ਪੰਜਾਬੀ ਸ਼ਾਇਰ ਮਨਜੀਤ ਪੁਰੀ ਤੇ ਰੰਗਕਰਮੀ ਕੁਮਾਰ ਜਗਦੇਵ ਸਿੰਘ ਦਾ ਯੂ.ਕੇ. ਤੋਂ ਪਰਤਣ ਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਭਰਵਾਂ ਸਵਾਗਤ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ, 3 ਅਗਸਤ 2024 - ਏਸ਼ੀਆਈ ਸਾਹਿਤਕ ਤੇ ਸੱਭਿਆਚਾਰਕ ਫੋਰਮ ਯੂ.ਕੇ. ਵੱਲੋਂ ਸਾਊਥਾਲ ਦੇ ਡੋਰਮਰ ਵੈਲ ਹਾਈ ਸਕੂਲ ਚ ਪੰਜਾਬੀ ਅਦਬ ਦੀਆਂ ਨਵੀਆਂ ਸੰਭਾਵਨਾਵਾਂ ਤਲਾਸ਼ਣ ਦੇ ਅਹਿਮ ਏਜੰਡੇ ਤੇ ਸੰਵਾਦ ਰਚਾਉਣ ਲਈ ਮਰਹੂਮ ਸ਼ਾਇਰ ਸੁਰਜੀਤ ਪਾਤਰ ਦੀ ਯਾਦ ਨੂੰ ਸਮਰਪਿਤ ਕਰਵਾਇਆ ਗਿਆ ਅਦਬੀ ਮੇਲਾ ਸਾਰਥਕ ਸੰਵਾਦ, ਗਹਿਨ ਚਿੰਤਨ, ਨਿੱਘੀਆਂ ਮਿਲਣੀਆਂ, ਸ਼ਾਨਦਾਰ ਮੁਲਾਕਾਤਾਂ ਅਤੇ ਸਾਹਿਤ-ਸਭਿਆਚਾਰ ਦੇ ਵੰਨ-ਸੁਵੰਨੇ ਰੰਗ ਬਿਖੇਰਦਾ ਸੰਪੰਨ ਹੋਇਆ। ਮੇਲੇ ਦੇ ਸੂਤਰਧਾਰ ਅਜ਼ੀਮ ਸ਼ੇਖ਼ਰ, ਰਾਜਿੰਦਰਜੀਤ ਸਿੰਘ ਅਤੇ ਅਬੀਰ ਬੁੱਟਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਮੇਲਾ ਵਿਸ਼ਵੀ ਦੌਰ ਚ ਪੰਜਾਬੀ ਸਮਾਜ ਦੇ ਸਾਮ੍ਹਣੇ ਖੜੀਆਂ ਚੁਣੌਤੀਆਂ ਅਤੇ ਨਵੀਆਂ ਸੰਭਾਵਨਾਵਾਂ ਦੀ ਤਲਾਸ਼ ਵਿਚ ਸਾਰਥਕ ਚਿੰਤਨ ਦਾ ਪਲੇਟਫਾਰਮ ਬਣਿਆ ਹੈ।
ਇਸ ਦੋ ਦਿਨਾਂ ਮੇਲੇ ਤੋਂ ਪਰਤੇ ਫ਼ਰੀਦਕੋਟ ਸ਼ਹਿਰ ਦੇ ਵਸਨੀਕ ਅਤੇ ਅੰਤਰਰਾਸ਼ਟਰੀ ਪੱਧਰ `ਤੇ ਨਾਮ ਨਾਮਨਾ ਖੱਟਣ ਵਾਲੇ ਪੰਜਾਬੀ ਸ਼ਾਇਰ ਮਨਜੀਤ ਪੁਰੀ ਤੇ ਰੰਗਕਰਮੀ ਕੁਮਾਰ ਜਗਦੇਵ ਸਿੰਘ ਦਾ ਨੈਸ਼ਨਲ ਯੂਥ ਵੈਲਫੇਅਰ ਕਲੱਬ (ਰਜਿ.) ਫ਼ਰੀਦਕੋਟ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਫ਼ਰੀਦਕੋਟ ਪਹੁੰਚਣ ਤੋਂ ਪਹਿਲਾਂ ਅੰਮ੍ਰਿਤਸਰ ਏਅਰਪੋਰਟ ਤੋਂ ਫ਼ਰੀਦਕੋਟ ਆਉਂਦਿਆਂ ਰਸਤੇ ਵਿੱਚ ਸਾਹਿਤ ਵਿਚਾਰ ਮੰਚ ਧਰਮਕੋਟ ਅਤੇ ਸਾਹਿਤਕਾਰਾਂ ਦਾ ਕਮਰਾ, ਪਟਿਆਲਾ ਵੱਲੋਂ ਹਰੀ ਕੇ ਪੱਤਣ ਵਿਖੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਫ਼ਰੀਦਕੋਟ ਪਹੁੰਚਣ `ਤੇ ਕਲੱਬ ਦੇ ਪ੍ਰਧਾਨ ਗੁਰਚਰਨ ਸਿੰਘ,ਸਮੂਹ ਅਹੁਦੇਦਾਰਾਂ ਸਰਪ੍ਰਸਤ ਸੇਵਾ ਮੁਕਤ ਸਹਾਇਕ ਡਾਇਰੈਕਟਰ ਜਗਜੀਤ ਸਿੰਘ ਚਾਹਲ, ਲੋਕ ਗਾਇਕ ਹਰਿੰਦਰ ਸੰਧੂ, ਲੋਕ ਗਾਇਕ ਕੁਲਵਿੰਦਰ ਕੰਵਲ, ਲੋਕ ਗਾਇਕ ਸੁਰਜੀਤ ਗਿੱਲ,ਮੰਚ ਸੰਚਾਲਕ ਜਸਬੀਰ ਸਿੰਘ ਜੱਸੀ,ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਜਸਵਿੰਦਰਪਾਲ ਸਿੰਘ ਮਿੰਟੂ, ਲਿਟਰੇਰੀ ਫ਼ੋਰਮ ਫ਼ਰੀਦਕੋਟ ਦੇ ਪ੍ਰਧਾਨ ਸੁਨੀਲ ਚੰਦਿਆਣਵੀ,ਪੰਜਾਬ ਦੇ ਨਾਮਵਰ ਸ਼ਾਇਰ ਵਿਜੈ ਵਿਵੇਕ,ਪ੍ਰਸਿੱਧ ਕਹਾਣੀਕਾਰ ਗੁਰਮੀਤ ਕੜਿਆਲਵੀ, ਸ਼੍ਰੀ ਸੁਖਮਨੀ ਸਾਹਿਬ ਸੇਵਾ ਸਾਹਿਬ ਸੁਸਾਇਟੀ ਦੇ ਪ੍ਰਧਾਨ ਦਵਿੰਦਰ ਸਿੰਘ ਪੰਜਾਬ ਮੋਟਰਜ਼, ਲਾਇਨਜ਼ ਕਲੱਬ ਵਿਸ਼ਾਲ ਫ਼ਰੀਦਕੋਟ ਦੇ ਖਜ਼ਾਨਚੀ ਗੁਰਵਿੰਦਰ ਸਿੰਘ ਧੀਂਗੜਾ,ਲਾਇਨਜ਼ ਕਲੱਬ ਫ਼ਰੀਦਕੋਟ ਦੇ ਆਗੂ ਨਵਦੀਪ ਸਿੰਘ ਮੰਘੇੜਾ,ਰੋਟਰੀ ਕਲੱਬ ਫ਼ਰੀਦਕੋਟ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਰਾੜ ਵੱਲੋਂ ਉਹਨਾਂ ਨੂੰ ਨਿੱਘਾ ਜੀ ਆਇਆਂ ਆਖਿਆ ਗਿਆ।
ਦੋ ਦਿਨ ਚੱਲੇ ਇਸ ਮੇਲੇ ਚ ਮਨਜੀਤ ਪੁਰੀ ਨੇ ਆਪਣੇ ਕਲਾਮ ਨਾਲ ਸਰੋਤਿਆਂ ਨੂੰ ਝੂਮਣ ਲਾ ਦਿੱਤਾ। ਉਹਨਾਂ ਨੇ ਕਵੀ ਦਰਬਾਰ ਦਾ ਸੰਚਾਲਨ ਅਜਿਹੇ ਵੱਖਰੇ ਤੇ ਦਿਲਕਸ਼ ਅੰਦਾਜ਼ ਵਿੱਚ ਕੀਤਾ, ਜਿਸ ਦੀ ਭਰਪੂਰ ਸਲਾਘਾ ਕੀਤੀ ਗਈ।