ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਅੰਤਰ-ਰਾਸ਼ਟਰੀ ਔਰਤ ਦਿਵਸ ਮੌਕੇ ਵਿਦਿਆਰਥਣਾਂ ਦੇ ਭਾਸ਼ਨ ਮੁਕਾਬਲੇ
ਲੁਧਿਆਣਾ : 10 ਮਾਰਚ 2023 -
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਅੰਤਰ-ਰਾਸ਼ਟਰੀ ਔਰਤ ਦਿਵਸ ਨੂੰ ਸਮਰਪਿਤ
ਸਮਾਗਮ ਵਿਚ ‘ਸਮਾਜ ਵਿਚ ਮੇਰੀ ਭੂਮਿਕਾ ਕੀ ਹੋਵੇ?’ ਵਿਸ਼ੇ ’ਤੇ ਵਿਦਿਆਰਥੀਆਂ ਦੇ ਭਾਸ਼ਨ
ਮੁਕਾਬਲੇ ਕਰਵਾਏ ਗਏ।
ਸਵਾਗਤੀ ਸ਼ਬਦ ਬੋਲਦਿਆਂ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਡਾ. ਲਖਵਿੰਦਰ
ਸਿੰਘ ਜੌਹਲ ਨੇ ਕਿਹਾ ਕਿ ਔਰਤਾਂ ’ਚ ਆਪਣੇ ਅਧਿਕਾਰਾਂ ਅਤੇ ਕਾਨੂੰਨਾਂ ਬਾਰੇ ਚੇਤਨਾ ਦੀ
ਲੋੜ ਹੈ। ਨਰੋਏੇ ਸਮਾਜ ਦੀ ਸਿਰਜਣਾ ਲਈ ਆਪਣੀ ਵਧੀਆ ਭੂਮਿਕਾ ਨਿਭਾਉਣ ਪ੍ਰਤੀ ਸੁਹਿਰਦ
ਹੁੰਦੀਆਂ ਹਨ। ਉਨ੍ਹਾਂ ਕਿਹਾ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਔਰਤ ਦਿਵਸ
ਮੌਕੇ ਕਾਲਜ ਦੀਆਂ ਵਿਦਿਆਰਥਣਾਂ ਲਈ ਕਰਵਾਇਆ ਗਿਆ ਗਿਆ ਭਾਸ਼ਣ ਮੁਕਾਬਲਾ ਪੂਰੀ ਤਰ੍ਹਾ
ਸਫ਼ਲ ਰਿਹਾ। ਉਨ੍ਹਾਂ ਨੇ ਔਰਤ ਸ਼ਕਤੀਕਰਨ ਸੰਬੰਧੀ ਭਾਵਪੂਰਤ ਕਵਿਤਾਵਾਂ ਸਰੋਤਿਆਂ ਨਾਲ
ਸਾਂਝੀਆਂ ਕੀਤੀਆਂ।
ਮੁੱਖ ਮਹਿਮਾਨ ਵਜੋਂ ਪਹੁੰਚੇ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ
ਜੀ ਨੇ ਜੇਤੂ ਵਿਦਿਆਰਥਣਾਂ ਨੂੰ ਸਨਮਾਨਿਤ ਕਰਨ ਉਪਰੰਤ ਵਧਾਈ ਦਿੰਦੇ ਹੋਏ ਕਿਹਾ ਕਿ
ਭਵਿੱਖ ਵਿਚ ਪੰਜਾਬੀ ਸਾਹਿਤ ਅਕਾਡਮੀ ਵਲੋਂ ਔਰਤਾਂ ਦੀ ਮੌਲਿਕ ਸਿਰਜਣਾਤਮਿਕਤਾ ਨੂੰ ਹੋਰ
ਉਤਸ਼ਾਹਿਤ ਕਰਨ ਲਈ ਵੱਧ ਤੋਂ ਵੱਧ ਮੁਕਾਬਲੇ ਕਰਵਾਉਣ ਦੇ ਉਪਰਾਲੇ ਕੀਤੇ ਜਾਣ ਤਾਂ ਇਸਤਰੀ
ਜ਼ਾਤੀ ਦੇ ਹੁਨਰ ਵਿਚ ਹੋਰ ਵੀ ਨਿੱਖਰ ਕੇ ਬਾਹਰ ਆ ਸਕਣ। ਉਨ੍ਹਾਂ ਕਿਹਾ ਕਿ ਇਨ੍ਹਾਂ
ਮੁਕਾਬਲਿਆਂ ਵਿਚ ਗ਼ੈਰ-ਵਿਦਿਆਰਥੀ ਵਰਗ ਨੂੰ ਵੀ ਸ਼ਾਮਿਲ ਕਰਨਾ ਚਾਹੀਦਾ ਹੈ।
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ ਨੇ ਕਿਹਾ
ਕਿ ਔਰਤ ਨੂੰ ਸ਼ਕਤੀਕਰਨ ਦੀ ਥਾਂ ਸਵੈ-ਪਛਾਣ ਦਾ ਮਾਰਗ ਅਪਨਾਉਣਾ ਚਾਹੀਦਾ ਹੈ ਕਿਉਕਿ
ਸਵੈ-ਪਛਾਣ ਤੋਂ ਬਿਨਾਂ ਕਦੇ ਵੀ ਕਿਸੇੇ ਵੀ ਵਿਅਕਤੀ ਦਾ ਵਿਕਾਸ ਸੰਭਵ ਨਹੀਂ।
ਆਪਣੀ ਆਵਾਜ਼ ਦੇ ਮੁੱਖ ਸੰਪਾਦਕ ਤੇ ਪਰਵਾਸੀ ਲੇਖਕ ਸ. ਸੁਰਿੰਦਰ ਸਿੰਘ ਸੁੰਨੜ ਹੋਰਾਂ
ਆਪਣੀ ਕਵਿਤਾ ਰਾਹੀਂ ਔਰਤ ਮਰਦ ਬਰਾਬਰਤਾ ਦੀ ਗੱਲ ਕੀਤੀ। ਉਨ੍ਹਾਂ ਅਮਰੀਕਾ ਵਿਚ ਔਰਤਾਂ
ਦੀ ਆਜ਼ਾਦੀ ਬਾਰੇ ਚੱਲੇ ਅੰਦੋਲਨ ਬਾਰੇ ਅਤੇ ਨਾਰੀ ਸੁਸ਼ਕਤੀਕਰਨ ਦੇ ਹੋ ਰਹੇ ਕਾਰਜਾਂ
ਬਾਰੇ ਚਰਚਾ ਕੀਤੀ।
ਡਾ. ਗੁਰਚਰਨ ਕੌਰ ਕੋਚਰ ਨੇ ਆਦਮੀ ਅਤੇ ਔਰਤ ਨੂੰ ਇਕ ਦੂਜੇ ਦੇ ਪੂਰਕ ਹੋਣ ਬਾਰੇ
ਦਸਦਿਆਂ ਕਿਹਾ ਕਿ ਮਰਦ ਪ੍ਰਧਾਨ ਸਮਾਜ ਵਿਚ ਔਰਤ ਮਰਦ ਦੇ ਬਰਾਬਰ ਤਾਂ ਹੀ ਆ ਸਕਦੀ ਹੈ
ਜੇਕਰ ਉਸ ਨੂੰ ਜ਼ਿੰਦਗੀ ਦੇ ਹੋਰ ਮੋੜ ’ਤੇ ਮਰਦ ਦਾ ਸੁਹਿਰਦ ਸਾਥ ਨਸੀਬ ਹੋਵੇ।
ਉਨ੍ਹਾਂ ਰੂੜੀਵਾਦੀ ਪ੍ਰੰਪਰਾਵਾਂ ਨੂੰ ਪੂਰੀ ਤਰ੍ਹਾਂ ਨਕਾਰਿਆ ਜੋ ਔਰਤ ਨੂੰ ਵਸਤੂ ਅਤੇ
ਮੰਨੋਰੰਜਨ ਦਾ ਸਾਧਨ ਸਮਝਦੀਆਂ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਪ੍ਰੋਫ਼ੈਸਰ ਡਾ.
