ਪੰਜਾਬੀ ਯੂਨੀਵਰਸਿਟੀ ਪੁਸਤਕ ਮੇਲਾ ਅਤੇ ਸਾਹਿਤ ਉਤਸਵ 30 ਜਨਵਰੀ ਤੋਂ
ਪਟਿਆਲਾ , 28 ਜਨਵਰੀ 2024 : ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪਬਲੀਕੇਸ਼ਨ ਬਿਊਰੋ ਅਤੇ ਪੰਜਾਬੀ ਵਿਭਾਗ ਵੱਲੋਂ ਆਯੋਜਿਤ 'ਦਸਵਾਂ ਪੁਸਤਕ ਮੇਲਾ ਅਤੇ ਸਾਹਿਤ ਉਤਸਵ' ਮਿਤੀ 30 ਜਨਵਰੀ 2024 ਤੋਂ ਸ਼ੁਰੂ ਹੋ ਰਿਹਾ ਹੈ। ਇਹ ਮੇਲਾ 03 ਫ਼ਰਵਰੀ 2024 ਤੱਕ ਚੱਲੇਗਾ। ਪੰਜਾਬੀ ਯੂਨੀਵਰਸਿਟੀ ਦਾ ਇਹ ਪੰਜ-ਰੋਜ਼ਾ ਪੁਸਤਕ ਮੇਲਾ ਅਤੇ ਸਾਹਿਤ ਉਤਸਵ ਆਪਣੀ ਵਿਲੱਖਣ ਪਛਾਣ ਬਣਾ ਚੁੱਕਾ ਹੈ ਅਤੇ ਵਿਸ਼ੇਸ਼ ਤੌਰ ਉੱਤੇ ਮਾਲਵਾ ਖਿੱਤੇ ਵਿਚ ਇਸ ਦੀ ਉਡੀਕ ਬਣੀ ਰਹਿੰਦੀ ਹੈ।
ਪੰਜਾਬੀ ਵਿਭਾਗ ਦੇ ਮੁਖੀ ਪ੍ਰੋ. ਗੁਰਮੁਖ ਸਿੰਘ ਅਤੇ ਪਬਲੀਕੇਸ਼ਨ ਬਿਊਰੋ ਦੇ ਇੰਚਾਰਜ ਡਾ. ਪਰਮਜੀਤ ਕੌਰ ਬਾਜਵਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਮੇਲੇ ਦਾ ਉਦਘਾਟਨੀ ਸਮਾਰੋਹ 30 ਜਨਵਰੀ, 2024 ਨੂੰ ਸਵੇਰੇ 10:30 ਵਜੇ, ਪੰਡਾਲ ਵਾਲੀ ਮੁੱਖ ਸਟੇਜ ਉੱਤੇ ਹੋਵੇਗਾ। ਮੇਲੇ ਦਾ ਉਦਘਾਟਨ ਸ.ਗੁਰਮੀਤ ਸਿੰਘ ਖੁੱਡੀਆਂ, ਖੇਤੀਬਾੜੀ ਮੰਤਰੀ, ਪੰਜਾਬ ਸਰਕਾਰ ਕਰਨਗੇ। ਮੁੱਖ ਮਹਿਮਾਨ ਵਜੋਂ ਪਦਮਸ਼੍ਰੀ ਡਾ. ਸੁਰਜੀਤ ਪਾਤਰ ਸ਼ਾਮਿਲ ਹੋਣਗੇ ਅਤੇ ਮੁੱਖ ਭਾਸ਼ਣ ਪ੍ਰਸਿੱਧ ਚਿੰਤਕ ਡਾ. ਧਨਵੰਤ ਕੌਰ ਵੱਲੋਂ ਦਿੱਤਾ ਜਾਵੇਗਾ। ਇਸ ਉਦਘਾਟਨੀ ਸਮਾਰੋਹ ਵਿਚ ਵਿਸ਼ੇਸ਼ ਮਹਿਮਾਨ ਵਜੋਂ ਡਾ. ਕਮਲ ਕੁਮਾਰ ਗਰਗ ਐੱਮ. ਡੀ. ਵੇਰਕਾ ਅਤੇ ਪ੍ਰਸਿੱਧ ਪੰਜਾਬੀ ਫ਼ਿਲਮ ਅਦਾਕਾਰ ਕਰਮਜੀਤ ਅਨਮੋਲ ਸ਼ਾਮਿਲ ਹੋਣਗੇ।
