ਅਸ਼ੋਕ ਵਰਮਾ
ਬਠਿੰਡਾ, 8 ਸਤੰਬਰ 2020 - ਪੰਜਾਬੀ ਸਾਹਿਤ ਸਭਾ (ਰਜਿ) ਬਠਿੰਡਾ ਦੀ ਮਾਸਿਕ ਸਾਹਿਤਕ ਇਕੱਤਰਤਾ ਸਭਾ ਦੇ ਪ੍ਰਧਾਨ ਜੇ ਸੀ ਪਰਿੰਦਾ ਦੀ ਪ੍ਰਧਾਨਗੀ ਹੇਠ ਕੀਤੀ ਗਈ। ਜਿਸ ਦੀ ਸ਼ੁਰੂਆਤ ’ਚ ਵਿੱਛੜ ਚੁੱਕੇ ਸਾਹਿਤਕਾਰਾਂ ਅਤੇ ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਦੇ ਮੁਖੀ ਅਤੇ ਲੋਕਧਾਰਾ ਵਿਗਿਆਨੀ ਡਾਕਟਰ ਦਰਿ , ਕਹਾਣੀਕਾਰ ਭੂਰਾ ਸਿੰਘ ਕਲੇਰ, ਸ਼ਾਇਰ ਦਰਸ਼ਨ ਸਿੰਘ ਦਰਸ਼ਨ ਅਤੇ ਲੇਖਕ ਆਲੋਚਕ ਨਿਰੰਜਣ ਬੋਹਾ ਦੇ ਭਰਾ ਰਮੇਸ਼ ਮੱਕੜ ਹੁਰਾਂ ਦੀ ਬੇਵਕਤੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਸਭਾ ਵੱਲੋਂ ਮਤਾ ਪਾਸ ਕੀਤਾ ਗਿਆ ਹੈ ਕਿ ਕੇਂਦਰ ਸਰਕਾਰ ਵੱਲੋਂ ਜੰਮੂ ਕਸ਼ਮੀਰ ਵਿੱਚ ਪੰਜਾਬੀ ਭਾਸਾ ਨੂੰ ਸਰਕਾਰੀ ਭਾਸ਼ਾਵਾਂ ਦੀ ਸੂਚੀ ਵਿੱਚੋਂ ਬਾਹਰ ਰੱਖਣ ਦਾ ਸਖ਼ਤ ਵਿਰੋਧ ਕੀਤਾ ਗਿਆ ਹੈ । ਇਸ ਤਰ੍ਹਾਂ ਕਰਨ ਨਾਲ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਾਲ ਹੋ ਰਹੇ ਵਿਤਕਰੇ ਦਾ ਇੱਕ ਹੋਰ ਰੂਪ ਉਜਾਗਰ ਹੋਇਆ ਹੈ।
ਸਭਾ ਦੇ ਪ੍ਰੈੱਸ ਸਕੱਤਰ ਅਮਨ ਦਾਤੇਵਾਸੀਆ ਨੇ ਕਿਹਾ ਕਿ ਸਭ ਤੋਂ ਪਹਿਲਾਂ ਰਣਜੀਤ ਗੌਰਵ ਨੇ ਆਪਣੀ ਨਵੀਂ ਕਹਾਣੀ ‘ਬੁਆਨ ਫੁੰਗ’ ਪੜੀ। ਜਸਪਾਲ ਮਾਨਖੇੜਾ ਅਤੇ ਹਰਵਿੰਦਰ ਸੰਧੂ ਨੇ ਕਹਾਣੀ ਤੇ ਬੋਲਦਿਆਂ ਕਿਹਾ ਕਿ ਇਹ ਕਹਾਣੀ ਕੋਰੋਨਾ ਦੌਰ ਦੀ ਬਿਹਤਰੀਨ ਕਹਾਣੀ ਹੈ। ਇਸ ਵਿਸ਼ੇ ਤੇ ਬਹੁਤ ਘੱਟ ਕਹਾਣੀਆਂ ਲਿਖੀਆਂ ਗਈਆਂ ਹਨ। ਡਾਕਟਰ ਸੰਧੂ ਦਾ ਵਿਚਾਰ ਹੈ ਕਿ ਗੁੰਝਲਦਾਰ ਕਹਾਣੀ ਲਿਖਣ ਦੀ ਬਜਾਏ ਸਰਲ ਅਤੇ ਸੰਚਾਰ ਪੱਖੋਂ ਪੂਰੀ ਉੱਤਰਦੀ ਕਹਾਣੀ ਲਿਖਣੀ ਚਾਹੀਦੀ ਹੈ। ਨਾਵਲਕਾਰ ਜਸਪਾਲ ਮਾਨਖੇੜਾ ਨੇ ਵਿਚਾਰ ਪੇਸ਼ ਕੀਤਾ ਕਿ ਕਹਾਣੀ ਦਿ੍ਰਸ਼ਟਾਂਤ , ਵਰਨਣ ਅਤੇ ਵਿਸ਼ੇ ਪੱਖ ਤੋਂ ਵਧੀਆ ਹੈ ਪਰ ਭਾਸ਼ਾ, ਬੋਲੀ ਅਤੇ ਵਾਰਤਾਲਾਪ ਪੱਖੋਂ ਕਹਾਣੀ ਵਿੱਚ ਕਮਜ਼ੋਰੀਆਂ ਹਨ। ਲੇਖਕ ਨੂੰ ਇਹ ਘਾਟਾਂ ਦੂਰ ਕਰਨ ਦੀ ਸਲਾਹ ਦਿੱਤੀ ਗਈ। ਲਛਮਣ ਮਲੂਕਾ, ਜਰਨੈਲ ਭਾਈ ਰੂਪਾ ਦਾ ਕਹਿਣਾ ਸੀ ਕਿ ਲੇਖ ਨੇ ਕਹਾਣੀ ਵਿੱਚ ਮਾਨਵਤਾ ਦੇ ਹੱਕ ਵਿੱਚ ਸਾਰਥਕ ਸੁਨੇਹਾ ਦਿੱਤਾ ਹੈ।
ਦਮਜੀਤ ਦਰਸ਼ਨ ਨੇ “ ਸਿਆਸਤ ਦੀ ਲੱਸੀ ਤੇ ਤਰਦਾ ਮੱਖਣ “ ਕਾਮਰੇਡ ਮੱਖਣ ਸਿੰਘ ਬਾਰੇ ਕਾਵਿ ਚਿੱਤਰ ਪੜਿਆ, ਜਿਸਦੀ ਕਾਫੀ ਤਾਰੀਫ ਕੀਤੀ ਗਈ । ਦਿਲਬਾਗ ਸਿੰਘ ਨੇ ਕਰੋਨਾ ਤੇ ਵਿਅੰਗ ਕਰਦੀਆਂ ਕਵਿਤਾਵਾਂ ਪੜਕੇ ਵਾਹਵਾ ਹਾਸਲ ਕੀਤੀ। ਡਾ ਰਵਿੰਦਰ ਸੰਧੂ ਨੇ ਸਹੀਦ ਭਗਤ ਸਿੰਘ ਨਾਲ ਸਬੰਧਿਤ ਕਵਿਤਾ “ ਵਿਰਸਾ “ਸੁਣਾਈ ਜੋ ਕਿ ਵਿਸ਼ੇ ਅਤੇ ਭਾਵ ਪੱਖੋਂ ਖੂਬ ਸਲਾਹੀ ਗਈ। ਜਸਪਾਲ ਮਾਨਖੇੜਾ ਨੇ ਆਪਣੇ ਨਵੇਂ ਨਾਵਲ ਦਾ ਨੌਵਾਂ ਕਾਂਡ ਪੜਿਆ। ਉਸ ਅਨੁਸਾਰ ਇਹ ਕਾਂਡ ਨਾਵਲ ਦਾ ਨਿਚੋੜ ਹੈ। ਸਾਰੇ ਲੇਖਕਾਂ ਨੇ ਇਸ ਲਿਖਤ ਨੂੰ ਬਿਰਤਾਂਤ ਸਿਰਜਣ ਅਤੇ ਵਿਸ਼ੇ ਦੇ ਨਿਭਾਅ ਕਰਕੇ ਖੂਬਸੂਰਤ ਰਚਨਾ ਕਿਹਾ। ਰਣਵੀਰ ਰਾਣਾ ਅਤੇ ਅਮਨ ਦਾਤੇਵਾਸੀਆ ਨੇ ਗਜਲਾਂ ਸੁਣਾ ਕੇ ਮਹਿਫਲ ਨੂੰ ਸਿਖਰ 'ਤੇ ਪਹੁੰਚਾਇਆ। ਅਖੀਰ ਵਿੱਚ ਪ੍ਰਧਾਨ ਜੇ ਸੀ ਪਰਿੰਦਾ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਸਾਰੀਆਂ ਰਚਨਾਵਾਂ ਨੂੰ ਹਰ ਪੱਖੋਂ ਵਧੀਆ ਅਤੇ ਸਫਲ ਕਹਿੰਦਿਆਂ ਹਾਜਰ ਲੇਖਕਾਂ ਨੂੰ ਵਧਾਈ ਦਿੱਤੀ।