ਪਾਸ਼ ਅਤੇ ਪਾਤਰ ਸਕੇ ਭਰਾ
ਰੇਤਾ ਦੇ ਟਿੱਬਿਆਂ ਵਿੱਚ
ਸਾਡਾ ਜਨਮ ਦੋਹਾਂ ਦਾ ਹੋਇਆ ਸੀ।
ਸਾਨੂੰ ਦੇਖ ਮਾਂ ਦਾ ਚਿਹਰਾ
ਹੱਸਿਆ ਤੇ ਫਿਰ ਰੋਇਆ ਸੀ ।
ਹੱਸਿਆ ਇਸ ਲਈ ਜੱਗ ਵਿੱਚ ਰਹਿਜੂ ਚੱਲਦਾ ਵੰਸ਼ ਅਸਾਡਾ ਇਹ।
ਰੋਇਆ ਇਸ ਲਈ
ਕਿੰਜ ਕੱਟਣਗੇ ਜੀਵਨ ਪੰਧ ਦੁਰਾਡਾ ਇਹ ।
ਨਾ ਤਾਂ ਉਸ ਦਿਨ ਸਾਡੇ ਚਾਚੇ
ਪੈਰ ਵਤਨ ਵਿਚ ਪਾਇਆ ਸੀ।
ਨਾ ਹੀ ਕਿਧਰੇ ਸਾਡਾ ਬਾਪੂ
ਜੇਲ੍ਹੋਂ ਛੁੱਟ ਕੇ ਆਇਆ ਸੀ ।
ਉਸ ਨੂੰ ਰਹੀ ਉਡੀਕ ਖਤਾਂ ਦੀ
ਮੈਨੂੰ ਰਹੀ ਜਵਾਬਾਂ ਦੀ।
ਉਸ ਚਿੜੀਆ ਦੇ ਜ਼ਖ਼ਮ ਪਲ਼ੋਸੇ ,
ਮੈਂ ਰਿਹਾ ਟੋਹ ਵਿੱਚ ਬਾਜ਼ਾਂ ਦੀ ।
ਮੈ ਗਾਲ੍ਹਾਂ ਦੀ ਡਿਗਰੀ ਕੀਤੀ
ਤੇ ਉਸ ਕੀਤੀ ਰਾਗਾਂ ਦੀ।
ਉਹ ਰਾਗਾਂ ਦੇ ਨਾਲ ਹੈ ਸੌਂਦਾ
ਮੈਨੂੰ ਲੋੜ ਨਾ ਸਾਜ਼ਾਂ ਦੀ ।
ਮੇਰੀ ਹਿੱਕ ਵਿਚ ਪੱਥਰ ਉੱਗਦੇ
ਉਸਦੀ ਹਿੱਕੜੀ ਬਾਗਾਂ ਦੀ।
ਉਹ ਫੁੱਲਾਂ ਦੀ ਛਾਵੇਂ ਬਹਿੰਦਾ,
ਤੇ ਮੈਂ ਫਨੀਅਰ ਨਾਗਾ ਦੀ ।
ਚੱਲਦੇ ਚੱਲਦੇ ਰਾਹਾਂ ਦੇ ਵਿਚ
ਆਇਆ ਐਸਾ ਇਕ ਪੜਾਅ।
ਰੁਲਦੇ ਰੁਲਦੇ ਰੁਲ ਗਏ ਯਾਰੋ,
ਮੈਂ ਤੇ ਪਾਤਰ ਸਕੇ ਭਰਾ ।
"ਇੱਕ ਪਾਸ਼ ਇਹ ਵੀ" ਵਿੱਚ ਅੰਕਿਤ ਪਾਸ਼ ਦੀ ਇੱਕ ਕਵਿਤਾ ਦਾ ਟੋਟਾ
ਸ਼ਮਸ਼ੇਰ ਸਿੰਘ ਸੰਧੂ ਦੀ ਲਿਖੀ ਯਾਦਾਂ ਆਧਾਰਿਤ ਪੁਸਤਕ ਹੈ ਇਹ।
ਚੇਤਨਾ ਪ੍ਰਕਾਸ਼ਨ , ਪੰਜਾਬੀ ਭਵਨ ਲੁਧਿਆਣਾ ਦੀ ਪ੍ਰਕਾਸ਼ਨਾ ਹੈ।