ਜਗਦੀਸ਼ ਕੌਰ ਹੋਰਾਂ ਕਿਹਾ ਕਿ ਔਰਤ ਦਾ ਸਾਲਾਨਾ ਨਹੀਂ ਹਰ ਦਿਨ ਹੁੰਦਾ ਹੈ। ਅਸੀਂ ਜੋ
ਹਾਂ ਜਿਵੇਂ ਹਾਂ ਉਸੇ ਤਰ੍ਹਾਂ ਹੀ ਸਾਨੂੰ ਸਵੀਕਾਰਨਾਂ ਚਾਹੀਦਾ ਹੈ। ਔਰਤ ਹਮੇਸ਼ਾ ਸਿਰਜਣ
ਦੇ ਧੁਰੇ ਹੈ ਸਾਨੂੰ ਆਪਣੀ ਭੂਮਿਕਾ ਆਪ ਹੀ ਤੈਅ ਕਰਨੀ ਪਵੇਗੀ। ਬਰਿਸਬੇਨ (ਆਸਟਰੇਲੀਆ
ਵਾਦੀ ਲੋਕ-ਧਾਰਾ ਮਾਹਿਰ) ਸ੍ਰੀਮਤੀ ਗੁਰਮੀਤ ਕੌਰ ਸੰਧਾ ਨੇ ਬਹੁਤ ਹੀ ਖ਼ੂਬਸੂਰਤ ਲੋਕਗੀਤ
ਤਰੰਨੁਮ ’ਚ ਸੁਣਾਉਦਿਆਂ ਕਿਹਾ ਕਿ ਸਾਨੂੰ ਅਹਿਦ ਕਰਨਾ ਚਾਹੀਦਾ ਹੈ ਕਿ ਅਸੀਂ ਸਮਾਜ ਨੂੰ
ਬਦਲਣਾ ਹੈ। ਨਵੀਆਂ ਸਿਰਜਣਾ ਕਰੀਏ।
ਪੰਜਾਬੀ ਕਹਾਣੀਕਾਰਾ ਸ੍ਰੀਮਤੀ ਇੰਦਰਜੀਤਪਾਲ ਕੌਰ ਨੇ ਕਿਹਾ ਸਾਨੂੰ ਆਪਣੀਆਂ
ਜਿੰਮੇਂਵਾਰੀਆਂ ਨਿਭਾਉਦੇ ਹੋਏ ਆਪਣੀ ਖ਼ੁਸ਼ੀ ਲਈ ਵੀ ਜਿਉਣਾ ਚਾਹੀਦਾ ਹੈ। ਉੱਘੀ ਲੇਖਿਕਾ
ਤੇ ਰੰਗਕਰਮੀ ਬੀਬਾ ਕੁਲਵੰਤ ਨੇ ਆਪਣੀ ਕਵਿਤਾ ਰਾਹੀਂ ਔਰਤ ਪ੍ਰਤੀ ਹੋ ਰਹੇ ਵਿਤਕਰੇ
ਨੂੰ ਬਦਲਣ ਦਾ ਜ਼ੋਰ ਦਿੱਤਾ। ਪੰਜਾਬੀ ਕਵੀ ਤ੍ਰੈਲੋਚਨ ਲੋਚੀ ਨੇ ਆਪਣੀ ਕਵਿਤਾਵਾਂ
ਤਰੁੰਨਮ ’ਚ ਸੁਣਾ ਕੇ ਭਰਵੀਂ ਹਾਜ਼ਰੀ ਲਵਾਈ। ਉਨ੍ਹਾਂ ਕਿਹਾ, ‘ਕਿਤਾਬਾਂ ਤੇ ਕੁੜੀਆਂ
ਤੋਂ ਸੱਖਣੇ ਜੋ ਘਰ ਨੇ, ਉਹ ਘਰ ਕਾਹਦੇ ਘਰ ਨੇ ਉਹ ਦਰ ਕਾਹਦੇ ਦਰ ਨੇ। ਉੱਘੇ ਫ਼ੋਟੋ
ਕਲਾਕਾਰ ਤੇ ਲੇਖਕ ਸ. ਜਨਮੇਜਾ ਸਿੰਘ ਜੌਹਲ ਹੋਰਾਂ ਔਰਤ ਦਿਵਸ ’ਤੇ ਬੋਲਦਿਆਂ ਕਿਹਾ ਕਿ
ਔਰਤਾਂ ਕੋਲ ਮੋਹ ਦਾ ਸਰਮਾਇਆ ਹੁੰਦੀਆਂ ਹਨ ਜੋ ਉਹ ਉਮਰ ਭਰ ਵੰਡਦੀਆਂ ਹਨ।
ਉਨ੍ਹਾਂ ‘ਮੈਡਮ ਕਿਊਰੀ’ ਅਤੇ ਕਮਲਾ ਦਾਸ ਦੀ ਸਵੈਜੀਵਨੀ ‘ਮਾਈ ਸਟੋਰੀ’ੋ ਪੁਸਤਕਾਂ ਹਰ ਔਰਤ ਨੂੰ
