ਪਟਿਆਲਾ 30 ਮਾਰਚ 2019: 1980 ਵਿਆਂ 'ਚ ਪੰਜਾਬ ਦੀ ਵਿਦਿਆਰਥੀ ਲਹਿਰ 'ਚ ਸਰਗਰਮ ਭੂਮਿਕਾ ਨਿਭਾਉਣ ਵਾਲੇ ਅਤੇ ਇਨਕਲਾਬੀ ਕੇਂਦਰ, ਪੰਜਾਬ ਦੇ ਸੂਬਾ ਸਕੱਤਰ ਰਹੇ ਖੱਬੇ ਪੱਖੀ ਲੇਖਕ ਰਣਜੀਤ ਲਹਿਰਾ ਦੀ ਕਿਤਾਬ 'ਜ਼ਿੰਦਗੀਦਗੀ ਦੇ ਰਾਹਾਂ ਤੇ' ਦਾ ਦੂਸਰਾ ਐਡੀਸ਼ਨ ਇੱਥੇ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿਖੇ ਜਾਰੀ ਕੀਤਾ ਗਿਆ।ਇਸ ਮਕਸਦ ਲਈ ਪੰਜਾਬੀ ਯੂਨੀਵਰਸਿਟੀ ਵਿਖੇ ਸਰਗਰਮ ਵਿਦਿਆਰਥੀਆਂ ਦੀਆਂ ਚਾਰ ਜਥੇਬੰਦੀਆਂ ਦੇ ਸਹਿਯੋਗ ਨਾਲ ਇੱਕ ਵਿਸ਼ੇਸ਼ ਸਮਾਗਮ ਕੀਤਾ ਗਿਆ ਸੀ । ਜਿਸ ਵਿਚ ਉਘੇ ਚਿੰਤਕਾਂ, ਸੰਘਰਸ਼ਸ਼ੀਲ ਵਿਦਿਆਰਥੀ ਅਤੇ ਟ੍ਰੇਡ ਯੂਨੀਅਨ ਆਗੂਆਂ ਨੇ ਭਾਗ ਲਿਆ।
ਸਮਾਗਮ ਨੂੰ ਸੰਬੋਧਨ ਕਰਦਿਆਂ ਪੰਜਾਬ ਸਟੂਡੈਂਟਸ ਯੂਨੀਅਨ(ਲਲਕਾਰ) ਦੇ ਆਗੂ ਗੁਰਪ੍ਰੀਤ ਨੇ ਕਿਹਾ ਕਿ ਇਹ ਕਿਤਾਬ ਰਣਜੀਤ ਲਹਿਰਾ ਦੇ ਸੰਘਰਸ਼ਸ਼ੀਲ ਜੀਵਨ ਤੋਂ ਇਲਾਵਾ ਪੰਜਾਬ ਦੇ ਵਿਦਿਆਰਥੀਆਂ ਅਤੇ ਨੌਜਵਾਨਾਂ ਵੱਲੋਂ ਲੜੇ ਗਏ ਸ਼ਾਨਦਾਰ ਸੰਘਰਸ਼ਾਂ ਦੀਆਂ ਝਲਕਾਂ ਪੇਸ਼ ਕਰਦੀ ਹੈ ਜੋ ਅਜੋਕੇ ਸਮੇਂ 'ਚ ਵਿਦਿਆਰਥੀਆਂ ਦੇ ਹਿੱਤਾਂਂ 'ਚ ਕੰਮ ਕਰ ਰਹੀਆਂ ਵਿਦਿਆਰਥੀ ਯੂਨੀਅਨਾਂ ਲਈ ਪ੍ਰੇਰਨਾ ਸਰੋਤ ਰਹੇਗੀ। ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਅਮਨ ਵੱਲੋਂ ਕਿਤਾਬ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਲਹਿਰਾ ਵੱਲੋਂ ਨਿਰਪੱਖ ਦ੍ਰਿਸ਼ਟੀਕੋਣ ਤੋਂ ਲਿਖੀ ਗਈ ਇਹ ਕਿਤਾਬ ਸਾਡੇ ਲਈ ਮਹੱਤਵਪੂਰਨ ਇਤਿਹਾਸਕ ਸ੍ਰੋਤ ਹੈ।