ਕਰਤਾਰਪੁਰ ਸਾਹਿਬ ਨੂੰ ਬਣਨ ਵਾਲੇ ਗੁਰੂ ਨਾਨਕ ਮਾਰਗ ਨਾਲ ਯੂਨਾਈਟਡ ਸਿੱਖ ਮਿਸ਼ਨ ਅਮਰੀਕਾ ਦਾ ਸੁਪਨਾ ਪੂਰਾ ਹੋਇਆ - ਢੀਂਡਸਾ
ਬਟਾਲਾ 1 ਦਸੰਬਰ 2018 -ਯੂਨਾਈਟਿਡ ਸਿੱਖ ਮਿਸ਼ਨ ਲਾਸ ਐਂਜਲਸ ਅਮਰੀਕਾ ਦੇ ਮੁੱਖ ਪ੍ਰਬੰਧਕ ਰਛਪਾਲ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਡੇਰਾ ਬਾਬਾ ਨਾਨਕ ਤੋਂ ਕਰਤਾਰਪੁਰ ਸਾਹਿਬ(ਪਾਕਿਸਤਾਨ) ਤੀਕ ਬਣਨ ਵਾਲੇ ਗੁਰੂ ਨਾਨਕ ਮਾਰਗ ਨਾਲ ਸਾਡੇ ਮਿਸ਼ਨ ਦਾ ਪਹਿਲਾ ਪੜਾਅ ਸੰਪੂਰਨ ਹੋ ਗਿਆ ਹੈ।
ਅੱਜ ਬਟਾਲਾ ਵਿਖੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ: ਢੀਂਡਸਾ ਨੇ ਕਿਹਾ ਕਿ 2005 ਤੋਂ ਅਮਰੀਕਾ ਚ ਵੱਸਦੇ ਚੋਣਵੇਂ ਸਿੱਖ ਭਾਈਚਾਰੇ ਨਾ ਇਸ ਪਾਵਨ ਮਾਰਗ ਦਾ ਸੁਪਨਾ ਲਿਆ ਸੀ ਜਿਸ ਵਾਸਤੇ ਸ: ਕੁਲਦੀਪ ਸਿੰਘ ਵਡਾਲਾ,ਸ: ਸੁਖਜਿੰਦਰ ਸਿੰਘ ਰੰਧਾਵਾ ਸ: ਨਿਰਮਲ ਸਿੰਘ ਕਾਹਲੋਂ ਨੇ ਭਰਪੂਰ ਯੋਗਦਾਨ ਦਿੱਤਾ। ਕਾਹਲੋਂ ਸਾਹਿਬ ਨੇ 2010 ਚ ਪੰਜਾਬ ਅਸੈਂਬਲੀ ਦਾ ਇਸ ਅਮਨ ਲਾਂਘੇ ਲਈ ਪਹਿਲਾ ਮਤਾ ਪਾਸ ਕਰਵਾਇਆ।
ਸ: ਅਵਤਾਰ ਸਿੰਘ ਮੱਕੜ ਦੀ ਪ੍ਰਧਾਨਗੀ ਹੇਠ ਸ਼੍ਰੋਮਣੀ ਕਮੇਟੀ ਨੇ ਵੀ ਯੂਨਾਈਟਡ ਸਿੱਖ ਮਿਸ਼ਨ ਦਾ ਸਾਥ ਦੇ ਕੇ ਮਤਾ ਪਾਸ ਕੀਤਾ।
ਬਟਾਲੇ ਦੀ ਧਰਤੀ ਤੇ ਹੀ 2010 ਚ ਕੋਟਲਾ ਸ਼ਾਹੀਆ ਵਿਖੇ ਹੋਏ ਪ੍ਰੋ: ਮੋਹਨ ਸਿੰਘ ਯਾਦਗਾਰੀ ਮੇਲੇ ਚ ਹਜ਼ਾਰਾਂ ਲੋਕਾਂ ਦੇ ਭਰਵੇਂ ਇਕੱਠ ਨਾ ਲਾਂਘੇ ਲਈ ਮਤਾ ਪਾਸ ਕੀਤਾ। ਇਸ ਮਹਾਨ ਦੇਣ ਨੂੰ ਯੂਨਾਈਟਡ ਸਿੱਖ ਮਿਸ਼ਨ ਹਮੇਸ਼ਾਂ ਯਾਦ ਰੱਖੇਗਾ।
ਇਸ ਮੌਕੇ ਡਾ: ਸਤਿਨਾਮ ਸਿੰਘ ਨਿੱਝਰ, ਡਾ: ਸਤਿੰਦਰ ਕੌਰ ਨਿੱਝਰ, ਪ੍ਰਿੰਸੀਪਲ ਕੁਲਵੰਤ ਕੌਰ ਗਿੱਲ, ਪ੍ਰੋ: ਸੁਖਵੰਤ ਸਿੰਘ ਗਿੱਲ, ਗੁਰਭਜਨ ਗਿੱਲ ਨੇ ਯੂਨਾਈਟਿਡ ਸਿੱਖ ਮਿਸ਼ਨ ਵੱਲੋਂ ਛਾਪੇ ਗਏ ਬੁਲੇਟਿਨ ਗੁਰੂ ਨਾਨਕ ਮਾਰਗ ਨੂੰ ਵੀ ਲੋਕ ਅਰਪਨ ਕੀਤਾ।
