ਬਲਵਿੰਦਰ ਸਿੰਘ ਧਾਲੀਵਾਲ
- ਪਵਿੱਤਰ ਵੇਈਂ ਦੇਸ਼ ਲਈ ਵੱਡੀ ਉਦਾਰਹਣ
ਸੁਲਤਾਨਪੁਰ ਲੋਧੀ, 25 ਨਵੰਬਰ 2020 - ਵਾਤਾਵਰਣ ਪ੍ਰੇਮੀ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਅਜੀਤ ਅਖ਼ਬਾਰ ਦੇ ਮੈਨੇਜ਼ਿੰਗ ਐਡੀਟਰ ਡਾ: ਬਰਜਿੰਦਰ ਸਿੰਘ ਹਮਦਰਦ ਦੀਆਂ ਦੋ ਪੁਸਤਕਾਂ 'ਪਲੀਤ ਹੋਇਆ ਚੌਗਿਰਦਾ' ਅਤੇ 'ਮਾਂ ਬੋਲੀ ਪੰਜਾਬੀ' ਲੋਕ ਅਰਪਣ ਕੀਤੀਆਂ। ਪਵਿੱਤਰ ਕਾਲੀ ਵੇਈਂ ਕਿਨਾਰੇ ਨਿਰਮਲ ਕੁਟੀਆ 'ਚ ਕੀਤੇ ਗਏ ਸੰਖੇਪ ਸਮਾਗਮ ਵਿੱਚ ਡਾ: ਹਮਦਰਦ ਨੇ ਦੋ ਪੁਸਤਕਾਂ ਦੀਆਂ ਪੰਜ-ਪੰਜ ਕਾਪੀਆਂ ਸੰਤ ਸੀਚੇਵਾਲ ਜੀ ਨੂੰ ਭੇਂਟ ਕੀਤੀਆਂ। ਪਿਛਲੇ 20 ਸਾਲਾਂ ਤੋਂ ਚੱਲ ਰਹੀ ਕਾਰ ਸੇਵਾ ਦੌਰਾਨ ਪਵਿੱਤਰ ਵੇਈਂ ਦੀ ਬਦਲੀ ਨੁਹਾਰ ਨੂੰ ਦੇਖਣ ਲਈ ਪਹਿਲੀਵਾਰ ਆਏ ਡਾ: ਬਰਜਿੰਦਰ ਸਿੰਘ ਹਮਦਰਦ ਨੇ ਸੰਤ ਸੀਚੇਵਾਲ ਦੇ ਕਾਰਜਾਂ ਦੀ ਪ੍ਰਸੰਸਾਂ ਕਰਦਿਆ ਕਿਹਾ ਕਿ ਉਨ੍ਹਾਂ ਵੱਲੋਂ ਵਾਤਾਵਰਣ ਪੱਖੀ ਕੀਤੇ ਗਏ ਕਾਰਜਾਂ ਦੀ ਚਰਚਾ ਦੇਸ਼ ਵਿੱਚ ਹੀ ਨਹੀਂ ਸਗੋਂ ਦੁਨੀਆਂ ਦੇ ਕਈ ਵੱਡੇ ਮੰਚਾਂ ਤੋਂ ਹੁੰਦੀ ਰਹਿੰਦੀ ਹੈ ਜੋ ਪ੍ਰੇਰਨਾ ਦਾਇਕ ਹੈ। ਪੰਜਾਬ ਦੇ ਨਦੀਆਂ ਦਰਿਆਵਾਂ ਨੂੰ ਸਾਫ਼ ਸੁਥਰਾ ਰੱਖਣ ਲਈ ਬਾਬੇ ਨਾਨਕ ਦੀ ਵੇਈਂ ਮਾਰਗ ਦਰਸ਼ਕ ਬਣ ਗਈ ਹੈ। ਵਾਤਾਵਰਣ ਦੇ ਨਾਲ-ਨਾਲ ਪੰਜਾਬ ਦੀ ਸਿਆਸਤ ਗੰਧਲੀ ਹੋ ਗਈ ਹੈ। ਉਨ੍ਹਾਂ ਦੋਵੇਂ ਪੁਸਤਕਾਂ ਦਾ ਜ਼ਿਕਰ ਕਰਦਿਆ ਕਿਹਾ ਕਿ ਅਜੀਤ ਵਿੱਚ ਵਾਤਾਵਰਣ ਅਤੇ ਪੰਜਾਬੀ ਮਾਂ ਬੋਲੀ ਬਾਰੇ ਲਿਖੀਆਂ ਸੰਪਾਦਕੀਆਂ ਹਨ।
ਪਵਿੱਤਰ ਵੇਈਂ ਦੁਆਲੇ ਲੱਗੇ ਵੱਡੀ ਗਿਣਤੀ ਵਿੱਚ ਰੁੱਖਾਂ ਅਤੇ ਸਾਫ਼ ਸਫਾਈ ਦਾ ਜ਼ਿਕਰ ਕਰਦਿਆ ਉਨ੍ਹਾਂ ਕਿਹਾ ਕਿ ਇਸ ਥਾਂ ਤੋਂ ਬਹੁਤ ਕੁਝ ਸਿੱਖ ਕੇ ਅਤੇ ਉਤਸ਼ਾਹ ਲੈਕੇ ਜਾ ਰਹੇ ਹਾਂ।