ਕਵਿਤਾ ਮਨੁੱਖ ਦੀ ਸੰਵੇਦਨਾ ਦਾ ਅੰਦਰੂਨੀ ਰੂਪ ਹੁੰਦਾ ਹੈ : ਸਵਰਨਜੀਤ ਸਵੀ
ਬੁੱਧ ਸਿੰਘ ਨੀਲੋਂ
ਲੁਧਿਆਣਾ, 18 ਜੁਲਾਈ 2021 - ਮਨੁੱਖੀ ਮਨ ਦੇ ਅੰਦਰ ਦੱਬੀਆਂ ਭਾਵਨਾਵਾਂ ਸਾਹਿਤ ਦੇ ਕਿਸੇ ਨਾ ਕਿਸੇ ਰੂਪ ਵਿੱਚ ਪਰਗਟ ਹੁੰਦੀਆਂ ਹਨ। ਕਵਿਤਾ ਮਨੁੱਖ ਦੀ ਸੰਵੇਦਨਾ ਦਾ ਅੰਦਰੂਨੀ ਪ੍ਰਗਟਾਵਾ ਹੁੰਦਾ ਹੈ । ਇਹ ਸ਼ਬਦ ਪੰਜਾਬੀ ਦੇ ਸ਼ਾਇਰ ਤੇ ਚਿੱਤਰਕਾਰ ਸਵਰਨਜੀਤ ਸਵੀ ਨੇ ਸੁਰਿੰਦਰਪਾਲ ਕੌਰ ਪਰਮਾਰ ਦਾ ਨਵਾਂ ਕਾਵਿ ਸੰਗ੍ਰਹਿ 'ਆਸਾਂ ਦੇ ਦੀਪ " ਲੋਕ ਅਰਪਣ ਕਰਦਿਆਂ ਕਹੇ ।ਉਹਨਾਂ ਕਿਹਾ ਕਿ ਪਰਮਾਰ ਦੀ ਕਵਿਤਾ ਸੰਵੇਦਨਸ਼ੀਲ ਮਨੁੱਖ ਦੀ ਕਵਿਤਾ ਹੈ ਇਸ ਵਿੱਚ ਔਰਤ ਮਰਦ ਦੋਵੇਂ ਸ਼ਾਮਿਲ ਹਨ।
ਅਰਟਕੇਵ ਲੁਧਿਆਣਾ ਵਿਖੇ ਕਰਵਾਏ ਗਏ ਰਿਲੀਜ਼ ਸਮਾਗਮ ਮੌਕੇ। ਜਸਵੀਰ ਝੱਜ ਨੇ ਸੁਰਿੰਦਰਪਾਲ ਕੌਰ ਪਰਮਾਰ ਦੀ ਪੁਸਤਕ ਦੀ ਜਾਣ ਪਹਿਚਾਣ ਕਰਵਾਉਂਦਿਆਂ ਕਿਹਾ ਕਿ ਇਹ ਕਵਿਤਾ ਪਰਮਾਰ ਦੇ ਜੀਵਨ ਦੇ ਸੰਘਰਸ਼ ਦੀ ਕਵਿਤਾ ਹੈ ।ਉਸਨੇ ਪੁਲਿਸ ਵਿਭਾਗ ਵਿੱਚ ਨੌਕਰੀ ਕਰਦਿਆਂ ਆਪਣੀ ਸੰਵੇਦਨਾ ਨੂੰ ਕਦੇ ਵੀ ਮਰਨ ਨਹੀਂ ਦਿੱਤਾ। ਸੁਰਿੰਦਰਪਾਲ ਕੌਰ ਪਰਮਾਰ ਨੇ ਆਪਣੇ ਜੀਵਨ ਤੇ ਕਾਵਿ ਸਿਰਜਣਾ ਬਾਰੇ ਗੱਲ ਕਰਦਿਆਂ ਕਿਹਾ ਕਿ ਉਸਦੇ ਜੀਵਨ ਵਿੱਚ ਸੁਖਾਂਤ ਦੇ ਪਲ ਘੱਟ ਤੇ ਦੁਖਾਂਤ ਦੇ ਪਲ ਸਦਾ ਹੀ ਭਾਰੁ ਰਹੇ ਪਰ ਉਸਨੇ ਆਪਣੀ ਕਾਵਿ ਸੰਵੇਦਨਾ ਨੂੰ ਕਦੇ ਵੀ ਮਰਨ ਨਹੀਂ ਦਿੱਤਾ।
