ਭਾਸ਼ਾ ਵਿਭਾਗ ਪੰਜਾਬ ਨੇ ਕਰਵਾਇਆ ਤ੍ਰੈ ਭਾਸ਼ੀ ਕਵੀ ਦਰਬਾਰ
ਦੇਸ਼ ਦੀ ਏਕਤਾ, ਅਖੰਡਤਾ ਤੇ ਭਾਈਚਾਰਕ ਸਾਂਝ ਕਾਇਮ ਰੱਖਣ ਲਈ ਤ੍ਰੈ ਭਾਸ਼ੀ ਕਵੀ ਦਰਬਾਰ ਦੀ ਸਖਤ ਜਰੂਰਤ : ਡਾ. ਜਮੀਲ ਉਰ ਰਹਿਮਾਨ
ਸਾਹਿਤਕਾਰਾਂ ਨੂੰ ਅਪੀਲ ਕਿ ਸਾਹਿਤਕ ਸਮਾਗਮਾਂ ਸਮਾਗਮ ਨਿਰੰਤਰ ਕਰਵਾਉਣ ਤਾਂ ਜੋ ਨਵੀਂ ਪੀੜ੍ਹੀ ਸਾਹਿਤ ਨਾਲ ਜੋੜਿਆ ਜਾ ਸਕੇ : ਡਿਪਟੀ ਕਮਿਸ਼ਨਰ
ਮੁਹੰਮਦ ਇਸਮਾਈਲ ਏਸ਼ੀਆ,ਬਾਬੂਸ਼ਾਹੀ ਨੈਟਵਰਕ
ਮਲੇਰਕੋਟਲਾ 30 ਨਵੰਬਰ 2022:ਭਾਸ਼ਾ ਵਿਭਾਗ ਪੰਜਾਬ ਵੱਲੋਂ ਪੰਜਾਬ ਉਰਦੂ ਅਕਾਦਮੀ ਦੇ ਸਹਿਯੋਗ ਨਾਲ ਇਕਬਾਲ ਆਡੀਟੋਰੀਅਮ ਵਿਖੇ ਤ੍ਰੈ ਭਾਸ਼ੀ ਕਵੀ ਦਰਬਾਰ ਕਰਵਾਇਆ ਗਿਆ। ਇਸ ਤ੍ਰੈ ਭਾਸ਼ੀ ਕਵੀ ਦਰਬਾਰ ਵਿੱਚ ਮਾਲੇਰਕੋਟਲਾ ਤੋਂ ਵਿਧਾਇਕ ਡਾ. ਮੁਹੰਮਦ ਜਮੀਲ ਉਰ ਰਹਿਮਾਨ , ਡਿਪਟੀ ਕਮਿਸ਼ਨਰ ਸ੍ਰੀ ਸੰਯਮ ਅਗਰਵਾਲ ਨੇ ਸ਼ਿਰਕਤ ਕੀਤੀ। ਸਮਾਗਮ ਦੀ ਪ੍ਰਧਾਨਗੀ ਨਵਾਬ ਸ਼ੇਰ ਮੁਹੰਮਦ ਖਾਂ ਇੰਸਟੀਚਿਊਟ ਦੀ ਮੁਖੀ ਡਾ. ਰੁਬੀਨਾ ਸ਼ਬਨਮ ਨੇ ਕੀਤੀ। ਭਾਸ਼ਾ ਵਿਭਾਗ ਦੇ ਸਹਾਇਕ ਨਿਰਦੇਸ਼ਕ ਅਸ਼ਰਫ ਮਹਿਮੂਦ ਨੰਦਨ ਅਤੇ ਸੁਰਿੰਦਰ ਕੌਰ, ਜਿਲ੍ਹਾ ਭਾਸ਼ਾ ਅਫਸਰ ਸੰਗਰੂਰ ਰਣਜੋਧ ਸਿੰਘ ਨੇ ਮਹਿਮਾਨਾਂ ਨੂੰ ਬੂਟੇ ਪ੍ਰਦਾਨ ਕਰਕੇ ਸਵਾਗਤ ਕੀਤਾ। ਮੁੱਖ ਦਫਤਰ ਦੀ ਤਰਫੋਂ ਖੋਜ ਅਫਸਰ ਡਾ. ਸੁਖਦਰਸ਼ਨ ਸਿੰਘ ਚਹਿਲ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਕਿਹਾ ਤੇ ਵਿਭਾਗ ਦੀਆਂ ਯੋਜਨਾਵਾਂ ਤੇ ਸਰਗਰਮੀਆਂ ਬਾਰੇ ਚਾਨਣਾ ਪਾਇਆ। ਇਸ ਮੌਕੇ ਨੂਰ ਮੁਹੰਮਦ ਨੂਰ ਵੱਲੋਂ ਬਾਬਾ ਏ ਪੰਜਾਬੀ ਡਾ. ਫਕੀਰ ਮੁਹੰਮਦ ਫਕੀਰ ਦੀਆਂ ਚੋਣਵੀਆਂ ਰਚਨਾਵਾਂ ਤੇ ਅਧਾਰਤ ਸ਼ਾਹਮੁਖੀ ਤੋਂ ਗੁਰਮੁਖੀ ‘ਚ ਅਨੁਵਾਦ ਕੀਤੀ ਗਈ ਪੁਸਤਕ ‘ਕਲਾਮ ਏ ਫਕੀਰ’ ਵੀ ਰਿਲੀਜ਼ ਕੀਤੀ ਗਈ। ਇਸ ਮੌਕੇ ਵਿਭਾਗ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ।
ਇਸ ਮੌਕੇ ਮੁੱਖ ਮਹਿਮਾਨ ਵਿਧਾਇਕ ਡਾ. ਮੁਹੰਮਦ ਜ਼ਮੀਲ ਉਰ ਰਹਿਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਿੱਥੇ ਪੰਜਾਬੀ ਮਾਂ ਬੋਲੀ ਨੂੰ ਸੂਬੇ ਅਤੇ ਇਸ ਤੋਂ ਬਾਹਰ ਪ੍ਰਫੁੱਲਤ ਕਰਨ ਲਈ ਯਤਨ ਕੀਤੇ ਜਾ ਰਹੇ ਹਨ ਉੱਥੇ ਹੋਰਨਾਂ ਭਾਸ਼ਾਵਾਂ ਉਰਦੂ ਤੇ ਹਿੰਦੀ ਆਦਿ ਨੂੰ ਵੀ ਪੂਰਾ ਸਤਿਕਾਰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਭਾਸ਼ਾ ਵਿਭਾਗ ਵੱਲੋਂ ਉਕਤ ਤਿੰਨਾਂ ਭਾਸ਼ਾਵਾਂ ਦਾ ਸਾਂਝਾ ਕਵੀ ਦਰਬਾਰ ਕਰਵਾਉਣ ਨੂੰ ਸ਼ਲਾਘਾਯੋਗ ਕਦਮ ਦੱਸਦਿਆਂ ਕਿਹਾ ਕਿ ਦੇਸ਼ ਦੀ ਏਕਤਾ, ਅਖੰਡਤਾ ਤੇ ਭਾਈਚਾਰਕ ਸਾਂਝ ਕਾਇਮ ਰੱਖਣ ਲਈ ਅਜਿਹੇ ਸਮਾਗਮਾਂ ਦੀ ਸਖਤ ਜਰੂਰਤ ਹੈ। ਉਨ੍ਹਾਂ ਕਿਹਾ ਕਿ ਉਰਦੂ ਭਾਸ਼ਾ ਦੇ ਵਿਕਾਸ ‘ਚ ਜੋ ਦੁਸ਼ਵਾਰੀਆਂ ਸਾਹਮਣੇ ਆ ਰਹੀਆਂ ਹਨ ਉਨ੍ਹਾਂ ਨੂੰ ਦੂਰ ਕਰਨ ਲਈ ਉਹ ਵਿਧਾਨ ਸਭਾ ‘ਚ ਵੀ ਅਵਾਜ਼ ਉਠਾਉਣ ਤੋਂ ਵੀ ਪਿੱਛੇ ਨਹੀਂ ਹਟਣਗੇ।
