ਸ੍ਰੀ ਅਨੰਦਪੁਰ ਸਾਹਿਬ, 20 ਅਪ੍ਰੈਲ 2021 - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਪ੍ਰਬੰਧ ਅਧੀਨ ਚੱਲ ਰਹੇ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ (ਆਟੋਨੌਮਸ ਕਾਲਜ ) ਵਿਖੇ ਬੀਬੀ ਜਗੀਰ ਕੌਰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵੱਲੋਂ ਇਕ ਵਿਸੇਸ਼ ਸਮਾਗਮ ਸਮੇਂ ਅੰਤਰਰਾਸ਼ਟਰੀ ਸਿੱਖ ਸਫ਼ਾਂ ਦੇ ਨਾਮਵਰ ਵਿਦਵਾਨ , ਦਾਨਿਸ਼ਵਰ ਤੇ ਸੂਝਵਾਨ ਸਿੱਖ ਚਿੰਤਕ ਸ. ਜੈਤੇਗ ਸਿੰਘ ਅਨੰਤ ਦੁਆਰਾ ਲਿਖੀ ਸੁਚਿੱਤਰ, ਬਹੁਰੰਗੀ ਪਹਿਲੀ ਕੌਫੀ ਟੇਬਲ "ਰਾਮਗੜ੍ਹੀਆ ਵਿਰਾਸਤ" ਪੁਸਤਕ ਰਿਲੀਜ਼ ਕੀਤੀ ਗਈ।
ਇਹ ਪੁਸਤਕ ਪੰਜਾਬੀ ਸਾਹਿਤ ਦੇ ਆਲਮੀ ਜਗਤ ਵਿਚਲੀਆਂ ਕੌਫੀ ਟੇਬਲ ਪੁਸਤਕਾਂ ਦੀ ਸ਼ੁਮਾਰ ਵਿਚ ਵੱਡੀ ਪਹਿਲਕਦਮੀ ਹੈ ।ਗਿਆਨ ਅਤੇ ਕਲਾ ਦੇ ਪਾਰਖੂ ਸ. ਅਨੰਤ ਜੀ ਦੀ ਅਣਥੱਕ ਘਾਲਣਾ ਇਸ ਪੁਸਤਕ ਵਿੱਚੋਂ ਡੁੱਲ੍ਹ- ਡੁੱਲ੍ਹ ਪੈਂਦੀ ਹੈ । ਇਸ ਵਿਚ ਰਾਮਗਡ਼੍ਹੀਆ ਕੌਮ ਦੇ ਧਾਰਮਿਕ, ਰਾਜਨੀਤਕ, ਵਿੱਦਿਅਕ ਪਸਾਰ ਅਤੇ ਮਹਾਨ ਸ਼ਖ਼ਸੀਅਤਾਂ ਦੀਆਂ ਕਾਮਯਾਬੀਆਂ ਨੂੰ ਅਮੋਲਕ ਵਿਰਾਸਤੀ ਰੰਗਤ ਦੇ ਕੇ ਸਾਂਭਿਆ ਗਿਆ ਹੈ ।
ਇਸ ਵਿੱਚ ਅੰਤਰਰਾਸ਼ਟਰੀ ਪੱਧਰ ਦੇ ਉੱਘੇ ਵਿਦਵਾਨਾਂ ਚਿੰਤਕਾਂ ਅਤੇ ਬੁੱਧੀਜੀਵੀਆਂ ਦੇ ਰਾਮਗੜ੍ਹੀਆ ਵਿਰਾਸਤ ਨਾਲ ਸਬੰਧਤ ਵੱਖੋ- ਵੱਖਰੇ ਖੋਜ ਭਰਪੂਰ ਪਰਚਿਆਂ ਨੂੰ ਸ਼ਾਮਲ ਕੀਤਾ ਗਿਆ ਹੈ । ਇਸ ਪੁਸਤਕ ਦੀ ਸਿਰਜਣਾ ਪਿੱਛੇ ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਅਤੇ ਇਸ ਦੇ ਪ੍ਰਧਾਨ ਸ. ਸੁਰਿੰਦਰ ਸਿੰਘ ਜੱਬਲ ਹੁਰਾਂ ਦੇ ਯੋਗਦਾਨ ਨੇ ਸੋਨੇ ਤੇ ਸੁਹਾਗੇ ਦਾ ਕੰਮ ਕੀਤਾ ਹੈ । ਇਸ ਉਚੇਰੀ ਕੌਫੀ ਟੇਬਲ ਪੁਸਤਕ ਨੂੰ ਰਿਲੀਜ਼ ਕਰਨ ਉਪਰੰਤ ਬੀਬੀ ਜਗੀਰ ਕੌਰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਾਮਵਰ ਸਿੱਖ ਵਿਦਵਾਨ ਸ. ਜੈਤੇਗ ਸਿੰਘ ਅਨੰਤ ਹੋਰਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਹ ਉਨ੍ਹਾਂ ਦੁਆਰਾ ਕੀਤਾ ਗਿਆ ਸ਼ਲਾਘਾ ਯੋਗ ਕਾਰਜ ਰਾਮਗਡ਼੍ਹੀਆ ਵਿਰਸੇ ਤੇ ਵਿਰਾਸਤ ਦੀ ਅਮੀਰੀ ਨੂੰ ਸਾਂਭਣ ਦਾ ਵੱਡਾ ਖ਼ਜ਼ਾਨਾ ਹੋਵੇਗਾ ।
ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਜਸਵੀਰ ਸਿੰਘ ਹੁਰਾਂ ਨੇ ਵਧਾਈ ਦਿੰਦਿਆਂ ਕਿਹਾ ਕਿ ਇਸ ਦੀ ਪ੍ਰਕਾਸ਼ਨਾ ਸਮਾਜ ਤੇ ਧਰਮ ਦੇ ਖੇਤਰ ਦੇ ਵਿਕਾਸ ਵਿਚ ਲਾਹੇਵੰਦ ਸਿੱਧ ਹੋਵੇਗੀ । ਇਸ ਪੁਸਤਕ ਸਬੰਧੀ ਕਾਲਜ ਦੇ ਧਰਮ ਅਧਿਐਨ ਵਿਭਾਗ ਦੇ ਮੁਖੀ ਡਾ. ਪਰਮਜੀਤ ਕੌਰ ਵੱਲੋਂ ਪੁਸਤਕ ਦੇ ਮੁਹਾਂਦਰੇ, ਬਣਤਰ ਅਤੇ ਸਮੁੱਚੀ ਸਿਰਜਣਾ ਸਬੰਧੀ ਜਾਣਕਾਰੀ ਦਿੱਤੀ ਗਈ । ਇਸ ਮੌਕੇ ਸ. ਸੁਖਮਿੰਦਰ ਸਿੰਘ, ਸਕੱਤਰ ,ਸਿੱਖਿਆ ਸ. ਸੁਖਬੀਰ ਸਿੰਘ, ਨਿੱਜੀ ਸਹਾਇਕ, ਸ੍ਰੀ ਅੰਮ੍ਰਿਤਸਰ ਅਤੇ ਇਲਾਕੇ ਦੀਆਂ ਨਾਮਵਰ ਸ਼ਖ਼ਸੀਅਤਾਂ ਪਤਵੰਤੇ ਸੱਜਣ ਵੀ ਹਾਜ਼ਰ ਸਨ । ਇਸ ਮੌਕੇ ਡਾ. ਮਨਿੰਦਰਜੀਤ , ਪ੍ਰੋ.ਜਗਪਿੰਦਰਪਾਲ ਸਿੰਘ ਅਤੇ ਡਾ. ਗੁਰਪ੍ਰੀਤ ਕੌਰ ਆਦਿ ਤੋਂ ਬਿਨਾਂ ਕਾਲਜ ਦਾ ਸਮੂਹ ਟੀਚਿੰਗ ਅਤੇ ਨਾਨ - ਟੀਚਿੰਗ ਸਟਾਫ਼ ਹਾਜ਼ਰ ਰਿਹਾ ।