ਲੁਧਿਆਣਾ: 20 ਫਰਵਰੀ 2019 - ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ, ਲੁਧਿਆਣਾ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇ ਪਰਵਾਸੀ ਸਾਹਿਤ ਅਧਿਐਨ ਕੇਂਦਰ ਵਲੋਂ ਪਰਵਾਸੀ ਪੰਜਾਬੀ ਸਾਹਿਤ: ਗਲੋਬਲੀ ਪਰਿਪੇਖ ਵਿਸ਼ੇ ‘ਤੇ ਮਿਤੀ 21-22 ਫਰਵਰੀ 2019 ਨੂੰ ਦੋ ਰੋਜ਼ਾ ਅੰਤਰਰਾਸ਼ਟਰੀ ਕਾਨਫ਼ਰੰਸ ਦਾ ਆਯੋਜਨ ਕੀਤਾ ਜਾ ਰਿਹਾ ਹੈ।ਇਹ ਕਾਨਫ਼ਰੰਸ ਪੰਜਾਬ ਭਵਨ, ਸਰੀ (ਕੈਨੇਡਾ), ਸ਼ਾਸਤਰੀ ਇੰਡੋ ਕੈਨੇਡੀਅਨ ਇੰਸਟੀਚਿਊਟ, ਦਿੱਲੀ, ਇੰਡੋਜ਼ ਪੰਜਾਬੀ ਸਾਹਿਤ ਅਕੈਡਮੀ, ਆਸਟਰੇਲੀਆ, ਸਾਹਿਤ ਸੁਰ ਸੰਗਮ ਸਭਾ ਇਟਲੀ ਅਤੇ ਪ੍ਰਾਈਮ ਏਸ਼ੀਆ ਮੀਡੀਆ, ਕੈਨੇਡਾ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਹੈ।
ਗੁਜਰਾਂਵਾਲਾ ਖ਼ਾਲਸਾ ਐਜੂਕੇਸ਼ਨਲ ਕੌਸਲ ਦੇ ਆਨਰੇਰੀ ਜਨਰਲ ਸਕੱਤਰ ਤੇ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਡਾ.ਸ.ਪ.ਸਿੰਘ ਨੇ ਕਾਨਫ਼ਰੰਸ ਸੰਬੰਧੀ ਉਨਾਂ ਨੇ ਕਿਹਾ ਕਿ ਪਰਵਾਸੀ ਸਾਹਿਤ ਅਧਿਐਨ ਕੇਂਦਰ ਹੁਣ ਤੱਕ ਪਰਵਾਸੀ ਪੰਜਾਬੀ ਸਾਹਿਤ ‘ਤੇ ਅਧਾਰਿਤ ਸੱਤ ਪੁਸਤਕਾਂ ਪ੍ਰਕਾਸ਼ਿਤ ਵੀ ਕਰਵਾ ਚੁੱਕਾ ਹੈ ਤੇ ਅੱਗੇ ਤੋਂ ਵੀ ਅਜਿਹੇ ਯਤਨ ਹੁੰਦੇ ਰਹਿਣਗੇ।ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਾਡਾ ਮਨੋਰਥ ਇਹਨਾਂ ਕਾਨਫ਼ਰੰਸਾਂ ਰਾਹੀਂ ਪਰਵਾਸੀ ਪੰਜਾਬੀ ਸਾਹਿਤ ਨੂੰ ਸੰਜੀਦਗੀ ਨਾਲ ਅਧਿਐਨ ਤੇ ਵਿਸ਼ਲੇਸ਼ਣ ਦਾ ਹਿੱਸਾ ਬਣਾਉਣਾ ਹੈ ਅਤੇ ਪਰਵਾਸੀ ਸਾਹਿਤ ਲੇਖਕਾਂ, ਪਾਠਕਾਂ ਅਤੇ ਆਲੋਚਕਾਂ ਨੂੰ ਇਕ ਸਾਂਝਾ ਮੰਚ ਮੁਹੱਈਆ ਕਰਵਾਉਣਾ ਹੈ ਤਾਂ ਜੋ ਪਰਵਾਸੀ ਪੰਜਾਬੀ ਸਾਹਿਤ ਬਾਰੇ ਇਕ ਉਸਾਰੂ ਸੰਵਾਦ ਰਚਾਇਆ ਜਾ ਸਕੇ।ਉਹਨਾਂ ਨੇ ਇਸ ਗੱਲ ਦਾ ਵੀ ਐਲਾਨ ਕੀਤਾ ਕਿ ਅਗਲੇ ਸਾਲ 2020 ਨੂੰ ਹੋਣ ਵਾਲੀ ਕਾਨਫ਼ਰੰਸ ਵਿਚ ਪਰਵਾਸੀ ਸਾਹਿਤ ਚਿੰਤਨ, ਖੋਜ-ਕਾਰਜ ਤੇ ਪ੍ਰਕਾਸ਼ਨਾਵਾਂ ਵਿਚ ਵਡਮੁੱਲਾ ਯੋਗਦਾਨ ਪਾਉਣ ਵਾਲੇ ਨੂੰ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ।
ਉਹਨਾਂ ਨੇ ਇਹ ਵੀ ਜਾਣਕਾਰੀ ਦੇਂਦਿਆ ਮਾਣ ਮਹਿਸੂੁਸ ਕੀਤਾ ਕਿ 22 ਫਰਵਰੀ 2019 ਨੂੰ ਪਰਵਾਸੀ ਜੀਵਨ ‘ਤੇ ਅਧਾਰਿਤ ਲਘੂ ਫਿਲਮਾਂ ਨੂੰ ਜੀ.ਜੀ.ਐੱਨ.ਆਈ.ਐੱਮ.ਟੀ ਦੇ ਸਹਿਯੋਗ ਨਾਲ ਦਿਖਾਇਆ ਜਾਵੇਗਾ।
ਕਾਲਜ ਪ੍ਰਿੰਸੀਪਲ ਡਾ.ਅਰਵਿੰਦਰ ਸਿੰਘ ਭੱਲਾ ਨੇ ਇਸ ਕਾਨਫ਼ਰੰਸ ਸੰਬੰਧੀ ਜਾਣ-ਪਛਾਣ ਕਰਵਾਉਂਦਿਆ ਹੋਇਆਂ ਕਿਹਾ ਕਿ ਇਸ ਕਾਨਫ਼ਰੰਸ ਦੇ ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਮਾਣਯੋਗ ਸ.ਰਵਨੀਤ ਸਿੰਘ ਬਿੱਟੂ ਮੈਂਬਰ ਲੋਕ ਸਭਾ ਕਰਨਗੇ।ਪੰਜਾਬ ਭਵਨ ਸਰੀ, ਕੈਨੇਡਾ ਦੇ ਕੋਆਰਡੀਨੇਟਰ ਪ੍ਰੋ.ਗੁਰਭਜਨ ਸਿੰਘ ਗਿੱਲ ਕਾਨਫ਼ਰੰਸ ਦਾ ਉਦਘਾਟਨੀ ਅਤੇ ਉੱਘੇ ਵਿਦਵਾਨ ਡਾ.ਰਾਣਾ ਨਈਅਰ ਪੰਜਾਬ ਯੂਨਵਿਰਸਿਟੀ, ਚੰਡੀਗੜ੍ਹ ਕੁੰਜੀਵਤ ਭਾਸ਼ਣ ਦੇਣਗੇ।