ਦੱਸਣਯੋਗ ਹੈ ਕਿ ਮਨਜੀਤ ਪੁਰੀ ਦੀ ਚਰਚਿਤ ਗਜ਼ਲ ਪੁਸਤਕ `ਕੁਝ ਤਿੜਕਿਆ ਤਾਂ ਹੈ` ਦੇ ਹੁਣ ਤੱਕ ਕਈ ਅਡੀਸ਼ਨ ਛਪ ਚੁੱਕੇ ਹਨ। ਉਹਨਾਂ ਨੇ ਆਲੋਚਨਾ ਦੇ ਖੇਤਰ ਚ `ਪ੍ਰਗਟ ਸਿੰਘ ਸਿੱਧੂ ਦਾ ਰਚਨਾਤਮਕ ਵਿਵੇਕ` ਅਤੇ ਇੱਕ ਅਨੁਵਾਦ ਪੁਸਤਕ `ਆਨੰਦੀ ਦੀ ਸਤਰੰਗੀ ਪੀਂਘ` ਪੰਜਾਬੀ ਸਾਹਿਤ ਦੀ ਝੋਲੀ ਪਾਈਆਂ। ਉਹਨਾਂ ਨੇ ਸੰਪਾਦਨ ਕਾਰਜ ਕਰਦਿਆਂ `ਕੁਮਾਰ ਜਗਦੇਵ- ਸ਼ਖਸ਼ੀਅਤ, ਸਿਰਜਣਾ ਅਤੇ ਸੰਵੇਦਨਾ` ਕਿਤਾਬ ਦਾ ਸੰਪਾਦਨ ਕੀਤਾ। ਉਹਨਾਂ ਦੀਆਂ ਕੁਝ ਹੋਰ ਕਿਤਾਬਾਂ ਵੀ ਆਉਣ ਵਾਲੇ ਸਮੇਂ ਵਿੱਚ ਛਪ ਰਹੀਆਂ ਹਨ। ਮਨਜੀਤ ਪੁਰੀ ਪੰਜਾਬੀ ਗਜ਼ਲ ਨੂੰ ਅੰਤਰਰਾਸ਼ਟਰੀ ਪੱਧਰ `ਤੇ ਮਾਣ ਦਵਾਉਣ ਵਾਲੇ ਪੰਜਾਬੀ ਦੇ ਮਾਣਮੱਤੇ ਸ਼ਾਇਰ ਹਨ। ਅੱਜਕੱਲ ਉਹ ਜ਼ਿਲ੍ਹਾ ਭਾਸ਼ਾ ਅਫ਼ਸਰ ਫ਼ਰੀਦਕੋਟ ਵਜੋਂ ਸੇਵਾਵਾਂ ਨਿਭਾ ਰਹੇ ਹਨ।
ਫਰੀਦਕੋਟ,ਪੰਜਾਬ ਤੋਂ ਨਾਮਵਰ ਸ਼ਾਇਰ, ਰੰਗਕਰਮੀ ਕੁਮਾਰ ਜਗਦੇਵ ਸਿੰਘ ਨੇ ਯੂ.ਕੇ. ਅਦਬੀ ਮੇਲੇ ’ਚ ਵਿਸ਼ੇਸ਼ ਬੁਲਾਵੇ ਤੇ ਸ਼ਿਰਕਤ ਕੀਤੀ। ਉਨ੍ਹਾਂ ਨੇ ਰੰਗਮੰਚ ਦੀ ਅਜੋਕੇ ਦੌਰ ’ਚ ਸਥਿਤੀ ਤੇ ਵਿਚਾਰ ਚਰਚਾ ’ਚ ਮੁੱਖ ਬੁਲਾਰਿਆਂ ਵਜੋਂ ਸ਼ਿਰਕਤ ਕੀਤੀ। ਬਤੌਰ ਸ਼ਾਇਰ, ਰੰਗਕਰਮੀ ਕੁਮਾਰ ਜਗਦੇਵ ਸਿੰਘ ਨੇ ਹਜ਼ਰੀਨ ਦਾ ਰੱਜਵਾਂ ਪਿਆਰ ਪ੍ਰਾਪਤ ਕੀਤਾ। ਇੱਥੇ ਜ਼ਿਕਰਯੋਗ ਹੈ ਕਿ ਰੰਗਕਰਮੀ/ਸ਼ਾਇਰ ਕੁਮਾਰ ਜਗਦੇਵ ਸਿੰਘ 2009 ’ਚ ਟਰਾਂਟੋ ਕਨੇਡਾ ਵਿਖੇ ਮਿਸ ਵਰਲਡ ਪੰਜਾਬਣ ਮੁਕਾਬਲੇ ਦੇ ਜੱਜਮੈਂਟ ਪੈਨਲ ’ਚ ਆਪਣੀ ਸੇਵਾਵਾਂ ਨਿਭਾ ਚੁੱਕੇ ਹਨ। ਉਹ ਉੱਚਕੋਟੀ ਦੇ ਸ਼ਾਇਰ/ਰੰਗਕਰਮੀ ਵਜੋਂ ਵਿਸ਼ੇਸ਼ ਪਹਿਚਾਣ ਰੱਖਦੇ ਹਨ।