- ਕਿਤਾਬ ਮੇਲੇ ਵਿਚ ਹੋਈ ਬਾਬਰਬਾਣੀ 'ਤੇ ਵਿਚਾਰ-ਚਰਚਾ
- ਅੱਜ ਖੇਡਿਆ ਜਾਵੇਗਾ ਨਾਟਕ 'ਗਗਨ ਮੇਂ ਥਾਲ' ਅਤੇ ਭਲਕੇ ਹੋਵੇਗਾ ਮਲਵੱਈ ਗਿੱਧਾ
ਚੰਡੀਗੜ੍ਹ, 07 ਫਰਵਰੀ 2020 - ਨੈਸ਼ਨਲ ਬੁੱਕ ਟਰੱਸਟ ਭਾਰਤ ਵਲੋਂ ਪੰਜਾਬ ਯੂਨੀਵਰਸਿਟੀ ਦੇ ਸਹਿਯੋਗ ਨਾਲ ਲਗਾਏ ਗਏ ਕਿਤਾਬ ਮੇਲੇ ਦੇ 7ਵੇਂ ਦਿਨ 'ਤੈਂ ਕੀ ਦਰਦੁ ਨਾ ਆਇਆ…...' ਸਿਰਲੇਖ ਹੇਠ ਬਾਬਰਬਾਣੀ ਨੂੰ ਲੈ ਕੇ ਗੰਭੀਰ ਵਿਚਾਰਾਂ ਹੋਈਆਂ। ਉਘੇ ਸਿੱਖ ਵਿਦਵਾਨ ਡਾ. ਅਵਤਾਰ ਸਿੰਘ ਨੇ ਆਖਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਕਿਸੇ ਧਰਮ, ਫਿਰਕੇ ਜਾਂ ਰਾਜੇ ਦੇ ਖਿਲਾਫ ਨਹੀਂ ਸਨ, ਉਹ ਜ਼ੁਲਮ ਦੇ ਖਿਲਾਫ ਸਨ ਤੇ ਇਨਸਾਨੀਅਤ ਦੇ ਹੱਕ ਵਿਚ। ਇਸ ਵਿਚਾਰ-ਚਰਚਾ ਵਿਚ ਡਾ. ਹਰਪਾਲ ਸਿੰਘ, ਡਾ. ਉਂਕਾਰ ਸਿੰਘ ਤੇ ਡਾ. ਅਵਤਾਰ ਸਿੰਘ ਹੋਰਾਂ ਨੇ ਸ਼ਿਰਕਤ ਕੀਤੀ। ਆਪਣੀ ਗੱਲ ਨੂੰ ਜਾਰੀ ਰੱਖਦਿਆਂ ਡਾ. ਅਵਤਾਰ ਸਿੰਘ ਨੇ ਆਖਿਆ ਕਿ ਗੁਰੂ ਨਾਨਕ ਦੇਵ ਜੀ ਕਿਸੇ ਇਕ ਸੱਤਾ ਦੇ ਹੱਕ ਵਿਚ ਜਾਂ ਕਿਸੇ ਦੂਜੀ ਸੱਤਾ ਦੇ ਖਿਲਾਫ ਨਹੀਂ ਰਹੇ। ਉਨ੍ਹਾਂ ਗਲਤ ਨੂੰ ਗਲਤ ਤੇ ਠੀਕ ਨੂੰ ਠੀਕ ਕਿਹਾ। ਡਾ. ਅਵਤਾਰ ਸਿੰਘ ਹੋਰਾਂ ਨੇ ਸਪੱਸ਼ਟ ਲਫਜ਼ਾਂ ਵਿਚ ਆਖਿਆ ਕਿ ਬਾਬੇ ਨਾਨਕ ਦੀ ਬਾਣੀ ਪੜ੍ਹ ਕੇ ਬਿਲਕੁਲ ਸਾਫ ਹੋ ਜਾਂਦਾ ਹੈ ਕਿ ਉਹ ਨਾ ਤਾਂ ਮੁਗਲਾਂ ਦੇ ਖਿਲਾਫ ਸਨ ਤੇ ਨਾ ਹਿੰਦੂਆਂ ਦੇ ਹੱਕ ਵਿਚ। ਉਹ ਕਿਸੇ ਵੀ ਸੱਤਾ ਦੇ ਹੱਕ ਜਾਂ ਵਿਰੋਧ ਵਿਚ ਨਹੀਂ ਸਨ, ਉਹ ਤਾਂ ਇਨਸਾਨੀਅਤ ਦੇ ਹੱਕ ਵਿਚ ਸਨ। ਦੱਬੇ, ਕੁਚਲੇ, ਮਜ਼ਲੂਮ ਲੋਕਾਂ ਦੀ ਅਵਾਜ਼ ਸਨ ਬਾਬਾ ਨਾਨਕ। ਅੱਜ ਦੇ ਦੌਰ ਵਿਚ ਵੀ ਬਾਬੇ ਨਾਨਕ ਦੀ ਬਾਣੀ ਸਾਨੂੰ ਇਸ ਫਿਰਕੂ ਮਾਹੌਲ ਵਿਚੋਂ ਬਾਹਰ ਕੱਢਣ ਵਿਚ ਸਹਾਈ ਹੋ ਸਕਦੀ ਹੈ।
