜ਼ ਮਕਰੰਦ ਦਾ ਚੌਥਾ ਅੰਕ: ਅਮਨਦੀਪ ਸਿੰਘ, ਡਾਇਰੈਕਟਰ ਨਾਦ ਪ੍ਰਗਾਸੁ, ਮਿਸ਼ੀਗਨ
ਅੰਮ੍ਰਿਤਸਰ, 29 ਅਪ੍ਰੈਲ 2024 : ਮਨੁੱਖੀ ਚੇਤਨਾ ਨੂੰ ਨਿਰੀ ਬੌਧਿਕਤਾ ਤੋਂ ਉਪਜੇ ਵਿਚਾਰਧਾਰਾਈ ਮਾਡਲ ਜਾਂ ਪ੍ਰਬੁੱਧ ਪ੍ਰਵਚਨ ਵਾਲੇ ਆਕਾਰ ਪ੍ਰਦਾਨ ਕਰਨ ਦੀ ਥਾਂ ਕਲਾਤਮਈ ਜ਼ੁਜ਼ਾਂ ਵਿੱਚ ਜੀੳਂੁਦੇ ਆਕਾਰ ਨਾਲ ਜੋੜਦਾ ਹੈ। ਜੋ ਚੇਤਨਾ ਨੂੰ ਇਤਿਹਾਸਿਕ ਗਤੀਸ਼ੀਲਤਾ ਰਾਹੀਂ ਸੰਕੀਰਣ ਪਹਿਚਾਣ ਨਿਰਧਾਰਿਤ ਕਰਨ ਦੀ ਥਾਂ, ਬਹੁ-ਆਯਾਮੀ ਅਤੇ ਬਹੁ-ਪਾਸਾਰੀ ਹੋਣ ਲਈ ਪ੍ਰੇਰਿਤ ਕਰਦਿਆਂ, ਇਸਨੂੰ ਮਉਲਣ ਗਤੀਸ਼ੀਲਤਾ ਨਾਲ ਜੋੜ, ਜੀਵਨ ਦੇ ਨਵੇਂ ਅਤੇ ਸੰਭਾਵੀ ਸਹਿਜ ਅਰਥਾਂ ਨੂੰ ਜਾਣਨ ਲਈ ਸਹਾਇਕ ਹੁੰਦਾ ਹੈ। ਇਹਨਾਂ ਸ਼ਬਦਾਂ ਨਾਲ ਤ੍ਰੈ-ਮਾਸਿਕੀ ਸਾਹਿਤ-ਪੱਤ੍ਰਿਕਾ ਮਕਰੰਦ ਦੇ ਮੁੱਖ ਸੰਪਾਦਕ ਅਮਨਦੀਪ ਸਿੰਘ ਨੇ ਇਸਦੇ ਚੌਥੇ ਅੰਕ ‘ਤੇ ਹੋਈ ਵਿਸ਼ੇਸ਼ ਅੰਤਰ-ਰਾਸ਼ਟਰੀ ਵਿਚਾਰ-ਚਰਚਾ ਦਾ ਆਗਾਜ਼ ਕੀਤਾ। ਅੱਜ ਦੀ ਇਸ ਵਿਚਾਰ-ਚਰਚਾ ਦਾ ਆਯੋਜਨ ਸੰਸਥਾ ਨਾਦ ਪ੍ਰਗਾਸੁ ਸ੍ਰੀ ਅੰਮ੍ਰਿਤਸਰ ਦੇ ਮੁੱਖ ਦਫ਼ਤਰ ਵਿੱਖੇ ਆਨਲਾਈਨ ਮਾਧਿਅਮ ਰਾਹੀਂ ਕੀਤਾ ਗਿਆ ਜਿਸ ਵਿੱਚ ਵੱਖ-ਵੱਖ ਖੇਤਰਾਂ ਨਾਲ ਸੰਬੰਧਿਤ ਹਸਤੀਆਂ, ਕਲਾਕਾਰਾਂ, ਚਿੰਤਕਾਂ, ਲੇਖਕਾਂ ਅਤੇ ਖੋਜਾਰਥੀਆਂ ਨੇ ਭਾਗ ਲਿਆ। ਜ਼ਿਕਰਯੋਗ ਹੈ ਕਿ ਮਕਰੰਦ ਅੱਠ-ਪੱਤਰੀ ਤ੍ਰੈ-ਮਾਸਿਕੀ ਸਾਹਿਤ-ਪੱਤ੍ਰਿਕਾ ਹੈ, ਜਿਸ ਵਿੱਚ ਕੋਮਲ ਅਤੇ ਲਲਿਤ ਕਲਾ ਜਿਵੇਂ ਕਵਿਤਾ, ਕਹਾਣੀ, ਸਿਨੇਮਾ, ਥੀਏਟਰ, ਚਿੱਤਰਕਲਾ ਦੇ ਨਾਲ ਹੀ ਵਿਗਿਆਨ, ਖੁਰਾਕ-ਵਿਗਿਆਨ, ਰਹੱਸ, ਮਿੱਥ, ਦਰਸ਼ਨ, ਧਰਮ, ਅਤੇ ਖੇਡਾਂ ਨਾਲ ਸੰਬੰਧਤ ਵਿਸ਼ਵ-ਪੱਧਰੀ ਕਿਰਤਾਂ ਨੂੰ ਸੰਜੋਇਆ ਜਾਂਦਾ ਹੈ। ਇਸ ਵਾਰ ਦੇ ਅੰਕ ਨੂੰ 14 ਅਪ੍ਰੈਲ ਨੂੰ ਰਿਲੀਜ਼ ਕੀਤਾ ਗਿਆ ਸੀ।