ਉਸਨੇ ਆਪਣੀਆ ਚੋਣਵੀਆਂ ਕਵਿਤਾਵਾਂ ਵੀ ਸੁਣਾਈਆਂ। ਡਾ.ਗੁਲਜਾਰ ਸਿੰਘ ਪੰਧੇਰ ਨੇ ਕਿਹਾ ਇਹ ਕਵਿਤਾ ਇਕ ਸੰਘਰਸ਼ ਦੀ ਕਵਿਤਾ ਹੈ , ਜਿਹੜੀ ਮਨੁੱਖ ਨੂੰ ਪ੍ਰੇਰਨਾ ਦਿੰਦੀ ਹੈ। ਭਗਵਾਨ ਢਿੱਲੋਂ ਨੇ ਕਿਹਾ ਕਿ ਪਰਮਾਰ ਨੇ ਭਾਵੇਂ ਕਿਤਾਬ ਸੇਵਾ ਮੁਕਤੀ ਤੋਂ ਬਾਅਦ ਛਪਵਾਈ ਹੈ ਪਰ ਉਹਨਾਂ ਨੇ ਸਾਰਾ ਜੀਵਨ ਕਵਿਤਾ ਜੀਉ ਹੈ। ਬੁੱਧ ਸਿੰਘ ਨੀਲੋਂ ਕਿਹਾ ਆਸਾਂ ਦੇ ਦੀਪ ਕਵਿਤਾ ਮਨੁੱਖ ਨੂੰ ਜਿਉਣ ਦਾ ਬਲ ਬਖਸ਼ਦੀ ਹੈ ਤੇ ਮਨੁੱਖ ਨੂੰ ਦੁੱਖ ਤੋਂ ਪਾਰ ਲੈ ਜਾਂਦੀ ਐ। ਡਾ.ਪਰਮਜੀਤ ਸੋਹਲ ਨੇ ਕਿਹਾ ਕਿ ਪਰਮਾਰ ਦੀ ਕਵਿਤਾ ਜਿਉਂਦੇ ਮਨੁੱਖ ਦੀ ਕਹਾਣੀ ਹੈ ਜਿਹੜੀ ਆਸਹੀਣ ਮਨੁੱਖ ਨੂੰ ਉਤਸ਼ਾਹਤ ਦਿੰਦੀ ਹੈ। ਰੁਪਿੰਦਰ ਸਿੰਘ ਭੱਟੀ ਨੇ ਕਿਹਾ ਪਰਮਾਰ ਦਾ ਜੀਵਨ ਸੰਘਰਸ਼ ਦਾ ਪਰਤੀਕ ਬਣ ਗਿਆ ਹੈ ਜਿਹੜਾ ਹੋਰਨਾਂ ਨੂੰ ਦੁੱਖ ਵਿੱਚ ਮਜਬੂਤ ਰਹਿਣ ਲਈ ਰਾਹ ਦਸੇਰਾ ਬਣਦਾ ਹੈ ।
ਰਵਿੰਦਰ ਰਵੀ ਨੇ ਸਮਾਗਮ ਦੀ ਵੀਡੀਓ ਗ੍ਰਾਫੀਸਾਂ ਕਰਦਿਆਂ ਕਿਹਾ ਕਿ ਪਰਮਾਰ ਦੀ ਕਵਿਤਾ ਮਨੁੱਖ ਨੂੰ ਸਦਾ ਸੰਘਰਸ਼ ਕਰਨਾ ਦਸਦੀ ਹੈ। ਦਿਲਪ੍ਰੀਤ ਕੌਰ ਗਰੇਵਾਲ ਨੇ ਕਿਹਾ ਕਿ ਮੈਂ ਇਸ ਕਵਿਤਾ ਦੀ ਪਹਿਲੀ ਪਾਠਕ ਤੇ ਗਵਾਹ ਹਾਂ । ਤਰਲੋਚਨ ਝਾਂਡੇ ਨੇ ਪਰਮਾਰ ਦੇ ਕਾਲਜ ਦੇ ਦਿਨਾਂ ਦੀ ਬਾਤ ਪਾਈ ਤੇ ਕਿਹਾ ਕਿ ਇਹਨਾਂ ਦੇ ਅੰਦਰ ਚਿਣਗ ਸੀ। ਇਸ ਮੌਕੇ ਜਾਗੀਰ ਸਿੰਘ ਪ੍ਰੀਤ ,ਨਰਿੰਦਰ ਸਿੰਘ ਨਿੰਦੀ ਤੇ ਹੋਰ ਹਾਜਰ ਸਨ ।ਇਸ ਮੌਕੇ ਪਰਿਵਾਰ ਵਲੋਂ ਸਵਰਨਜੀਤ ਸਵੀ ਸਮੇਤ ਹਾਜਰ ਕਵੀਆਂ ਦਾ ਪੁਸਤਕ ਤੇ ਟਰਾਫੀ ਦੇਕੇ ਸਨਮਾਨ ਕੀਤਾ ਗਿਆ। ਰੁਪਿੰਦਰ ਸਿੰਘ ਭੱਟੀ ਨੇ ਸਭ ਦਾ ਧੰਨਵਾਦ ਕੀਤਾ।