ਸੰਤ ਸੀਚੇਵਾਲ ਨੇ ਡਾ: ਹਮਦਰਦ ਨੂੰ ਕਿਸ਼ਤੀ ਰਾਹੀ ਪਵਿੱਤਰ ਵੇਈਂ ਕਿਨਾਰੇ ਬਣੇ ਗੁਰਦੁਆਰਾ ਸੰਤਘਾਟ ਸਾਹਿਬ ਦੇ ਵੀ ਦਰਸ਼ਨ ਕੀਤੇ। ਵੇਈਂ ਦੇ ਪਾਣੀ ਦੀ ਗੁਣਵੱਤਾ ਦੀ ਪਰਖ ਕਰਨ ਲਈ ਜਦੋਂ ਇਸ ਦਾ ਟੀਡੀਐਸ ਮਾਪਿਆ ਗਿਆ ਤਾਂ ਉਹ 107 ਸੀ ਜਿਹੜਾ ਕਿ ਧਰਤੀ ਹੇਠਲੇ ਪਾਣੀ ਨਾਲੋਂ ਵੀ ਵੱਧ ਸ਼ੁੱਧ ਸੀ। ਪੰਜਾਬ ਵਿੱਚ ਅਲੋਪ ਹੋ ਚੁੱਕੇ ਟਿੰਡਾ ਵਾਲੇ ਖੂਹ ਨੂੰ ਵੇਈਂ ਕਿਨਾਰੇ ਗੇੜਿਆ ਅਤੇ ਸੰਤ ਸੀਚੇਵਾਲ ਜੀ ਵੱਲੋਂ ਪੰਜਾਬ ਦੇ ਵਿਰਸੇ ਦੀ ਸਮਭਾਲ ਲਈ ਕੀਤੇ ਜਾ ਰਹੇ ਕਾਰਜ਼ਾਂ ਅੱਗੇ ਸੀਸ ਚੁਕਾਇਆ।ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਇਹ ਕਾਰਜ਼ ਇੱਕ ਵੱਡੀ ਪ੍ਰੇਰਨਾ ਵਾਲਾ ਹੈ।
ਇਸ ਮੌਕੇ ਪੰਜਾਬ ਪ੍ਰੈਸ ਕਲੱਬ ਦੇ ਪ੍ਰਧਾਨ ਡਾ: ਲਖਵਿੰਦਰ ਸਿੰਘ ਜੌਹਲ ਨੇ ਕਿਹਾ ਬਾਬੇ ਨਾਨਕ ਦੀ ਵੇਈਂ ਨੂੰ ਸਾਫ਼ ਕਰਨ ਦਾ ਜੋ ਬੀੜਾ ਸੰਤ ਸੀਚੇਵਾਲ ਨੇ ਚੁੱਕਿਆ ਸੀ ਉਹ 20 ਸਾਲਾਂ ਤੋਂ ਮਿਸਾਲੀ ਕੰਮ ਲਗਾਤਾਰ ਚੱਲ ਰਿਹਾ ਹੈੈ।ਸੀਨੀਅਰ ਪੱਤਰਕਾਰ ਸਤਨਾਮ ਮਾਣਕ ਨੇ ਕਿਹਾ ਕਿ ਉਹ ਪਵਿੱਤਰ ਕਾਲੀ ਵੇਈਂ ਦੀ ਕਾਰ ਸੇਵਾ ਨੂੰ ਸੰਨ 2000 ਤੋਂ ਹੀ ਨੇੜੇਓ ਦੇਖਦੇ ਆ ਰਹੇ ਹਨ।ਉਨ੍ਹਾਂ ਕਿਹਾ ਕਿ ਪੰਜਾਬ ਦੀ ਜਿੰਨ੍ਹੀ ਤਰ੍ਹਾਂ ਦੀ ਵੀ ਵਿਰਾਸਤ ਹੈ ਉਸ ਨੂੰ ਸੰਭਾਲਣ ਦੀ ਲੋੜ ਹੈ।ਪੰਜਾਬੀ ਪੱਤਰਕਾਰੀ ਦਾ ਜਦੋਂ ਇਤਿਹਾਸ ਲਿਿਖਆ ਜਾਵੇਗਾ ਉਦੋਂ ਇਹ ਨਵੀਂ ਪੀੜ੍ਹੀ ਲਈ ਮਾਰਗ ਦਰਸ਼ਕ ਦਾ ਕੰਮ ਕਰੇਗੀ ਕਿ 20 ਸਾਲ ਪਹਿਲਾਂ ਵਾਤਾਵਰਣ ਬਾਰੇ ਕਿਵੇਂ ਕੰਮ ਕੀਤਾ।
ਸੰਤ ਸੀਚੇਵਾਲ ਵੱਲੋਂ ਡਾ: ਬਰਜਿੰਦਰ ਸਿੰਘ ਹਮਦਰਦ, ਲਵਲੀ ਯੂਨੀਵਰਸਿਟੀ ਦੇ ਚੇਅਰਮੈਨ ਰਮੇਸ਼ ਮਿੱਤਲ, ਐਡਵੋਕੇਟ ਗੁਰਬਚਨ ਸਿੰਘ ਸਿਆਲ, ਪ੍ਰਿੰਸੀਪਲ ਸੁਖਜਿੰਦਰ ਸਿੰਘ ਰੰਧਾਵਾ, ਸੀਨੀਅਰ ਪੱਤਰਕਾਰ ਨਰਿੰਦਰ ਸਿੰਘ ਸੋਨੀਆ ਅਤੇ ਗੁਰਵਿੰਦਰ ਸਿੰਘ ਬੋਪਾਰਾਏ ਹਾਜ਼ਰ ਸਨ।