ਸੰਮੇਲਨ ਦੀ ਸ਼ੁਰੂਆਤ ਮਕਰੰਦ ਦੇ ਪਹਿਲੇ ਪਤਰੇ ‘ਤੇ ਛੱਪੇ ਟਾਈਟਸ ਬੁਰਖ਼ਾਟ ਦੁਆਰਾ ਰਚਿਤ ਯੂਨੀਵਰਸੈਲਿਟੀ ਆਫ ਸੈਕਰਡ ਆਰਟ ਦੀ ਪੜ੍ਹਤ ਤੋਂ ਸ਼ੁਰੂ ਹੋਈ, ਜਿਸ ‘ਤੇ ਆਈ. ਐਸ. ਐਸ. ਆਰ. ਭੋਪਾਲ ਤੋਂ ਖੋਜਾਰਥੀ ਮੁਹੰਮਦ ਅਸਦ ਖਾਨ ਨੇ ਆਪਣੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਕਿਹਾ ਕਿ ਯੂਨੀਵਰਸੈਲਿਟੀ, ਦਾਰਸ਼ਨਿਕ ਸੰਕਲਪ ਯੂਨੀਵਰਸਲ (ਵਿਸ਼ਵ-ਵਿਆਪਕ) ਤੋਂ ਬਣਿਆ ਹੈ, ਜਿਸ ਦੀ ਸਮਝ ਲਈ ਇਸਦੇ ਵਿਰੋਧੀ ਸੰਕਲਪ ਵਿਸ਼ੇਸ਼ਕ ਦੀ ਸਮਝ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਕਲਾ ਅਤੇ ਪਵਿਤਰ ਕਲਾ ਦੀ ਵਿਸ਼ਵ-ਵਿਆਪਕਤਾ ਨੂੰ ਸਮਝਣ ਸਮੇਂ ਇਹਨਾਂ ਸੰਕਲਪਨਾ ਨੂੰ ਬੁਰਖ਼ਾਟ ਦੀ ਇਸ ਲਿਖਤ ਰਾਹੀਂ ਸਮਝਿਆ ਜਾ ਸਕਦਾ ਹੈ। ਇਸ ਤੋਂ ਬਾਅਦ ਲੇਖਕ ਅਤੇ ਸੰਪਾਦਕ ਹਰਜੋਤ ਕੌਰ ਨੇ ਭਗਵਾਨ ਸ੍ਰੀ ਰੰਮਾਨਾ ਮਹਾਂਰਿਸ਼ੀ ਰਚਿਤ ਹੂ ਐਮ ਆਈ ‘ਤੇ ਮੌਲਿਕ ਵਿਚਾਰ ਪੇਸ਼ ਕੀਤੇ। ਦਿੱਲੀ ਯੂਨੀਵਰਸਿਟੀ, ਨਵੀਂ ਦਿੱਲੀ ਤੋਂ ਹਰਮਨਗੀਤ ਕੌਰ ਨੇ ਸਲੈਵਟੋਰ ਰੋਸਾ ਰਚਿਤ ਚਿੱਤਰ ਡੈਮੋਕਰੀਟਿਸ ਇਨ ਮੈਡੀਟੇਸ਼ਨ ‘ਤੇ ਬੋਲਦਿਆਂ, ਪ੍ਰਾਚੀਨ ਯੂਨਾਨੀ ਫ਼ਲਸਫ਼ੇ ਵਿੱਚ ਡੈਮੋਕਰੀਟਿਸ ਦੇ ਸਥਾਨ ਅਤੇ ਦਰਸ਼ਨ ਵਿੱਚ ਉਸਦੇ ਯੋਗਦਾਨ ਬਾਬਤ ਸ੍ਰੋਤਿਆਂ ਨੂੰ ਜਾਣੂ ਕਰਵਾਇਆ। ਧਰਮ-ਅਧਿਐਨ ਵਿਭਾਗ, ਜਾਮੀਆ ਮਿਲੀਆ ਇਸਲਾਮੀਆ ਨਵੀਂ ਦਿੱਲੀ ਤੋਂ ਪੀਊਸ਼ ਕੁੱਕਰੇਤੀ ਨੇ ਪ੍ਰਸਿਧ ਫਰਾਂਸਿਸੀ ਚਿੰਤਕ ਰੋਲਾਂ ਬਾਰਥ ਦੇ ਲੇਖ ਚੇਂਜ ਦਾ ਅੋਬਜੈਕਟ ਇਟਸਿਲਫ਼: ਮਿਥੋਲੋਜੀ ਟੂਡੇ ‘ਤੇ ਬੋਲਦਿਆਂ ਸੰਰਚਨਾਵਾਦ ਦੇ ਮੁੱਖ ਆਧਾਰ ਅਤੇ ਬਾਰਥ ਦੀ ਪ੍ਰਤੀਕ ਬਾਬਤ ਸਮਝ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਖੋਜਾਰਥੀ ਕਾਜਲ ਨੇ ਗੁਸਤਾਵ ਮੋਰੋ ਰਚਿਤ ਥ੍ਰੇਸੀਅਨ ਗਰਲ ਕੈਂਰਿੰਗ ਦ ਹੈੱਡ ਆਫ ਓਰਫੀਅਸ ਅੋਨ ਹਿਜ਼ ਲਾਇਰ ਚਿੱਤਰ ਦੇ ਅਧਿਐਨ ਬਾਬਤ ਆਪਣੇ ਵਿਚਾਰ ਪੇਸ਼ ਕੀਤੇ। ਇਸੇ ਤਰ੍ਹਾਂ ਜਾਮੀਆ ਮਿਲਆ ਇਸਲਾਮੀਆ ਨਵੀਂ ਦਿੱਲੀ ਤੋਂ ਰਾਖੀ ਸ਼ਰਮਾ ਨੇ ਮਾਰੀ ਰੂਤੀ ਰਚਿਤ ਲੇਖ ਦ ਟਰੂ ਸੈਲਫ਼, ਅਮਰ ਸਿੰਘ ਕਾਲਜ ਕਸ਼ਮੀਰ ਤੋਂ ਲਵਲੀਨ ਕੌਰ ਨੇ ਪ੍ਰਸਿਧ ਦਾਰਸ਼ਨਿਕ ਥੋਮਸ ਹਾਬਸ ਦੇ ਲੇਖ ਆਫ਼ ਐਂਗਰ, ਅਮਰੀਕਾ ਤੋਂ ਡਾ. ਸਰਬ ਨੀਲਮ ਨੇ ਐਂਡਰੂ ਟ੍ਰਾਟਸਕੀ ਦੇ ਇੰਟਰਵਿਊ ਮਾਈ ਸਿਨੇਮਾ ਇਨ ਏ ਟਾਈਮ ਆਫ਼ ਟੈਲੀਵਿਜ਼ਨ, ਯੋਂ ਬੋਦੀਲੇਅਰ ਰਚਿਤ ਲੇਖ ਦ ਗੈਜਟ ਐਂਡ ਦ ਲੂਡਿਕ ਜਸਪ੍ਰੀਤ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, ਹਰਜੋਤ ਕੌਰ ਰਚਿਤ ਦ ਬਾਰਟਰ ‘ਤੇ ਮਨਿੰਦਰ ਕੌਰ ਖਾਲਸਾ ਕਾਲਜ ਅੰਮ੍ਰਿਤਸਰ, ਸ਼ਿਲੀਪਾ ਬੈਨਰਜੀ (ਜਾਮੀਆ ਮਿਲੀਆ ਇਸਲਾਮੀਆ, ਨਵੀਂ ਦਿੱਲੀ) ਤੋਂ ਮਾਇਕਲ ਮਾਰਡਰ ਰਚਿਤ ਵੈਜੀਟਲ ਫਰੈਂਡਸ਼ਿਪ ਲੇਖ ‘ਤੇ ਆਪਣੇ ਵਿਚਾਰ ਪੇਸ਼ ਕੀਤੇ।