ਡਿਪਟੀ ਕਮਿਸ਼ਨਰ ਸੰਯਮ ਅਗਰਵਾਲ ਨੇ ਕਿਹਾ ਕਿ ਜਿਲ੍ਹਾ ਪ੍ਰਸ਼ਾਸ਼ਨ ਹਮੇਸ਼ਾ ਸਾਹਿਤਕ ਸਮਾਗਮਾਂ ਕਰਵਾਉਣ ਵਿੱਚ ਪੂਰਨ ਸਹਿਯੋਗ ਦੇਵੇਗਾ ਤਾਂ ਜੋ ਨਵੀਂ ਪੀੜ੍ਹੀ ਸਾਹਿਤ ਨਾਲ ਜੋੜਿਆ ਜਾ ਸਕੇ। ਉਨ੍ਹਾਂ ਸਾਹਿਤਕਾਰਾਂ ਨੂੰ ਅਪੀਲ ਕੀਤੀ ਉਹ ਅਜਿਹੇ ਸਮਾਗਮ ਨਿਰੰਤਰ ਕਰਵਾਉਣ। ਸਮਾਗਮ ਦੀ ਪ੍ਰਧਾਨਗੀ ਕਰ ਰਹੇ ਡਾ. ਰੁਬੀਨਾ ਸ਼ਬਨਮ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਭਾਸ਼ਾ ਵਿਭਾਗ ਵੱਲੋਂ ਜਿਸ ਤਰ੍ਹਾਂ ਪੰਜਾਬੀ ਨੂੰ ਪ੍ਰਫੁੱਲਤ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ ਉਨ੍ਹਾਂ ਦੇ ਨਾਲ ਹੀ ਹਿੰਦੀ ਤੇ ਉਰਦੂ ਨੂੰ ਬਣਦਾ ਸਤਿਕਾਰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਸਮਾਗਮ ‘ਚ ਸ਼ਮੂਲ਼ੀਅਤ ਕਰਨ ਵਾਲੀਆਂ ਸ਼ਖਸ਼ੀਅਤਾਂ ਦਾ ਧੰਨਵਾਦ ਕੀਤਾ। ਕਵੀ ਦਰਬਾਰ ਦੌਰਾਨ ਨਾਮਵਰ ਸ਼ਾਇਰ ਨਾਸਿਰ ਨਕਵੀ, ਧਰਮ ਕੰਮੇਆਣਾ, ਜ਼ਮੀਰ ਅਲੀ ਜ਼ਮੀਰ, ਮਹਿਕ ਭਾਰਤੀ, ਨੂਰ ਮੁਹੰਮਦ ਨੂਰ, ਸੰਦੀਪ ਜੈਸਵਾਲ, ਰਹਿਮਾਨ ਸਈਅਦ, ਅਰਵਿੰਦ ਸੋਹੀ, ਡਾ. ਰਹਿਮਾਨ ਅਖਤਰ, ਸ਼ਹਿਨਾਜ਼ ਭਾਰਤੀ, ਡਾ. ਸਾਦਿਕ ਜਮੀਲ, ਡਾ. ਮੁਹੰਮਦ ਰਫੀ, ਸਰਦਾਰ ਪੰਛੀ ਅਤੇ ਅਨਵਾਰ ਅਜ਼ਹਰ ਨੇ ਆਪਣੀਆਂ ਰਚਨਾਵਾਂ ਰਾਹੀਂ ਰੰਗ ਬੰਨਿਆ। ਸਾਰੇ ਹੀ ਮਹਿਮਾਨਾਂ ਅਤੇ ਕਵੀਆਂ ਦਾ ਪੁਸਤਕਾਂ ਨਾਲ ਸਨਮਾਨ ਕੀਤਾ ਗਿਆ। ਮੰਚ ਸੰਚਾਲਨ ਅਸ਼ਰਫ ਮਹਿਮੂਦ ਨੰਦਨ ਨੇ ਕੀਤੀ। ਸਮਾਗਮ ਦੀ ਸਫਲਤਾ ਦੀ ਗੁਰਮੇਲ ਸਿੰਘ ਵਿਰਕ, ਜਗਦੇਵ ਸਿੰਘ, ਭੁਪਿੰਦਰ ਸਿੰਘ ਤੇ ਮਨਜੀਤ ਸਿੰਘ ਨੇ ਸਮਾਗਮ ਦੀ ਸਫਲਤਾ ਲਈ ਭਰਵਾਂ ਯੋਗਦਾਨ ਪਾਇਆ।