ਅਜਿਹੇ ਯਤਨ ਹੋਰ ਵੀ ਹੋਣੇ ਚਾਹੀਂਦੇ ਹਨ। ਇਸੇ ਮੌਕੇ 'ਤੇ ਡੀ ਐਸ ਓ ਦੇ ਆਗੂ ਅਮਰਜੀਤ ਨੇ ਰਣਜੀਤ ਲਹਿਰਾ ਦੀ ਇਨਕਲਾਬੀ ਲਹਿਰ ਪ੍ਰਤੀ ਪ੍ਰਤੀਬੱਧਤਾ ਦੀ ਸ਼ਲਾਘਾ ਕਰਦਿਆਂ ਵਿਦਿਆਰਥੀਆਂ 'ਚ ਸਿੱਧੀ ਸਿਆਸਤ ਲੈ ਕੇ ਜਾਣ ਦੇ ਵਿਚਾਰ ਦੀ ਪ੍ਰੋੜਤਾ ਕੀਤੀ।
ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾ ਸਕੱਤਰ ਕੰਵਲਜੀਤ ਖੰਨਾ ਨੇ ਕਿਹਾ ਕਿ ਰਣਜੀਤ ਲਹਿਰਾ ਨੇ ਜਿਸ ਵਿਦਿਆਰਥੀ ਲਹਿਰ ਦੇ ਇਤਿਹਾਸ ਦੇ ਕੁੱਝ ਪੰਨਿਆਂ ਨੂੰ ਸਾਂਭਣ ਦਾ ਉਦਮ ਕੀਤਾ ਹੈ ਉਸ ਨੇ ਇਨਕਲਾਬੀ ਲਹਿਰ ਨੂੰ ਅਨੇਕਾਂ ਕੁੱਲਵਕਤੀ ਆਗੂ ਦਿੱਤੇ ਜੋ ਅੱਜ ਵੀ ਲਹਿਰ ਨੂੰ ਸਮਰਪਿਤ ਹਨ। ਪੀ ਆਰ ਐਸ ਯੂ ਵੱਲੋਂ ਸੰਦੀਪ ਕੌਰ, ਰਣਜੀਤ ਲਹਿਰਾ ਦੀ ਬੇਟੀ ਰਾਵੀ ਸੰਧੂ , ਬਲਵਿੰਦਰ ਚਾਹਲ ਅਤੇ ਡਾ.ਕੁਲਦੀਪ ਸਿੰਘ ਤੋਂ ਇਲਾਵਾ ਸਾਬਕਾ ਵਿਦਿਆਰਥੀ ਆਗੂ ਪ੍ਰੋ. ਬਾਵਾ ਸਿੰਘ, ਡਾ.ਲਕਸ਼ਮੀ ਨਰਾਇਣ ਭੀਖੀ, ਪੰਜਾਬੀ ਵਿਭਾਗ ਦੇ ਮੁਖੀ ਪ੍ਰੋ ਰਾਜਿੰਦਰਪਾਲ ਸਿੰਘ ਬਰਾੜ ਨੇ ਲੇਖਕ ਦੇ ਵਿਦਿਆਰਥੀ ਲਹਿਰ ਦੇ ਵਿਰਸੇ ਨੂੰ ਸਾਂਭਣ ਦੇ ਇਸ ਯਤਨ ਦੀ ਸ਼ਲਾਘਾ ਕਰਦਿਆਂ ਵਿਦਿਆਰਥੀ ਲਹਿਰ 'ਚ ਆਪਣੇ ਨਿੱਜੀ ਤਜਰਬੇ ਵੀ ਸਾਂਝੇ ਕੀਤੇ। ਸਟੇਜ ਦਾ ਸੰਚਾਲਨ ਕਰਦਿਆਂ ਪੰਜਾਬ ਸਟੂਡੈਂਟਸ ਯੂਨੀਅਨ ਦੇ ਸਾਬਕਾ ਸੂਬਾ ਜਨਰਲ ਸਕੱਤਰ ਅਜਾਇਬ ਸਿੰਘ ਟਿਵਾਣਾ ਨੇ ਰਣਜੀਤ ਲਹਿਰਾ ਦੀ ਤੁਲਨਾ ਰੂਸ ਦੇ ਪ੍ਰਸਿੱਧ ਲੇਖਕ ਨਿਕੋਲਾਈ ਅਸਤਰੋਵਸਕੀ ਨਾਲ ਕੀਤੀ ਜੋ ਬਚਪਨ ਤੋਂ ਕਈ ਭਿਆਨਕ ਬੀਮਾਰੀਆਂ ਤੋਂ ਪੀੜਤ ਸੀ। ਉਨ੍ਹਾਂ ਦੱਸਿਆ ਰਣਜੀਤ ਲਹਿਰਾ 'ਕਬਹੂੰ ਨਾ ਛਾਡੇ ਖੇਤ' ਦੇ ਲੇਖਕ ਅਸਤਰੋਵਸਕੀ ਵਾਂਗ ਬਚਪਨ ਤੋਂ ਦਿਲ ਦਾ ਮਰੀਜ ਹੈ ਅਤੇ 1983 'ਚ ਜਦੋਂ ਦਿਲ ਦੇ ਰੋਗਾਂ ਦੇ ਮਾਹਰ ਡਾ. ਗੁਰਪ੍ਰੀਤ ਸਿੰਘ ਸਿੱਧੂ ਨੂੰ ਜਾਂਚ ਦੌਰਾਨ ਰਣਜੀਤ ਲਹਿਰਾ ਦੀ ਅਸਲ ਬੀਮਾਰੀ ਦਾ ਪਤਾ ਲੱਗਿਆ ਸੀ ਤਾਂ ਉਨ੍ਹਾਂ ਅੰਦਾਜਾ ਲਗਾਇਆ ਸੀ ਕਿ ਰਣਜੀਤ ਲਹਿਰਾ ਸਿਰਫ ਥੋੜ੍ਹੇ ਸਾਲਾਂ ਤੱਕ ਮੈਡੀਸਿਨ ਦੀ ਸਹਾਇਤਾ ਨਾਲ ਜਿੰਦਾ ਰਹਿ ਸਕੇਗਾ।ਪਰੰਤੂ ਅੱਜ 57 ਸਾਲ ਦੀ ਉਮਰ 'ਚ ਵੀ ਉਸ ਦੀ ਕਲਮ ਦਾ ਜਾਰੀ ਰਹਿਣਾ ਅਤੇ ਉਸ ਵੱਲੋਂ ਮੌਤ ਨੂੰ ਮਖੌਲਾਂ ਕਰਨਾ ਉਸ ਦੀ ਅਥਾਹ ਫੌਲਾਦੀ ਇੱਛਾ ਸ਼ਕਤੀ ਦਾ ਸਬੂਤ ਹੈ। ਇਸੇ ਸਮੇਂ ਲੇਖਕ ਦੀ ਇੱਕ ਹੋਰ ਕਿਤਾਬ 'ਜੋ ਜੂਝੇ ਅਜਾਦੀ ਲਈ' ਦੀ ਦੂਜੀ ਛਾਪ ਵੀ ਲੋਕ ਅਰਪਣ ਕੀਤੀ ਗਈ ਜੋ ਮਾਨਸਾ ਜਿਲ੍ਹੇ ਦੇ ਪਿੰਡ ਰੰਗੜਿਆਲ ਦੇ ਅਜ਼ਾਦ ਹਿੰਦ ਫੌਜ 'ਚ ਦੇਸ਼ ਦੀ ਆਜ਼ਾਦੀ ਲਈ ਲੜਨ ਤੇ ਸਖ਼ਤ ਸਜ਼ਾਵਾਂ ਭੁਗਤਣ ਵਾਲੇ ਭੁੱਲੇ-ਵਿੱਸਰੇ ਸੂਰਮਿਆਂ ਦੀ ਗਾਥਾ ਹੈ। ਪ੍ਰੋਗਰਾਮ ਦੇ ਅਖੀਰ 'ਚ ਰਣਜੀਤ ਲਹਿਰਾ ਨੇ ਆਪਣੇ ਨਿੱਜੀ ਜੀਵਨ ਬਾਰੇ ਅਤੇ ਲੇਖਕ ਦੇ ਤੌਰ 'ਤੇ ਅਪਣੇ ਅਨੁਭਵ ਸਾਂਝੇ ਕੀਤੇ ਅਤੇ ਸਭ ਦਾ ਧੰਨਵਾਦ ਕੀਤਾ।ਪ੍ਰੋਗਰਾਮ ਵਿੱਚ ਬਰਨਾਲੇ ਤੋਂ ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਸ਼੍ਰੀ ਨਰਾਇਣ ਦੱਤ ਅਤੇ ਜਮਹੂਰੀ ਅਧਿਕਾਰ ਸਭਾ ਦੇ ਸੂਬਾ ਕਮੇਟੀ ਮੈਂਬਰ ਅਤੇ "ਜੈਕਾਰਾ" ਦੇ ਸੰਪਾਦਕ ਰਹੇ ਕਾ.ਨਰਭਿੰਦਰ, ਨਾਮਦੇਵ ਭੁਟਾਲ, ਡਾ.ਦਰਸ਼ਨ ਕੌਰ ਭੀਖੀ ਅਤੇ ਕਾ.ਪ੍ਰਦੀਪ ਕੁਮਾਰ ਵੀ ਉਚੇਚੇ ਤੌਰ ਤੇ ਸ਼ਾਮਿਲ ਹੋਏ।