ਰਾਯਤ ਬਾਹਰਾ ਯੂਨੀਵਰਸਿਟੀ ਤੋਂ ਜੈਦੀਪ ਸਿੰਘ ਨੇ ਰਾਬਰਟ ਲੋਲਰ ਰਚਿਤ ਦ ਜੈਨਿਸਸ ਆਫ਼ ਕਾਸਮੀਕ ਵੋਲੂਅਮਜ਼ ਲੇਖ ਨੂੰ ਮਹੱਤਵਪੂਰਨ ਮੰਨਦਾ ਇਹ ਨੁਕਤਾ ਪੇਸ਼ ਕੀਤਾ ਕਿ ਅਜਿਹੇ ਲੇਖਾਂ ਰਾਹੀਂ ਗਣਿਤ ਅਤੇ ਵਿਗਿਆਨ ਦੇ ਫ਼ਲਸਫ਼ੇ ਨੂੰ ਵਿਸ਼ੇਸ਼ ਤਰ੍ਹਾਂ ਨਾਲ ਸਮਝਿਆ ਜਾ ਸਕਦਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਿਹਗੜ੍ਹ ਸਾਹਿਬ ਤੋਂ ਨਵਦੀਪ ਸਿੰਘ ਨੇ ਡੀਨਾ ਸਿਮਿਓਸ ਗੂਹਾ ਰਚਿਤ ਲੇਖ ਫੂਡ ਇਨ ਵੈਦਿਕ ਟਰਾਡਿਸ਼ਨ ‘ਤੇ ਬੋਲਦਿਆਂ ਭਾਰਤੀ ਸੰਸਕ੍ਰਿਤੀ ਦੀ ਵਿਵਧਤਾਵਾਂ ਦੀ ਪ੍ਰਸੰਸਾ ਕੀਤਾ, ਉਨ੍ਹਾਂ ਤੋਂ ਬਾਅਦ ਇਤਿਹਾਸ ਵਿਭਾਗ, ਪੰਜਾਬੀ ਯੂਨੀਵਰਸਿਟੀ ਤੋਂ ਜਗਸੀਰ ਸਿੰਘ ਨੇ ਵਿਸ਼ਵ ਪ੍ਰਸਿਧ ਪ੍ਰਾਚੀਨ ਯੂਨਾਨੀ ਦਾਰਸ਼ਨਿਕ ਪਾਰਮੇਂਡਿਜ਼ ਰਚਿਤ ਦਾਰਸ਼ਨਿਕ ਕਵਿਤਾਵਾਂ ਦੀ ਵਿਆਖਿਆ ਕਰਦਿਆਂ, ਹੋਂਦ ਅਤੇ ਅਣਹੋਂਦ ਦੇ ਸੰਕਲਪ ਬਾਬਤ ਆਪਣੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਤੋਂ ਬਆਦ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਅਕਵਿੰਦਰ ਕੌਰ ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਪਵਨਪ੍ਰੀਤ ਕੌਰ ਨੇ ਇਸ ਵਾਰ ਦੇ ਅੰਕ ਲਈ ਚੁਣੇ ਗਏ ਉਕਤੀ ‘ਤੇ ਆਪਣੇ ਵਿਚਾਰ ਪੇਸ਼ ਕੀਤੇ। ਅੰਤ ਵਿੱਚ ਸੋਹਨਜੀਤ ਕੌਰ ਸੇਖੋਂ ਦੁਆਰਾ ਸਿਰਜੇ ਚਿਤਰਾਂ ਬਾਰੇ ਚਿੱਤਰਕਲਾ ਅਧਿਆਪਕ ਸੰਦੀਪ ਸਿੰਘ ਨੇ ਆਪਣੇ ਸੁਝਾਅ ਦਿੰਦਿਆਂ, ਭਾਰਤੀ ਚਿੱਤਰਕਲਾ ਬਾਬਤ ਗੱਲ ਕੀਤੀ।