ਨੈਸ਼ਨਲ ਬੁੱਕ ਟਰੱਸਟ ਅਤੇ ਪਬਲੀਕੇਸ਼ਨ ਬਿਊਰੋ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਆਯੋਜਿਤ ਉਕਤ ਵਿਚਾਰ-ਚਰਚਾ ਵਿਚ ਡਾ. ਹਰਪਾਲ ਸਿੰਘ ਨੇ ਆਖਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਕਿਸੇ ਵਿਅਕਤੀ ਵਿਸ਼ੇਸ਼ ਦੀ ਵਿਰੋਧਤਾ ਨਹੀਂ ਕਰਦੇ ਸਨ, ਉਹ ਵਿਚਾਰਕ ਸੰਵਾਦ ਕਰਦੇ ਸਨ ਤੇ ਉਸ ਸੰਵਾਦ ਵਿਚ ਉਹ ਸੁਣਨ ਦੀ ਸਮਰੱਥਾ ਵੀ ਰੱਖਦੇ ਸਨ ਤੇ ਫਿਰ ਗਲਤ ਨੂੰ ਗਲਤ ਸਾਬਤ ਕਰਕੇ ਸਹੀ ਤੇ ਸੱਚ ਕਹਿਣ ਦੀ ਹਿੰਮਤ ਰੱਖਦੇ ਸਨ। ਇਸੇ ਚਰਚਾ ਨੂੰ ਅੱਗੇ ਵਧਾਉਂਦਿਆਂ ਡਾ. ਉਂਕਾਰ ਸਿੰਘ ਨੇ ਵੀ ਕਿਹਾ ਕਿ ਜਦੋਂ ਤੁਹਾਨੂੰ ਲੱਗੇ ਕਿ ਤੁਸੀਂ ਇਕੱਲੇ ਪੈ ਰਹੇ ਹੋ, ਜਦੋਂ ਤੁਹਾਨੂੰ ਲੱਗੇ ਕਿ ਤੁਹਾਡੀ ਸੱਚ-ਹੱਕ ਦੀ ਅਵਾਜ਼ ਦਬਾਈ ਜਾ ਰਹੀ ਹੈ, ਜਦੋਂ ਲੱਗੇ ਕਿ ਸੱਤਾ ਵਿਤਕਰਾ ਕਰਦੀ ਹੈ ਤਦ ਤੁਹਾਡੀ ਤਾਕਤ ਗੁਰੂ ਨਾਨਕ ਦੇਵ ਜੀ ਦੀ ਬਾਣੀ ਬਣ ਸਕਦੀ ਹੈ। ਵੱਖੋ-ਵੱਖ ਸਾਖੀਆਂ ਵਿਚੋਂ ਉਦਾਹਰਨਾਂ ਦੇ ਕੇ ਉਕਤ ਤਿੰਨੋਂ ਵਿਦਵਾਨਾਂ ਨੇ ਇਸ ਵਿਚਾਰ-ਚਰਚਾ ਨੂੰ ਸਿਖਰ 'ਤੇ ਪਹੁੰਚਾਇਆ, ਜਿਸ ਵਿਚ ਸ਼ਮੂਲੀਅਤ ਕਰਦਿਆਂ ਵਿਦਿਆਰਥੀਆਂ ਨੇ ਕਈ ਸਵਾਲ ਕਰਕੇ ਆਪਣੇ ਸ਼ੰਕੇ ਵੀ ਦੂਰ ਕੀਤੇ। ਇਸ ਮੌਕੇ ਪੰਜਾਬੀ ਵਿਭਾਗ ਦੀ ਐਨ.ਬੀ.ਟੀ. ਵਲੋਂ ਅਗਵਾਈ ਕਰ ਰਹੇ ਡਾ. ਨਵਜੋਤ ਕੌਰ ਹੋਰਾਂ ਨੇ ਸਾਰੇ ਵਿਦਵਾਨਾਂ, ਵਿਦਿਆਰਥੀਆਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ।
