ਪੰਜਾਬੀ ਕਵੀ ਦਰਸ਼ਨ ਬੁੱਟਰ ਦੀ ਵੱਡ - ਆਕਾਰੀ ਕਾਵਿ ਪੁਸਤਕ ਗੰਠੜੀ ਦੀ ਪ੍ਰਥਮ ਕਾਪੀ ਗੁਰਭਜਨ ਗਿੱਲ ਨੂੰ ਭੇਂਟ
ਸਹਿਜ ਤੇ ਸੁਹਜ ਦਾ ਸੁਮੇਲ ਹੈ ਦਰਸ਼ਨ ਬੁੱਟਰ ਦੀ ਕਵਿਤਾ-ਗੁਰਭਜਨ ਗਿੱਲ
ਲੁਧਿਆਣਾ, 24 ਜਨਵਰੀ 2022 - ਭਾਰਤੀ ਸਾਹਿੱਤ ਅਕਾਡਮੀ ਪੁਰਸਕਾਰ ਵਿਜੇਤਾ ਤੇ ਪ੍ਰਧਾਨ,ਕੇਂਦਰੀ ਪੰਜਾਬੀ ਲੇਖਕ ਸਭਾ (ਰਜਿਃ) ਦਰਸ਼ਨ ਬੁੱਟਰ ਨੇ ਆਪਣੀ ਨਵ ਪ੍ਰਕਾਸ਼ਿਤ ਵੱਡ ਆਕਾਰੀ ਕਾਵਿ ਪੁਸਤਕ ਗੰਠੜੀ ਦੀ ਪ੍ਰਥਮ ਕਾਪੀ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਤੇ ਪੰਜਾਬੀ ਕਵੀ ਗੁਰਭਜਨ ਗਿੱਲ ਨੂੰ ਬੀਤੀ ਸ਼ਾਮ ਲੁਧਿਆਣਾ ਵਿਖੇ ਭੇਂਟ ਕੀਤੀ। 376 ਪੰਨਿਆਂ ਦੀ ਇਹ ਕਾਵਿ ਪੁਸਤਕ ਚੇਤਨਾ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਇਸ ਕਿਤਾਬ ਬਾਰੇ ਜਾਣਕਾਰੀ ਦਿੰਦਿਆਂ ਦਰਸ਼ਨ ਬੁੱਟਰ ਨੇ ਕਿਹਾ ਕਿ ਮੇਰੀ ਹੁਣ ਤੀਕ ਲਿਖੀ ਕਵਿਤਾ ਦਾ ਇਹ ਕਿਤਾਬ ਅਰਕਨਾਮਾ ਹੈ, ਨਿਤੋੜ ਹੈ, ਭਾਵ ਗੰਠੜੀ ਹੈ ਜਿਸ ਨੂੰ ਮੈਂ ਜੀਵਨ ਪੰਧ ਤੇ ਤੁਰਦਿਆਂ ਕੰਕਰ ਮੋਤੀਆਂ ਵਾਂਗ ਚੁਗਿਆ ਹੈ। ਮੇਰੀਆਂ ਹੁਣ ਤੀਕ ਛਪੀਆਂ ਅੱਠ ਕਾਵਿ ਪੁਸਤਕਾਂ ਨੇ ਮੈਨੂੰ ਵਿਸ਼ਵ ਭਰ 'ਚ ਪਛਾਣ ਦਿਵਾਈ ਹੈ ਜਦ ਕਿ ਇਹ ਪੁਸਤਕ ਮੇਰੇ ਨਿੱਕੇ ਨਿੱਕੇ ਖ਼ਿਆਲਾਂ ਦਾ ਸਹਿਜ ਨਿਚੋੜ ਹੈ। ਪੁਸਤਕ ਪ੍ਰਾਪਤ ਕਰਨ ਉਪਰੰਤ ਗੁਰਭਜਨ ਗਿੱਲ ਨੇ ਕਿਹਾ ਕਿ ਦਰਸ਼ਨ ਬੁੱਟਰ ਸਹਿਜ ਤੋਰ ਤੁਰਦੇ ਦਰਿਆ ਦੀ ਰਵਾਨੀ ਵਰਗਾ ਸ਼ਾਇਰ ਹੈ ਜੋ ਸ਼ੋਰੀਲਾ ਨਹੀਂ, ਸਹਿਜ ਤੇ ਸੁਹਜਵੰਤਾ ਹੈ।
ਇਸ ਮੌਕੇ ਹਾਜ਼ਰ ਪੰਜਾਬੀ ਸਾਹਿੱਤ ਅਕਾਡਮੀ ਦੇ ਵਰਤਮਾਨ ਪ੍ਰਧਾਨ ਪ੍ਰੋਃ ਰਵਿੰਦਰ ਭੱਠਲ, ਨਵ ਨਿਰਵਾਚਤ ਪ੍ਰਧਾਨ ਡਾਃ ਲਖਵਿੰਦਰ ਸਿੰਘ ਜੌਹਲ, ਆਪਣੀ ਆਵਾਜ਼ ਦੇ ਬਾਨੀ ਸੰਪਾਦਕ ਤੇ ਪ੍ਰਵਾਸੀ ਕਵੀ ਸੁਰਿੰਦਰ ਸਿੰਘ ਸੁੱਨੜ, ਪੰਜਾਬੀ ਸਾਹਿੱਤ ਅਕਾਡਮੀ ਦੇ ਜਨਰਲ ਸਕੱਤਰ ਡਾਃ ਸੁਰਜੀਤ ਸਿੰਘ, ਸਕੱਤਰ ਡਾਃ ਗੁਰਇਕਬਾਲ ਸਿੰਘ, ਪੰਜਾਬੀ ਕਵੀ ਪ੍ਰੋਃ ਸੁਰਜੀਤ ਜੱਜ, ਕਹਾਣੀਕਾਰ ਅਸ਼ਵਨੀ ਬਾਗੜੀਆਂ, ਕਵੀ ਸੁਰਿੰਦਰਜੀਤ ਚੌਹਾਨ ਤੇ ਮਨਜਿੰਦਰ ਧਨੋਆ ਨੇ ਵੀ ਦਰਸ਼ਨ ਬੁੱਟਰ ਨੂੰ ਇਸ ਮਹੱਤਵਪੂਰਨ ਕਿਰਤ ਲਈ ਮੁਬਾਰਕ ਦਿੱਤੀ।