ਵਾਈਸ ਚਾਂਸਲਰ ਪ੍ਰੋ. ਅਰਵਿੰਦ ਦੀ ਪ੍ਰਧਾਨਗੀ ਹੇਠ ਹੋਣ ਵਾਲੇ ਇਸ ਸਮਾਗਮ ਵਿੱਚ ਧੰਨਵਾਦੀ ਸ਼ਬਦ ਡੀਨ ਭਾਸ਼ਾਵਾਂ ਪ੍ਰੋਫ਼ੈਸਰ ਰਾਜੇਸ਼ ਕੁਮਾਰ ਸ਼ਰਮਾ ਸਾਂਝੇ ਕਰਨਗੇ। ਉਦਘਾਟਨੀ ਸਮਾਰੋਹ ਤੋਂ ਬਾਅਦ ‘ਸਾਹਿਤ-ਉਤਸਵ’ ਦੀ ਪਹਿਲੀ ਬੈਠਕ ਬਾਅਦ ਦੁਪਹਿਰ 1:30 ਵਜੇ ਸ਼ੁਰੂ ਹੋਵੇਗੀ, ਇਸ ਵਿਚ ਪ੍ਰਸਿੱਧ ਨਾਵਲਕਾਰ ਜਸਬੀਰ ਮੰਡ ਅਤੇ ਸੁਰਿੰਦਰ ਨੀਰ (ਜੰਮੂ) ਪਾਠਕਾਂ/ਸਰੋਤਿਆਂ ਦੇ ਰੂਬਰੂ ਹੋਣਗੇ। ਪਹਿਲੇ ਦਿਨ ਦੀ ਦੂਜੀ ਬੈਠਕ ਬਾਅਦ ਦੁਪਹਿਰ 3 ਵਜੇ ਸ਼ੁਰੂ ਹੋਵੇਗੀ। ਇਸ ਵਿਚ ਨਵੀਂ ਪੰਜਾਬੀ ਕਵਿਤਾ ਦੇ ਰੰਗ-ਰੂਪ ਉੱਤੇ ਚਰਚਾ ਹੋਵੇਗੀ। ਇਸ ਵਿਚ ਸ਼ਾਇਰ ਤਨਵੀਰ, ਕਿਰਤ, ਮਨਦੀਪ ਔਲਖ, ਕਰਨਜੀਤ ਕੋਮਲ, ਵਾਹਿਦ, ਬਲਵਿੰਦਰ ਸੰਧੂ ਅਤੇ ਗੁਰਪ੍ਰੀਤ ਮਾਨਸਾ ਭਾਗ ਲੈਣਗੇ। ਸ਼ਾਮ 4:30 ਸ਼ੁਰੂ ਹੋਣ ਵਾਲ਼ੀ ਸੰਗੀਤਕ ਸ਼ਾਮ ਵਿਚ ਪ੍ਰਸਿੱਧ ਪੰਜਾਬੀ ਗਾਇਕ ਸਿਕੰਦਰ ਸਲੀਮ ਪਾਠਕਾਂ/ਸਰੋਤਿਆਂ ਦਾ ਮਨੋਰੰਜਨ ਕਰਨਗੇ। ਇਸ ਮੇਲੇ ਵਿਚ ਪੰਜਾਬੀ ਯੂਨੀਵਰਸਿਟੀ ਨਾਲ ਸਬੰਧਿਤ 272 ਕਾਲਜ, ਇਲਾਕੇ ਦੇ ਸਕੂਲ ਅਤੇ ਸਾਹਿਤ-ਸਭਿਆਚਾਰ ਵਿੱਚ ਦਿਲਚਸਪੀ ਰੱਖਣ ਵਾਲੇ ਲੋਕ ਵੱਡੀ ਗਿਣਤੀ ਵਿਚ ਸ਼ਿਰਕਤ ਕਰ ਰਹੇ ਹਨ।