ਪ੍ਰੋ. ਜਗਦੀਸ਼ ਸਿੰਘ ਡਾਇਰੈਕਟਰ ਨਾਦ ਪ੍ਰਗਾਸੁ ਸ੍ਰੀ ਅੰਮ੍ਰਿਤਸਰ ਨੇ ਸੰਮੇਲਨ ਸ਼ਾਮਿਲ ਕਲਾਕਾਰਾਂ, ਚਿੰਤਕਾਂ ਦੇ ਨਾਲ ਹੀ ਵੱਖ-ਵੱਖ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ, ਖੋਜਾਰਥੀਆਂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕਰਦਿਆਂ ਕਿਹਾ ਕਿ ਮਕਰੰਦ ਦਾ ਆਪਣਾ ਆਕਾਰ, ਪੜ੍ਹਤ ਦੀ ਪ੍ਰਕਿਰਿਆ ਦੌਰਾਨ ਜ਼ਾਹਿਰ ਹੁੰਦਾ ਹੈ, ਜਿਸ ਕਾਰਨ ਇਹ ਚੇਤਨਾ ਨੂੰ ਇਤਿਹਾਸਿਕ ਨਿਸ਼ਚਿਤਤਾ ਵਿੱਚਲੇ ਦਵੰਦਾਂ ਦਾ ਵਿਸ਼ਾ ਬਣਾਉਣ ਦੀ ਥਾਂ, ਉਸ ਨੂੰ ਪਾਰਦਰਸ਼ੀ ਪਰਾ-ਭੌਤਿਕਤਾ ਨਾਲ ਜੋੜਦਿਆਂ, ਸਮਕਾਲ ਦੇ ਸੱਚ ਦੇ ਬਹੁ-ਪਰਤੀਂ ਅਧਿਐਨ ਲਈ ਵੀ ਪ੍ਰੇਰਦਾ ਹੈ।
ਇਸ ਸੰਮੇਲਨ ਵਿੱਚ ਚਿੱਤਰਕਾਰ ਸੋਹਨਜੀਤ ਕੌਰ ਸੇਖੋਂ, ਡਾ. ਅੰਕਿਤਾ ਸੇਠੀ, ਆਈ. ਆਈ. ਟੀ. ਨਵੀਂ ਦਿੱਲੀ ਤੋਂ ਨਵਜੋਤ ਕੌਰ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਨਵੀਂ ਦਿੱਲੀ ਤੋਂ ਲਖਵੀਰ ਸਿੰਘ, ਦਿੱਲੀ ਯੂਨੀਵਰਸਿਟੀ, ਨਵੀਂ ਦਿੱਲੀ ਤੋਂ ਵਰਿੰਦਰ ਸਿੰਘ, ਸੁਖਦੇਵ ਸਿੰਘ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਗੁਰਦਿਆਲ ਸਿੰਘ ਤੇ ਹੀਰਾ ਸਿੰਘ, ਜਸਪਾਲ ਕੌਰ, ਅਤੇ ਗੁਰਪ੍ਰੀਤ ਕੌਰ, ਸੈਂਟਰਲ ਯੂਨੀਵਰਸਿਟੀ ਕਸ਼ਮੀਰ ਤੋਂ ਗੁਰਦੀਪ ਸਿੰਘ, ਡਾ. ਗੁਰਪ੍ਰੀਤ ਕੌਰ ਅਤੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਆਂਚਲ ਨੇ ਭਾਗ ਲਿਆ।
ਮੰਚ ਦਾ ਸੰਚਾਲਨ ਜਸਵਿੰਦਰ ਸਿੰਘ, ਖੋਜਾਰਥੀ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਨੇ ਕੀਤਾ।