ਪੰਜਾਬ ਸੰਗੀਤ ਨਾਟਕ ਅਕਾਦਮੀ ਦੀ ਕਾਰਜਕਾਰਨੀ ਦਾ ਗਠਨ ਹੋਇਆ
ਚੰਡੀਗੜ੍ਹ, 23 ਜੂਨ 2021 - ਪੰਜਾਬ ਕਲਾ ਪਰਿਸ਼ਦ ਦੇ ਅਧੀਨ ਕਾਰਜਸ਼ੀਲ ਪੰਜਾਬ ਸੰਗੀਤ ਨਾਟਕ ਅਕਾਦਮੀ ਦੀ ਜਨਰਲ ਕੌਂਸਲ ਦੀ ਪਲੇਠੀ ਮੀਟਿੰਗ ਵਿਚ ਅਕਾਦਮੀ ਦੀ ਕਾਰਜਕਾਰਨੀ ਦੀ ਗਠਨ ਹੋ ਗਿਆ ਹੈ | ਸ਼੍ਰੋਮਣੀ ਰੰਗਕਰਮੀ ਕੇਵਲ ਧਾਲੀਵਾਲ ਦੀ ਪ੍ਰਧਾਨਗੀ ਹੇਠ ਪੰਜਾਬ ਕਲਾ ਭਵਨ ਵਿਚ ਹੋਈ ਮੀਟਿੰਗ ਵਿਚ ਨਿਰਮਲ ਜੌੜਾ ਮੀਤ ਪ੍ਰਧਾਨ ਅਤੇ ਪ੍ਰੀਤਮ ਰੁਪਾਲ ਸਕੱਤਰ ਚੁਣੇ ਗਏ | ਕੇਵਲ ਧਾਲੀਵਾਲ ਨੇ ਬਤੋਰ ਪ੍ਰਧਾਨ ਪਹਿਲਾ ਹੀ ਆਪਣਾ ਕਾਰਜ ਭਾਰ ਸੰਭਾਲ ਲਿਆ ਸੀ |
ਇਸ ਮੌਕੇ ਚੁਣੀ ਨਵੀ ਕਾਰਜਕਾਰਨੀ ਵਿਚ ਪੰਜਾਬ ਕਲਾ ਪਰਿਸ਼ਦ ਦੇ ਸਕੱਤਰ ਡਾਕਟਰ ਲਖਵਿੰਦਰ ਜੋਹਲ ਤੋਂ ਇਲਾਵਾ ਡਾਕਟਰ ਸਾਹਿਬ ਸਿੰਘ , ਸ਼੍ਰੀਮਤੀ ਜਸਵੰਤ ਦਮਨ , ਹਰਦਿਆਲ ਥੂਹੀ ਅਤੇ ਰਾਜਾ ਸਿੰਘ ਕਾਰਕਾਰਨੀ ਮੈਂਬਰ ਚੁਣੇ ਗਏ। ਮੀਟਿੰਗ ਵਿਚ ਉਘੇ ਫਿਲਮਕਾਰ ਅਤੇ ਗਾਇਕ ਕਰਮਜੀਤ ਅਨਮੋਲ , ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਡਾਕਟਰ ਗੁਰਸੇਵਕ ਲੰਬੀ , ਲੋਕ ਨਾਚ ਮਾਹਿਰ ਹਰਮਨਜੀਤ ਸਿੰਘ, ਹਰਿਜੰਦਰ ਰੰਗ ਅਤੇ ਰੰਗਕਰਮੀ ਇਕੱਤਰ ਸਿੰਘ ਨੇ ਬਤੌਰ ਮੈਂਬਰ ਸ਼ਮੂਲੀਅਤ ਕੀਤੀ |
ਪੰਜਾਬ ਕਲਾ ਪਰਿਸ਼ਦ ਦੇ ਮੀਡੀਆ ਇੰਚਾਰਜ ਨਿੰਦਰ ਘੁਗਿਆਣਵੀ ਨੇ ਦੱਸਿਆ ਕਿ ਹੋਈ ਮੀਟਿੰਗ ਵਿਚ ਪੰਜਾਬ ਸਰਕਾਰ ਦੀ ਸਰਬੱਤ ਸਿਹਤ ਦੀਆਂ ਯੋਜਨਾ ਤਹਿਤ , ਕਲਾਕਾਰਾਂ ਅਤੇ ਰੰਗਕਰਮੀਆਂ ਦਾ ਸਿਹਤ ਬੀਮਾ ਕਰਵਾਉਣ, ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਨਲਾਈਨ ਪ੍ਰੋਗਰਾਮ ਕਰਨ ਅਤੇ ਸੂਬੇ ਦੇ ਗਰੀਬ ਕਲਾਕਾਰਾਂ ਅਤੇ ਬੁਜੁਰਗ ਲੋੜਬੰਦ ਕਲਾਕਾਰਾਂ ਲਈ ਫੈਲੋਸ਼ਿਪ ਦੇਣ ਦਾ ਫੈਸਲਾ ਵੀ ਕੀਤਾ ਗਿਆ | ਪੰਜਾਬੀ ਨਾਟਕ , ਰੰਗਮੰਚ ਅਤੇ ਹੋਰ ਲੋਕ ਕਲਾਵਾਂ ਤੇ ਲੋਕ ਸੰਗੀਤ ਨੂੰ ਦੇਸ਼ ਦੇ ਹੋਰਨਾਂ ਹਿੱਸਿਆਂ ਵਿਚ ਪਹੁੰਚਣ ਲਈ ਇਸ ਸੰਬੰਧੀ ਪੁਸਤਕਾਂ ਦਾ ਹਿੰਦੀ ਵਿਚ ਅਨੁਵਾਦ ਕਰਵਾ ਕੇ ਪ੍ਰਕਾਸ਼ਿਤ ਕਰਨ ਲਈ ਵੀ ਫੈਸਲਾ ਕੀਤਾ ਗਿਆ|
ਨਿੰਦਰ ਘੁਗਿਆਣਵੀ
ਮੀਡੀਆ ਕੋਆ: ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