ਡਾ: ਸਤਿਨਾਮ ਸਿੰਘ ਨਿੱਝਰ ਨੇ ਦੱਸਿਆ ਕਿ ਉਹ ਇਸ ਸਿਲਸਿਲੇ ਚ ਕੰਮ ਕਰਨ ਵਾਲੇ ਹਰ ਵਿਅਕਤੀ ਨੂੰ ਸਤਿਕਾਰਯੋਗ ਮੰਨਦੇ ਹਨ ਪਰ ਆਪਣੇ ਸਿਰ ਬਾਜ਼ਾਰੀ ਸਿਹਰੇ ਬੰਨ੍ਹਣੇ ਸੋਭਦੇ ਨਹੀਂ। ਭਾਰਤ ਪਾਕ ਦੇ ਲੋਕ ਸਭ ਜਾਣਦੇ ਹਨ ਕਿ ਕਿਸ ਵਿਅਕਤੀ ਜਾਂ ਸੰਸਥਾ ਨੇ ਕੀ ਯੋਗਦਾਨ ਪਾਇਆ।
ਪੰਜਾਬੀ ਸਾਹਿੱਤ ਅਕਾਡਮਮੀ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਗਿੱਲ ਨੇ ਕਿਹਾ ਕਿ ਯੂਨਾਈਟਿਡ ਸਿੱਖ ਮਿਸ਼ਨ ਨੇ 2010 ਚ ਪ੍ਰਮਾਣੀਕ ਦਸਤਾਵੇਜ਼ ਤਿਆਰ ਕਰਨ ਲਈ ਯੂ ਐੱਨ ਓ ਚ ਅਮਰੀਕਾ ਦੇ ਰਾਜਦੂਤ ਜੌਹਨ ਮੈਕਡਾਨਲਡ ਦੀਆਂ ਸੇਵਾਵਾਂ ਲਈਆਂ ਅਤੇ ਇਸ ਨੂੰ ਅਮਰੀਕਾ ਦੇ ਨਿਊ ਜਰਸੀ ਸੂਬੇ ਦੇ ਜਰਸੀ ਸਿਟੀ ਚ ਰਿਲੀਜ ਕੀਤਾ। ਮੇਰਾ ਸੁਭਾਗ ਸੀ ਕਿ ਉਨ੍ਹਾਂ ਪੰਜ ਵਿਅਕਤੀਆਂ ਵਿੱਚ ਮੈਂ ਵੀ ਸ਼ਾਮਿਲ ਸਾਂ,ਜਿੰਨ੍ਹਾਂ ਨੇ ਇਹ ਕਾਰਜ ਕੀਤਾ।
ਸ: ਰਛਪਾਲ ਸਿੰਘ ਢੀਂਡਸਾ ਦੇ ਨਾਲ ਆਏ ਵਫਦ ਨੇ ਡੇਰਾ ਬਾਬਾ ਨਾਨਕ ਸਰਹੱਦ ਦਾ ਵੀ ਦੌਰਾ ਕੀਤਾ ਅਤੇ ਸ਼ਾਮ ਨੂੰ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਸ: ਨਿਰਮਲ ਸਿੰਘ ਕਾਹਲੋਂ ਦਾ ਪਿੰਡ ਕੋਟਲਾ ਸ਼ਾਹੀਆ ਦੇ ਸੁਰਜੀਤ ਕਮਲਜੀਤ ਸਪੋਰਟਸ ਕੰਪਲੈਕਸ ਚ ਪੁੱਜ ਕੇ 2010 ਚ ਦਿੱਤੇ ਸਹਿਯੋਗ ਦਾ ਸ਼ੁਕਰਾਨਾ ਕੀਤਾ।
ਇਸ ਮੌਕੇ ਰਛਪਾਲ ਸਿੰਘ ਢੀਂਡਸਾ ਨੇ ਸੁਰਜੀਤ ਸਪੋਰਟਸ ਅਸੋਸੀਏਸ਼ਨ ਨੂੰ ਖੇਡਾਂ ਦੇ ਵਿਕਾਸ ਲਈ ਇਕਵੰਜਾ ਹਜ਼ਾਰ ਰੁਪਏ ਭੇਂਟ ਕੀਤੇ।
ਸ: ਨਿਰਮਲ ਸਿੰਘ ਕਾਹਲੋਂ,ਸਾਬਕਾ ਸਪੀਕਰ, ਗੁਰਭਜਨ ਗਿੱਲਪ੍ਰੋ: ਰਵਿੰਦਰ ਸਿੰਘ ਭੱਠਲ ਪ੍ਰਧਾਨ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ, ਡਾ: ਗੁਰਇਕਬਾਲ ਸਿੰਘ ਸਕੱਤਰ ਪੰਜਾਬੀ ਸਾਹਿੱਤ ਅਕਾਡਮੀ,ਪਿਰਥੀਪਾਲ ਸਿੰਘ ਪ੍ਰਧਾਨ ਸੁਰਜੀਤ ਸਪੋਰਟਸ ਅਸੋਸੀਏਸ਼ਨ, ਨਿਸ਼ਾਨ ਸਿੰਘ ਰੰਧਾਵਾ ਜਨਰਲ ਸਕੱਤਰ, ਪ੍ਰਿੰ: ਮੁਸ਼ਤਾਕ ਮਸੀਹ ਤੇ ਹੋਰ ਪ੍ਰਬੰਧਕਾਂ ਨੇ ਰਛਪਾਲ ਸਿੰਘ ਢੀਂਡਸਾ ਨੂੰ ਸਨਮਾਨਿਤ ਕੀਤਾ।