ਇਸ ਵਿਚਾਰ-ਚਰਚਾ ਮੌਕੇ ਈਸ਼ਵਰ ਦਿਆਲ ਗੌੜ, ਜਸਵੀਰ ਮੰਡ, ਡਾ. ਲਾਭ ਸਿੰਘ ਖੀਵਾ, ਜੰਗ ਬਹਾਦਰ ਗੋਇਲ, ਡਾ. ਜਸਵੀਰ ਭੁੱਲਰ, ਸਵਰਾਜ ਸੰਧੂ, ਨਰਿੰਦਰ ਨਸਰੀਨ, ਸੁਖਵਿੰਦਰ ਸਿੰਘ, ਡਾ. ਬਲਦੇਵ ਸਿੰਘ ਛਾਜਲੀ ਤੇ ਮੁਕੇਸ਼ ਸਣੇ ਵੱਡੀ ਗਿਣਤੀ ਵਿਚ ਯੂਨੀਵਰਸਿਟੀ ਦੇ ਵਿਦਿਆਰਥੀ ਹਾਜ਼ਰ ਸਨ।
ਜ਼ਿਕਰਯੋਗ ਹੈ ਕਿ ਪੰਜਾਬ ਯੂਨੀਵਰਸਿਟੀ ਦੇ ਵਿਹੜੇ ਵਿਚ ਪਹਿਲੀ ਵਾਰ ਲੱਗਾ ਇਹ ਕਿਤਾਬ ਮੇਲਾ 9 ਫਰਵਰੀ ਦਿਨ ਐਤਵਾਰ ਤੱਕ ਚੱਲਣਾ ਹੈ, ਜਿਸ ਵਿਚ ਲਗਾਤਾਰ ਕਿਤਾਬਾਂ ਖਰੀਦਣ ਵਾਲਿਆਂ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ। ਸੱਤ ਦਿਨਾਂ ਵਿਚ ਇਕੱਲਿਆਂ ਨੈਸ਼ਨਲ ਬੁੱਕ ਟਰੱਸਟ ਦੀ ਸਟਾਲ ਤੋਂ ਹੀ 5 ਲੱਖ ਰੁਪਏ ਤੋਂ ਵੱਧ ਦੀਆਂ ਕਿਤਾਬਾਂ ਵਿਕ ਚੁੱਕੀਆਂ ਹਨ। ਧਿਆਨ ਰਹੇ ਕਿ ਇਸ ਪੁਸਤਕ ਮੇਲੇ ਵਿਚ ਪੰਜਾਬੀ, ਹਿੰਦੀ, ਉਰਦੂ ਤੇ ਅੰਗਰੇਜ਼ੀ ਦੇ 71 ਤੋਂ ਵੱਧ ਪਬਲਿਸ਼ਰ ਉਪਲਬਧ ਹਨ। ਇਸ ਮੌਕੇ ਡਾ. ਨਵਜੋਤ ਕੌਰ ਨੇ ਜਾਣਕਾਰੀ ਸਾਂਝਿਆਂ ਕਰਦਿਆਂ ਦੱਸਿਆ ਕਿ ਭਲਕੇ 8 ਫਰਵਰੀ ਨੂੰ ਜਿੱਥੇ ਦੁਪਹਿਰ ਨੂੰ 2.00 ਵਜੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੇਵਲ ਧਾਲੀਵਾਲ ਹੋਰਾਂ ਦਾ ਨਾਟਕ 'ਗਗਨ ਮੇ ਥਾਲ' ਖੇਡਿਆ ਜਾਵੇਗਾ, ਉਥੇ ਹੀ ਸ਼ਾਮੀਂ 4.00 ਵਜੇ ਡਾ. ਆਤਮਜੀਤ ਹੋਰਾਂ ਦਾ ਰੂਬਰੂ ਵੀ ਰਚਾਇਆ ਜਾਵੇਗਾ। ਇਸੇ ਤਰ੍ਹਾਂ ਕਿਤਾਬ ਮੇਲੇ ਦੇ ਆਖਰੀ ਦਿਨ 9 ਫਰਵਰੀ ਨੂੰ ਸਵੇਰੇ 11.00 ਵਜੇ ਬੋਲੀਆਂ ਦਾ ਖੂਹ ਭਰਦਿਆਂ ਮਲਵੱਈ ਗਿੱਧਾ ਵੀ ਪੇਸ਼ ਕੀਤਾ ਜਾਵੇਗਾ। ਨਾਟਕ ਅਤੇ ਮਲਵੱਈ ਗਿੱਧਾ ਪੰਜਾਬ ਕਲਾ ਪਰਿਸ਼ਦ ਦੇ ਸਹਿਯੋਗ ਨਾਲ ਇਸ ਕਿਤਾਬ ਮੇਲੇ ਦੀ ਸ਼ਾਨ ਵਧਾਏਗਾ। ਅੱਜ ਵੀ ਸਵੇਰ ਤੋਂ ਹੀ ਵੱਡੀ ਗਿਣਤੀ ਵਿਚ ਵਿਦਿਆਰਥੀ ਆਪਣੀਆਂ ਪਸੰਦੀਦਾ ਕਿਤਾਬਾਂ ਲੈਣ ਲਈ ਕਿਤਾਬ ਮੇਲੇ ਵਿਚ ਪਹੁੰਚ ਰਹੇ ਸਨ।