ਉਨ੍ਹਾਂ ਇਹ ਵੀ ਦੱਸਿਆ ਕਿ ਇਸ ਵਿਚ ਇੰਡੋ ਸ਼ਾਸਤਰੀ ਇੰਸਟੀਚਿਊਟ ਦੇ ਵਾਈਸ ਪ੍ਰੈਸੀਡੈਟ ਪ੍ਰੋ.ਜੋਹਨ ਰੀਡ ਤੇ ਡਾਇਰੈਕਟਰ ਪਰਾਚੀ ਕੌਲ, ਯੂਨੀਵਰਸਿਟੀ ਆਫ਼ ਬ੍ਰਿਿਟਸ਼ ਕੋਲੰਬੀਆ ਤੋਂ ਡਾ.ਐਨ ਮਰਫੀ, ਪੰਜਾਬ ਭਵਨ ਸਰੀ, ਕੈਨੇਡਾ ਦੇ ਸੰਸਥਾਪਕ ਸ.ਸੁੱਖੀ ਬਾਠ, ਪੰਜਾਬ ਸਾਹਿਤ ਅਕੈਡਮੀ, ਚੰਡੀਗੜ੍ਹ ਦੇ ਪ੍ਰਧਾਨ ਡਾ.ਸਰਬਜੀਤ ਕੌਰ ਸੋਹਲ, ਸ.ਗੁਰਭੇਜ ਗੁਰਾਇਆ ਸਕੱਤਰ, ਪੰਜਾਬੀ ਅਕੈਡਮੀ ਦਿੱਲੀ, ਵਿਸ਼ਵ ਪੰਜਾਬੀ ਕਾਨਫ਼ਰੰਸ ਦੇ ਚੇਅਰਮੈਨ ਸ.ਅਜੈਬ ਸਿੰਘ ਚੱਠਾ ‘ਤੇ ਪ੍ਰਾਈਮ ਏਸ਼ੀਆ ਮੀਡੀਆ ਦੇ ਸੀ.ਈ.ਓ ਸ.ਅਮਨ ਖਟਕੜ ਵਿਸ਼ੇਸ਼ ਮਹਿਮਾਨ ਦੇ ਤੋਰ ‘ਤੇ ਸ਼ਿਰਕਤ ਕਰਨਗੇ।
ਗੁਜਰਾਂਵਾਲਾ ਖ਼ਾਲਸਾ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਸ.ਗੁਰਸ਼ਰਨ ਸਿੰਘ ਨਰੂਲਾ ਨੇ ਕਿਹਾ ਕਿ ਸਾਡਾ ਪਰਵਾਸੀ ਸਾਹਿਤ ਅਧਿਐਨ ਕੇਂਦਰ ਪੰਜਾਬੀ ਭਾਸ਼ਾ, ਸਾਹਿਤ ਤੇ ਸਭਿਆਚਾਰ ਨੂੰ ਪ੍ਰੱਫੁਲਿਤ ਕਰਨ ਲਈ ਸਾਕਾਰਾਤਮਕ ਭੂਮਿਕਾ ਨਿਭਾਅ ਰਿਹਾ ਹੈ।
ਇਸ ਦੋ ਰੋਜ਼ਾ ਅੰਤਰਰਾਸ਼ਟਰੀ ਕਾਨਫ਼ਰੰਸ ਸੰਬੰਧੀ ਜਾਣਕਾਰੀ ਦੇਂਦਿਆਂ ਹੋਇਆਂ ਪ੍ਰੋ.ਗੁਰਭਜਨ ਸਿੰਘ ਗਿੱਲ ਸਾਬਕਾ ਪ੍ਰਧਾਨ ਪੰਜਾਬੀ ਸਾਹਿਤ ਅਕੈਡਮੀ, ਲੁਧਿਆਣਾ ਤੇ ਕੋਆਰਡੀਨੇਟਰ ਪੰਜਾਬ ਭਵਨ ਸਰੀ, ਕੈਨੇਡਾ ਨੇ ਕਿਹਾ ਕਿ ਇਸ ਸੰਸਥਾ ਦੇ ਪਰਵਾਸੀ ਸਾਹਿਤ ਅਧਿਐਨ ਕੇਂਦਰ ਨੇ ਦੋਹਾਂ ਧਰਾਤਲਾਂ ‘ਤੇ ਰਚੇ ਜਾ ਪੰਜਾਬੀ ਸਾਹਿਤ ਨੂੰ ਇਕ ਅਜਿਹਾ ਮੰਚ ਪ੍ਰਦਾਨ ਕੀਤਾ ਹੈ, ਜਿਸ ਦਾ ਉਦੇਸ਼ ਪੰਜਾਬੀ ਭਾਸ਼ਾ, ਸਾਹਿਤ ਤੇ ਸਭਿਆਚਾਰ ਨੂੰ ਦਰਪੇਸ਼ ਨਵੀਆਂ ਸੰਭਾਵਨਾਵਾਂ ਤੇ ਚੁਣੌਤੀਆਂ ਤੋਂ ਜਾਣੰੂ ਕਰਵਾਉਣਾ ਹੈ।
ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇ ਮੁਖੀ ਪ੍ਰੋ.ਸਰਬਜੀਤ ਸਿੰਘ ਨੇ ਦੱਸਿਆ ਕਿ ਇਸ ਕਾਨਫ਼ਰੰਸ ਵਿਚ ਵੱਖ-ਵੱਖ ਮੁਲਕਾਂ ਤੋਂ ਪਰਵਾਸੀ ਪੰਜਾਬੀ ਸਾਹਿਤਕਾਰ ਭਾਰੀ ਗਿਣਤੀ ਵਿਚ ਸ਼ਿਰਕਤ ਕਰਨਗੇ। 22 ਫਰਵਰੀ 2019 ਨੂੰ ਪਰਵਾਸੀ ਪੰਜਾਬੀ ਸਾਹਿਤਕਾਰਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ।ਜਿਸ ਦੀ ਪ੍ਰਧਾਨਗੀ ਸ੍ਰ.ਸ.ਸ.ਚੰਨੀ (ਆਈ.ਏ.ਐਸ) ਮੁੱਖ ਸੂਚਨਾ ਕਮਿਸ਼ਨਰ, ਪੰਜਾਬ ਕਰਨਗੇ।ਉਨ੍ਹਾਂ ਨੇ ਇਹ ਵੀ ਕਿਹਾ ਕਿ ਸਾਡੀ ਦਿਲੀ ਇੱਛਾ ਹੈ ਕਿ ਵੱਧ ਤੋਂ ਵੱਧ ਪਰਵਾਸੀ ਪੰਜਾਬੀ ਲੇਖਕ ਅਤੇ ਪਰਵਾਸੀ ਸਾਹਿਤ ਸਭਾਵਾਂ ਸਾਡੇ ਪਰਵਾਸੀ ਸਾਹਿਤ ਅਧਿਐਨ ਕੇਂਦਰ ਨਾਲ ਜੁੜਣ ਤਾਂ ਜੋ ਭਵਿੱਖ ਵਿਚ ਅਸੀਂ ਅਜਿਹੇ ਹੋਰ ਸਾਰਥਕ ਉਪਰਾਲੇ ਕਰ ਸਕੀਏ।
ਇਸ ਪ੍ਰੈਸ ਕਾਨਫ਼ਰੰਸ ਵਿਚ ਸ.ਕੁਲਜੀਤ ਸਿੰਘ, ਸ.ਭਗਵੰਤ ਸਿੰਘ, ਸ.ਹਰਦੀਪ ਸਿੰਘ ਕੌਸਲ ਦੇ ਅਹੁਦੇਦਾਰ ਵੀ ਮੌਜੂਦ ਰਹੇ।ਇਸ ਵਿਸ਼ੇਸ਼ ਮੌਕੇ ‘ਤੇ ਪਰਵਾਸੀ ਸਾਹਿਤ ਅਧਿਐਨ ਕੇਂਦਰ ਦੇ ਕੁਆਰਡੀਨੇਟਰ ਡਾ.ਤੇਜਿੰਦਰ ਕੌਰ ਅਤੇ ਪੰਜਾਬੀ ਵਿਭਾਗ ਦੇ ਡਾ.ਭੁਪਿੰਦਰ ਸਿੰਘ, ਡਾ.ਗੁਰਪ੍ਰੀਤ ਸਿੰਘ, ਪ੍ਰੋ.ਸ਼ਰਨਜੀਤ ਕੌਰ, ਪ੍ਰੋ.ਹਰਪ੍ਰੀਤ ਸਿੰਘ ਦੂਆ ਅਤੇ ਡਾ.ਮੁਨੀਸ਼ ਕੁਮਾਰ ਹਾਜਿਰ ਰਹੇ।