ਸੀਨੀਅਰ ਸਿਟੀਜ਼ਨਜ਼ ਕੌਂਸਲ ਰੂਪਨਗਰ ਦਾ ਸੁਨਹਿਰੇ ਪਲ ਅੰਕ-30 ਹੋਇਆ ਲੋਕ ਅਰਪਣ
ਹਰੀਸ਼ ਕਾਲੜਾ
ਰੂਪਨਗਰ,02 ਮਈ 2022: ਸੀਨੀਅਰ ਸਿਟੀਜ਼ਨਜ਼ ਕੌਂਸਲ (ਰਜਿ.) ਰੂਪਨਗਰ ਵੱਲੋਂ ਬਜ਼ੁਰਗਾਂ ਦੀ ਮਹੀਨਾਵਾਰ ਮੀਟਿੰਗ ਮਿਊਂਸੀਪਲ ਕੌਂਸਲ ਰੂਪਨਗਰ ਦੇ ਕਮੇਟੀ ਹਾਲ ਵਿਖੇ ਬੀਤੀ ਸ਼ਾਮ ਹੋਈ। ਜਿਸ ਵਿੱਚ ਕੌਂਸਲ ਦੇ ਤਿਮਾਹੀ ਨਿਊਜ਼ ਲੈਟਰ "ਸੁਨਿਹਰੇ ਪਲ" ਅੰਕ-30 ਸਮੂਹਿਕ ਤੌਰ ਤੇ ਜਾਰੀ ਕੀਤਾ। ਮੀਟਿੰਗ ਦੀ ਪ੍ਰਧਾਨਗੀ ਇੰਜ. ਕਰਨੈਲ ਸਿੰਘ ਨੇ ਕੀਤੀ।
ਇੱਕ ਮਈ ਮਜ਼ਦੂਰ ਦਿਵਸ ਹੋਣ ਤੇ ਸੰਘਰਸ਼ੀ ਮਜ਼ਦੂਰਾਂ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਂਟ ਕੀਤੀ। ਸਾਲ 1886 'ਚ ਅਮਰੀਕਾ ਦੇ ਸ਼ਿਕਾਗੋ ਸ਼ਹਿਰ ਵਿਖੇ, ਮਜ਼ਦੂਰਾਂ ਵੱਲੋਂ ਆਪਣੀ ਡਿਊਟੀ ਦੇ ਅੱਠ ਘੰਟੇ ਦੀ ਸੀਮਾ ਤਹਿ ਕਰਨ ਸੰਬੰਧੀ ਸੰਘਰਸ਼ ਆਰੰਭਿਆ ਗਿਆ। ਜਿਸ ਬਾਰੇ ਕਿ ਬੀ.ਐਸ. ਸੈਣੀ ਸਲਾਹਕਾਰ, ਕੌਂਸਲ ਨੇ ਵਿਸਥਾਰਪੂਰਵਕ ਰੌਸ਼ਨੀ ਪਾਈ। ਕੌਂਸਲ ਵੱਲੋਂ ਐਚ.ਐਮ.ਟੀ. ਰਿਜ਼ੋਰਟ, ਬੇਲਾ ਰੋਡ, ਰੂਪਨਗਰ ਵਿਖੇ ਸਮੂਹਿਕ ਤੌਰ ਤੇ ਬਜ਼ੁਰਗਾਂ ਦੇ ਜਨਮ ਦਿਨ ਮਿਤੀ 12 ਮਈ 2022 ਨੂੰ ਸ਼ਾਮ 4 ਵਜੇ ਮਨਾਉਣ ਸੰਬੰਧੀ ਸੂਚਿਤ ਕੀਤਾ।
