ਡਾ.ਧਰਮ ਚੰਦ ਵਾਤਿਸ਼ ਦਾ ਕਾਵਿ - ਸੰਗ੍ਰਹਿ 'ਪੇਪਰਵੇਟ ਘੁੰਮਦਾ ਰਿਹਾ' ਰਿਲੀਜ਼
ਮੁਹੰਮਦ ਇਸਮਾਈਲ ਏਸ਼ੀਆ/ ਹਰਮਿੰਦਰ ਭੱਟ
ਮਲੇਰਕੋਟਲਾ 24 ਫਰਵਰੀ ,2022 - ਕੌਮਾਂਤਰੀ ਮਾਤ ਭਾਸ਼ਾ ਦਿਵਸ ਦੇ ਮੌਕੇ ਤੇ ਪੰਜਾਬ ਆਰਟਸ ਕੌਸਲ ਚੰਡੀਗੜ੍ਹ ਵੱਲੋਂ ਡਾ ਧਰਮ ਚੰਦ ਵਾਤਿਸ਼ ਦਾ ਕਾਵਿ ਸੰਗ੍ਰਹਿ 'ਪੇਪਰਵੇਟ ਘੁੰਮਦਾ ਰਿਹਾ :ਨੂੰ ਰਿਲੀਜ਼ ਕਰਨ ਦੀ ਰਸਮ ਅਦਾ ਕੀਤੀ ਗਈ। ਇਸ ਨੂੰ ਪੰਜਾਬ ਆਰਟਸ ਕੌਸਲ ਚੰਡੀਗੜ੍ਹ ਦੇ ਚੇਅਰਮੈਨ ਪਦਮ ਸ੍ਰੀ ਸੁਰਜੀਤ ਪਾਤਰ, ਵਾਇਸ ਚੇਅਰਮੈਨ ਡਾ ਯੋਗਰਾਜ, ਜਨਰਲ ਸਕੱਤਰ ਡਾ ਲਖਵਿੰਦਰ ਸਿੰਘ ਜੌਹਲ ਅਤੇ ਉੱਘੀ ਲੇਖਕਾ ਡਾ ਸਰਬਜੀਤ ਸੋਹਲ ਅਤੇ ਨਿਰਮਲ ਜੌੜਾ ਨੇ ਰਿਲੀਜ਼ ਕੀਤਾ।
ਉਨ੍ਹਾਂ ਦਾ ਸਾਥ ਹੋਰ ਪਤਵੰਤੇ ਸੱਜਣਾਂ ਨੇ ਵੀ ਦਿੱਤਾ। ਇਸ ਕਿਤਾਬ ਲਈ ਮੁਬਾਰਕਾਂ ਦਿੰਦਿਆਂ ਹੋਇਆ ਚੇਅਰਮੈਨ ਡਾ ਪਾਤਰ ਅਤੇ ਵਾਇਸ ਚੇਅਰਮੈਨ ਡਾ ਯੋਗਰਾਜ ਨੇ ਕਿਹਾ ਕਿ ਡਾ ਧਰਮ ਚੰਦ ਵਾਤਿਸ਼ ਪੰਜਾਬੀ ਮਾਂ ਬੋਲੀ ਦੇ ਅਣਥੱਕ ਸੇਵਕ ਹਨ ਜੋ ਆਪਣੀ ਕਾਲਜ ਸੇਵਾ ਮੁਕਤੀ ਤੋਂ ਬਾਅਦ ਨਿਰੰਤਰ ਮਾਂ ਬੋਲੀ ਦੇ ਸਰਵਪੱਖੀ ਵਿਕਾਸ ਕਰਨ ਲਈ ਵਚਨਬੱਧ ਹਨ।
ਉਨ੍ਹਾਂ ਉਮੀਦ ਜ਼ਾਹਿਰ ਕੀਤੀ ਕਿ ਡਾ ਧਰਮ ਚੰਦ ਵਾਤਿਸ਼ ਅੱਗੋਂ ਲਈ ਵੀ ਮਾਂ ਬੋਲੀ ਪੰਜਾਬੀ ਲਈ ਆਪਣੀਆਂ ਮੌਲਿਕ ਸਿਰਜਨਾਵਾਂ ਮਾਂ ਬੋਲੀ ਦੀ ਝੋਲੀ ਪਾਉਂਦੇ ਰਹਿਣਗੇ। ਡਾ ਯੋਗਰਾਜ ਨੇ ਇਹ ਵੀ ਦੱਸਿਆ ਕਿ ਇਸ ਪੁਸਤਕ ਵਿੱਚੋਂ ਛੰਦ - ਬਧ ਕਵਿਤਾ, ਗ਼ਜ਼ਲ - ਨੁਮਾ, ਖੁਲ਼ੀ ਕਵਿਤਾ ਗੀਤ-ਕਾਵਿ ਆਦਿ ਵਿਭਿੰਨ ਕਾਵਿ ਵਿਧਾਵਾਂ ਦਾ ਆਨੰਦ ਮਾਣਿਆ ਜਾ ਸਕਦਾ ਹੈ।ਸਮਕਾਲੀ ਘਟਨਾਵਾਂ ਨੂੰ ਬਾਖੂਬੀ ਕਵਿਤਾਇਆ ਗਿਆ ਹੈ। ਇੰਝ ਇਹ ਪੁਸਤਕ ਸੰਭਾਲਨ ਯੋਗ ਅਤੇ ਪੜ੍ਹਨ ਯੋਗ ਦਸਤਾਵੇਜ਼ ਪ੍ਰਤੀਤ ਹੁੰਦੀ ਹੈl