ਪੜ੍ਹਨ ਲਈ ਕਿਹਾ। ਸਟਾਕਟਨ (ਅਮਰੀਕਾ) ਤੋਂ ਆਏ ਕਵੀ ਕੁਲਵੰਤ ਸਿੰਘ ਸੇਖੋਂ ਨੇ ਮਾਂ
ਬਾਰੇ ਭਾਵਪੂਰਤ ਗ਼ਜ਼ਲ ਸਾਂਝੀ ਕੀਤੀ। ਅਕਾਡਮੀ ਦੇ ਦਫ਼ਤਰ ਸਕੱਤਰ ਸ੍ਰੀ ਕੇ. ਸਾਧੂ ਸਿੰਘ,
ਲਾਇਬ੍ਰੇਰੀਅਨ ਸੁਰਿੰਦਰ ਕੌਰ ਅਮਨ ਨੇ ਆਪਣੀ ਕਵਿਤਾ ਸੁਣਾਈ। ਪੰਜਾਬੀ ਕਹਾਣੀਕਾਰ
ਸੁਰਿੰਦਰ ਦੀਪ ਨੇ ਕਿਹਾ ਔਰਤ ਸਿਰਜਣਹਾਰ ਹੈ ਪਰ ਔਰਤਾਂ ਦੀ ਸੁਰੱਖਿਆ ਅੱਜ ਵੀ ਵੱਡਾ
ਮੁੱਦਾ ਹੈ। ਸ਼ਾਇਦ ਹੀ ਐਸਾ ਕੋਈ ਖੇਤਰ ਹੋਵੇ ਜਿਥੇ ਔਰਤਾਂ ਮਰਦਾਂ ਦੇ ਬਰਾਬਰ ਕੰਮ ਨਾ
ਕਰਦੀਆਂ ਹੋਣ। ਔਰਤਾਂ ’ਚ ਏਨੀ ਸਮਰੱਥਾ ਹੁੰਦੀ ਹੈ ਕਿ ਘਰ ਸੰਭਾਲਣ ਤੋਂ ਲੈ ਕੇ ਦੇਸ਼ ਵੀ
ਸੰਭਾਲ ਸਕਦੀਆਂ ਹਨ।
ਅੰਤਰ-ਕਾਲਜ ਭਾਸ਼ਣ ਮੁਕਾਬਲੇ ਵਿਚ ਸਰਕਾਰੀ ਕਾਲਜ ਲੜਕੀਆਂ ਦੀ ਵਿਦਿਆਰਥਣ ਸੁਖਦੀਪ ਕੌਰ
ਨੇ ਪਹਿਲਾ ਇਨਾਮ ਹਾਸਿਲ ਕੀਤਾ ਜਿਸ ਨੂੰ ਅਕਾਡਮੀ ਵਲੋਂ ਟਰਾਫ਼ੀ ਤੇ ਪੁਸਤਕਾਂ ਦਾ ਸੈੱਟ
ਦਿੱਤਾ ਗਿਆ। ਦੂਸਰਾ ਇਨਾਮ ਲਵਲੀ ਪ੍ਰੋਫ਼ੈਸ਼ਨ ਯੂਨੀਵਰਸਿਟੀ ਦੀ ਜਗਪ੍ਰੀਤ ਕੌਰ ਸਰਾਂ ਨੇ
ਅਤੇ ਤੀਸਰਾ ਇਨਾਮ ਪਿ੍ਰਅੰਕਾ ਵਰਮਾ ਬੀ.ਸੀ.ਐ੍ਮ. ਕਾਲਜ ਆਫ਼ ਐਜੂਕੇਸ਼ਨ ਲੁਧਿਆਣਾ ਨੇ
ਹਾਸਿਲ ਕੀਤਾ। ਇਨ੍ਹਾਂ ਨੂੰ ਪੁਸਤਕਾਂ ਦੇ ਸੈੱਟ ਅਤੇ ਸਰਟੀਫਿਕੇਟ ਦਿੱਤੇ ਗਏ। ਸਮਾਗਮ
ਮੌਕੇ ਡਾ. ਜਗਦੀਸ਼ ਕੌਰ ਅਤੇ ਸ੍ਰੀਮਤੀ ਗੁਰਮੀਤ ਕੌਰ ਸੰਧਾ ਨੇ ਨਿਰਣਾਇਕ ਵਜੋਂ ਭੂਮਿਕਾ
ਨਿਭਾਈ ਅਤੇ ਡਾ. ਦੇਵਿੰਦਰ ਦਿਲਰੂਪ ਨੇ ਬਾਖ਼ੂਬੀ ਮੰਚ ਸੰਚਾਲਨ ਕਰਦਿਆਂ ਸ਼ਿਅਰੋ ਸ਼ਾਇਰੀ
ਕੀਤੀ। ਇਸ ਮੌਕੇ ਕਾਫ਼ੀ ਗਿਣਤੀ ਵਿਚ ਲੇਖਕ ਅਤੇ ਸਰੋਤੇ ਹਾਜ਼ਰ ਸਨ।