ਪੁਨੀਤ ਵਾਟਸ ਹੈਲਪ-ਏਜ਼-ਇੰਡੀਆ ਵੱਲੋਂ ਹਾਜ਼ਰੀਨ ਮੈਂਬਰਾਂ ਨੂੰ ਸੰਸਥਾ ਵੱਲੋਂ ਨਿਭਾਏ ਜਾ ਰਹੇ ਰੋਲ ਬਾਰੇ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਨੇ ਆਪਣੀ ਰਚਨਾ ਸੁਣਾ ਕੇ ਹਾਜ਼ਰੀਨ ਦਾ ਮਨੋਰੰਜਨ ਵੀ ਕੀਤਾ। ਬਜ਼ੁਰਗ ਜੋ ਘਰਾਂ ਵਿੱਚ ਇਕੱਲੇ ਰਹਿੰਦੇ ਹਨ, ਉਨ੍ਹਾਂ ਦਾ ਰਿਕਾਰਡ ਹੈਲਪ-ਏਜ਼-ਇੰਡੀਆ ਅਤੇ ਸੀਨੀਅਰ ਸਿਟੀਜ਼ਨਜ਼ ਕੌਂਸਲ (ਰਜਿ.) ਰੂਪਨਗਰ ਦੇ ਸਹਿਯੋਗ ਨਾਲ ਘਰੋਂ-ਘਰੀਂ ਜਾ ਕੇ, ਖ਼ਬਰਸਾਰ ਲੈਣ ਦੇ ਪ੍ਰਬੰਧ ਬਾਰੇ ਵਿਚਾਰ ਸਾਂਝੇ ਕੀਤੇ। ਕੌਂਸਲ ਵੱਲੋਂ ਉਨ੍ਹਾਂ ਨੂੰ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ। ਸ. ਭਾਗ ਸਿੰਘ ਮਦਾਨ ਨੇ ਆਪਣੀ ਦੇਸ਼ ਭਗਤੀ ਦੀ ਕਵਿਤਾ ਸੁਣਾ ਕੇ ਬਜ਼ੁਰਗਾਂ ਵਿੱਚ ਜ਼ੋਸ਼ ਭਰ ਦਿੱਤਾ। ਕੌਂਸਲ ਪ੍ਰਧਾਨ ਇੰਜ. ਕਰਨੈਲ ਸਿੰਘ ਨੇ ਆਏ ਮਹਿਮਾਨਾਂ ਦਾ ਸੁਆਗਤ ਕਰਦੇ ਹੋਏ, ਕੌਂਸਲ ਦੀਆਂ ਚੱਲ ਰਹੀਆਂ ਗਤੀਵਿਧੀਆਂ ਬਾਰੇ ਸੰਖੇਪ ਚਾਨਣਾ ਪਾਇਆ।
ਡਾ. ਉਂਕਾਰ ਗੁਪਤਾ, ਮੈਕਸ ਹਸਪਤਾਲ ਮੁਹਾਲੀ ਵੱਲੋਂ ਬਜ਼ੁਰਗਾਂ ਨੂੰ ਸਾਹ ਦੀਆਂ ਬੀਮਾਰੀਆਂ ਅਤੇ ਸਮੇਂ ਸਿਰ ਇਲਾਜ ਕਰਾਉਣ ਬਾਰੇ ਜਾਣਕਾਰੀ ਦੇਂਦੇ ਹੋਏ ਆਪਣੇ ਵਿਚਾਰ ਸਾਂਝੇ ਕੀਤੇ। ਕੌਂਸਲ ਵੱਲੋਂ ਉਨ੍ਹਾਂ ਦਾ ਮੋਮੈਂਟੋ ਦੇ ਕੇ ਸਨਮਾਨ ਕੀਤਾ ਗਿਆ। ਵਿਸ਼ੇਸ਼ ਤੌਰ ਤੇ ਸ. ਸੰਗਤ ਸਿੰਘ ਲੌਂਗੀਆ, ਪ੍ਰਧਾਨ ਬੇਲਾ ਕਾਲਜ ਨੇ ਸ਼ਿਰਕਤ ਕੀਤੀ ਅਤੇ ਆਪਣੀ ਜ਼ਿੰਦਗੀ ਦੇ ਤਜ਼ਰਬੇ ਬਜ਼ੁਰਗਾਂ ਨਾਲ ਸਾਂਝੇ ਕੀਤੇ। ਇੰਜ. ਕਰਨੈਲ ਸਿੰਘ ਜੀ ਪ੍ਰਧਾਨ ਨੇ ਦੱਸਿਆ ਕਿ ਸ੍ਰੀ ਦਲਜੀਤ ਸਿੰਘ ਐਡਵੋਕੇਟ ਜੋ ਕਿ ਸੰਸਥਾ ਦੇ ਸੀਨੀਅਰ ਉਪ ਪ੍ਰਧਾਨ ਹਨ। ਭਾਰਤ ਸਰਕਾਰ ਨੇ ਉਨ੍ਹਾਂ ਨੂੰ ਸੱਤਵੀਂ ਵਾਰ ਨੋਟਰੀ ਪਬਲਿਕ ਲਈ ਅਗਲੇ ਪੰਜ ਸਾਲਾਂ ਲਈ ਪ੍ਰਵਾਨਗੀ ਦਿੱਤੀ ਹੈ।
ਜ਼ਿਲ੍ਹਾ ਕਚਹਿਰੀਆਂ ਰੂਪਨਗਰ ਦੇ ਉਹ ਪਹਿਲੇ ਨੋਟਰੀ ਪਬਲਿਕ ਹਨ। ਕੌਂਸਲ ਨੂੰ ਉਨ੍ਹਾਂ ਉੱਤੇ ਬਹੁਤ ਮਾਣ ਹੈ। ਸ. ਸੁਰਿੰਦਰ ਸਿੰਘ ਤੋਗੜ ਸਟੇਜ਼ ਸਕੱਤਰ ਨੇ ਹਾਜ਼ਰੀਨ ਮੈਂਬਰਾਂ ਨੂੰ ਜਾਣੂ ਕਰਾਇਆ ਕਿ ਮਿਤੀ 29 ਅਪ੍ਰੈਲ 2022 ਨੂੰ ਰੂਪਨਗਰ ਵਿਖੇ ਫੈਡਸਨ-ਪੰਜਾਬ ਦੀ ਮੀਟਿੰਗ ਵਿੱਚ ਇੰਜ. ਕਰਨੈਲ ਸਿੰਘ ਦੇ ਕੰਮਾਂ ਦੀ ਪ੍ਰਗਤੀ ਨੂੰ ਵੇਖਦੇ ਹੋਏ, ਫੈਡਸਨ-ਪੰਜਾਬ ਵਿੱਚ ਸੀਨੀਅਰ ਉਪ ਪ੍ਰਧਾਨ ਨਿਯੁਕਤ ਕੀਤਾ ਅਤੇ ਸੀਨੀਅਰ ਸਿਟੀਜ਼ਨਜ਼ ਕੌਂਸਲ (ਰਜਿ.) ਰੂਪਨਗਰ ਵੱਲੋਂ ਪੰਜਾਬ ਵਿੱਚ ਵਧੀਆ ਸੇਵਾਵਾਂ ਨਿਭਾਉਣ ਬਦਲੇ ਪਹਿਲਾ ਇਨਾਮ 5000/- ਰੁਪਏ ਪ੍ਰਾਪਤ ਕੀਤਾ। ਜਿਸ ਦਾ ਰੂਪਨਗਰ ਕੌਂਸਲ ਨੂੰ ਬਹੁਤ ਮਾਣ ਹੈ।
ਸਮਾਗਮ ਨੂੰ ਸਫ਼ਲ ਬਣਾਉਣ ਲਈ ਸ. ਦਲਜੀਤ ਸਿੰਘ ਐਡਵੋਕੇਟ, ਮੈਡਮ ਭਗਵੰਤ ਕੌਰ, ਮੈਡਮ ਊਸ਼ਾ ਟੰਡਨ, ਸ. ਭਾਗ ਸਿੰਘ ਮਦਾਨ, ਸ. ਅਮਰਜੀਤ ਸਿੰਘ, ਸ. ਸੁਰਿੰਦਰ ਸਿੰਘ ਤੋਗੜ ਸ. ਗੁਰਬਖ਼ਸ਼ ਸਿੰਘ, ਸ. ਹਰਬੰਸ ਸਿੰਘ, ਪ੍ਰੇਮ ਸਿੰਘ ਪੜੀ ਨੇ ਸ਼ਮੂਲੀਅਤ ਕੀਤੀ। ਸਟੇਜ਼ ਦੀ ਭੂਮਿਕਾ ਸ. ਸੁਰਿੰਦਰ ਸਿੰਘ ਤੋਗੜ ਨੇ ਬਾਖੂਬੀ ਨਿਭਾਈ।