ਡਾ. ਦੇਵਿੰਦਰ ਸੈਫੀ ਤੇ ਸਵਰਨਜੀਤ ਸਵੀ ਦੀਆਂ ਕਵਿਤਾਵਾਂ ’ਤੇ ਇਤਾਲਵੀ ਅਤੇ ਪੰਜਾਬੀ ਵਿਦਵਾਨਾਂ ਵਲੋਂ ਪ੍ਰਭਾਵਸ਼ਾਲੀ ਚਰਚਾ
ਇਤਾਲਵੀ ਕਵੀ ਮਾਰੀਉ ਨਾਪੋਲੇਤਾਨੋ ਤੇ ਫਰਾਂਕੋ ਮਾਤੇਈ ਵੀ ਹੋਏ ਸ਼ਾਮਿਲ
ਦੀਪਕ ਗਰਗ
ਕੋਟਕਪੂਰਾ, 14 ਅਪੈ੍ਰਲ 2022 :- ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਪੰਜਾਬੀ ਅਤੇ ਇਤਾਲਵੀ ਭਾਸ਼ਾ ਦੀਆਂ ਕਵਿਤਾਵਾਂ ਉੱਪਰ ਆਲੋਚਨਾ ਕਰਵਾ ਕੇ ਵਿਲੱਖਣ ਪਹਿਲਕਦਮੀ ਕੀਤੀ ਗਈ। ਇਸ ਪਹਿਲਕਦਮੀ ਤਹਿਤ ਕਾਵਿ ਅਤੇ ਆਲੋਚਨਾ ਦਾ ਪ੍ਰਭਾਵਸ਼ਾਲੀ ਪ੍ਰਵਚਨ ਸਿਰਜਿਆ ਗਿਆ। ਪੰਜਾਬੀ ਦੇ ਪ੍ਰਸਿੱਧ ਸ਼ਾਇਰ ਅਤੇ ਚਿੰਤਕ ਡਾ. ਦੇਵਿੰਦਰ ਸੈਫੀ ਦੀ ਕਵਿਤਾ ‘ਮੁਰਗੀਆਂ’ ਅਤੇ ਨਾਮਵਰ ਕਵੀ ਤੇ ਆਰਟਿਸਟ ਸਵਰਨਜੀਤ ਸਵੀ ਦੀ ਕਵਿਤਾ ‘ਕਿਤਾਬ ਜਾਗਦੀ ਹੈ’ ਇਟਾਲੀਅਨ ਕਵੀ ਮਾਰੀਉ ਨਾਪੋਲੀਤਾਨੋ ਦੀ ਕਵਿਤਾ ‘ਮਾਲੂਸੀਊ’ ਅਤੇ ਫਰਾਂਕੋ ਮਾਤੇਈ ਦੀਆਂ ਦੋ ਕਵਿਤਾਵਾਂ ‘ਪਿਆਰਾ ਪਿੰਡ’ ਤੇ ‘ਝੀਲ’ ਇਸ ਪ੍ਰੋਗਰਾਮ ਦਾ ਕੇਂਦਰ ਬਣੀਆਂ।
ਇਹਨਾਂ ਉੱਪਰ ਗਹਿਰੀ ਵਿਚਾਰ ਦੌਰਾਨ ਇਤਾਲਵੀ ਆਲੋਚਕ ਦਾਨੀਐਲੇ ਕਾਸਤੇਲਾਰੀ ਨੇ ਮੁਰਗੀਆਂ ਅਤੇ ਕਿਤਾਬ ਦੇ ਬਿੰਬਾਂ ਨੂੰ ਇਟਲੀ, ਜਪਾਨ, ਸਪੈਨਿਸ ਅਤੇ ਜਰਮਨ ਦੇ ਕਵੀਆਂ ਨਾਲ ਤੁਲਨਾ ਕੇ ਇਹਨਾਂ ਕਵਿਤਾਵਾਂ ਦੇ ਨਵਯੁਗੀ ਸੱਚ ਨੂੰ ਅਤਿ ਮਹੱਤਵਪੂਰਨ ਦੱਸਿਆ। ਇਤਾਲਵੀ ਕਵਿਤਾਵਾਂ ਵਿਚਲੇ ਪ੍ਰਕਿਰਤੀ ਪ੍ਰੇਮ ਉਪਰ ਲੰਮੇਰੀ ਪ੍ਰਸੰਸਾ ਤਮਕ ਟਿੱਪਣੀ ਕੀਤੀ। ਪੰਜਾਬੀ ਦੇ ਪ੍ਰਸਿੱਧ ਚਿੰਤਕ ਡਾ. ਯੋਗ ਰਾਜ ਉਪ ਚੈਅਰਮੈਨ ਪੰਜਾਬ ਆਰਟ ਕੌਂਸਲ ਨੇ ਸਮੁੱਚੀਆਂ ਕਵਿਤਾਵਾਂ ਵਿਚਲੇ ਵਿਲੱਖਣ ਮੈਟਾਫਰ, ਊਰਜਾ ਭਰੀ ਸੱਚਾਈ ਅਤੇ ਤਨਜ ਨੂੰ ਉਭਾਰਿਆ। ਇਹਨਾਂ ਆਲੋਚਕਾਂ ਨੇ ਉਪਰੋਕਤ ਕਵਿਤਾਵਾਂ ਬਾਰੇ ਬੋਲਦੇ ਹੋਏ ਇਤਿਹਾਸਕ ਤੇ ਸਮਾਜਿਕ ਤੱਥਾਂ ਦੇ ਹਵਾਲੇ ਨਾਲ ਪੰਜਾਬੀ ਦੇ ਇਹਨਾਂ ਦੋਵਾਂ ਕਵੀਆਂ ਦੀ ਰੱਜ ਕੇ ਸਰਾਹਨਾ ਕੀਤੀ।
ਇਤਾਲਵੀ ਕਵੀ ਨਾਪੋਲੇਤਾਨੋ ਦੀ ਕਵਿਤਾ ਮਾਲੂਸੀਉ ਅਤੇ ਫਰਾਂਕੋ ਮਾਤੇਈ ਦੀ ਕਵਿਤਾ ਪਿਆਰਾ ਪਿੰਡ ਤੇ ਝੀਲ ਉੱਪਰ ਪ੍ਰਭਾਵਸ਼ਾਲੀ ਵਿਚਾਰ ਚਰਚਾ ਕੀਤੀ ਗਈ। ਇਸ ਸਮੁੱਚੀ ਚਰਚਾ ਨੂੰ ਇਟਲੀ ਭਾਸਾ ਦਾ ਗਿਆਨ ਰੱਖਣ ਵਾਲੇ ਬੱਚਿਆਂ ਦਵਿੰਦਰ ਸਿੰਘ, ਬਿਕਰਮ ਸਿੰਘ ਬਾਵਾ ਤੇ ਜਸਜੀਤ ਸਿੰਘ ਚਾਹਲ ਨੇ ਅਨੁਵਾਦ ਦੁਆਰਾ ਇਸ ਪ੍ਰਭਾਵਸਾਲੀ ਚਰਚਾ ਨੂੰ ਸਭ ਨਾਲ ਸਾਂਝਾ ਕੀਤਾ। ਇਸ ਪ੍ਰੋਗਰਾਮ ਦੀ ਸਰਪ੍ਰਸਤੀ ਕਰ ਰਹੇ ਡਾ. ਐੱਸ ਪੀ ਸਿੰਘ, ਪ੍ਰਧਾਨਗੀ ਕਰ ਰਹੇ ਗੁਰਭਜਨ ਗਿੱਲ ਅਤੇ ਵਿਸੇਸ ਮਹਿਮਾਨ ਵਜੋਂ ਸਾਮਲ ਡਾ. ਲਖਵਿੰਦਰ ਜੌਹਲ ਨੇ ਇਟਲੀ ਦੀ ਸਾਹਿਤ ਸੁਰ ਸੰਗਮ ਸਭਾ ਦੇ ਇਸ ਉਪਰਾਲੇ ਨੂੰ ਨਵਾਂ ਵਿਲੱਖਣ ਉੱਦਮ ਐਲਾਨਿਆ, ਜਿਹੜਾ ਕਿ ਭਵਿੱਖ ਲਈ ਇਟਲੀ ਤੇ ਪੰਜਾਬੀ ਦੇ ਸਾਹਿਤ ’ਚ ਖੂਬਸੂਰਤ ਪੁਲ ਦਾ ਨਿਰਮਾਣ ਕਰਨ ਵਾਲਾ ਸਾਬਿਤ ਹੋਵੇਗਾ। ਸਭਾ ਦੇ ਪ੍ਰਧਾਨ ਬਲਵਿੰਦਰ ਸਿੰਘ ਚਾਹਲ ਨੇ ਸਭ ਨੂੰ ਜੀ ਆਇਆਂ ਆਖਿਆ ’ਤੇ ਇਤਾਲਵੀ ਤੇ ਪੰਜਾਬੀਆਂ ਦੀ ਸਾਂਝ ਬਾਰੇ ਵਿਚਾਰ ਸਾਂਝੇ ਕੀਤੇ। ਇਸ ਸਮੁੱਚੀ ਵਿਚਾਰ ਚਰਚਾ ਦਾ ਸੰਚਾਲਨ ਦਲਜਿੰਦਰ ਰਹਿਲ ਤੇ ਪ੍ਰੋ. ਜਸਪਾਲ ਸਿੰਘ ਨੇ ਸਾਂਝੇ ਤੌਰ ’ਤੇ ਸੰਚਾਲਨ ਕੀਤਾ।