ਸਰ੍ਹੀ (ਕੈਨੇਡਾ), 16 ਅਗਸਤ, 2016 : ਬੀ. ਸੀ. ਪੰਜਾਬੀ ਕਲਚਰਲ ਫਾਊਂਡੇਸ਼ਨ ਅਤੇ ਚੇਤਨਾ ਪ੍ਰਕਾਸ਼ਨ ਲੁਧਿਆਣਾ ਦੇ ਸਹਿਯੋਗ ਨਾਲ ਡਾ. ਸਾਧੂ ਸਿੰਘ ਲਿਖਤ ਸਮਾਲੋਚਨਾ ਦੀ ਨਵਪ੍ਰਕਾਸ਼ਤ ਪੁਸਤਕ 'ਪਾਤਰ-ਕਾਵਿ ਦੀ ਅੰਤਰ-ਯਾਤਰਾ' ਉਪਰ ਵਿਚਾਰ ਚਰਚਾ ਕਰਵਾਉਣ ਲਈ ਪ੍ਰੋਗਰੈਸਿਵ ਕਲਚਰਲ ਸੈਂਟਰ ਸਰ੍ਹੀ ਵਿਚ ਇਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ਦੂਰੋਂ ਨੇੜਿਉਂ ਵੱਡੀ ਗਿਣਤੀ ਵਿਚ ਉੱਘੇ ਵਿਦਵਾਨਾਂ, ਲੇਖਕਾਂ ਤੇ ਸਾਹਿਤ ਪ੍ਰੇਮੀਆਂ ਨੇ ਹਾਜ਼ਰੀ ਲਵਾਈ। ਹਾਲ ਖਚਾ ਖਚ ਭਰਿਆ ਹੋਇਆ ਸੀ। ਆਰੰਭ ਵਿਚ ਜਰਨੈਲ ਸਿੰਘ ਆਰਟਿਸਟ ਤੇ ਮੋਹਨ ਗਿੱਲ ਨੇ ਸਭ ਨੂੰ 'ਜੀ ਆਇਆਂ' ਦੇ ਸ਼ਬਦ ਕਹੇ ਅਤੇ ਮੰਚ ਸੰਚਾਲਣ ਲਈ ਸੁਰਿੰਦਰ ਚਾਹਲ ਨੂੰ ਅਗਲੀ ਕਾਰਵਾਈ ਚਲਾਉਣ ਲਈ ਸੱਦਾ ਦਿੱਤਾ। ਸੁਰਿੰਦਰ ਚਾਹਲ ਨੇ ਮੰਚ 'ਤੇ ਆਉਂਦਿਆਂ ਹੀ ਕਿਹਾ ਕਿ ਮੰਚ ਉਪਰ ਪ੍ਰਧਾਨਗੀ ਮੰਡਲ ਬਿਠਾਉਣ ਵਾਲੀ ਪਿਰਤ ਤੋੜੀ ਜਾ ਰਹੀ ਹੈ। ਇਥੇ ਆਏ ਸਾਰੇ ਸੱਜਣ ਪਤਵੰਤੇ ਹਨ ਤੇ ਸਾਰੇ ਹੀ ਪ੍ਰਧਾਨਗੀ ਮੰਡਲ ਵਿਚ ਹਨ।
ਗੋਸ਼ਟੀ ਦੀ ਸ਼ੁਰੂਆਤ ਕਰਦਿਆਂ ਪ੍ਰਸਿੱਧ ਸ਼ਾਇਰ ਜਸਵਿੰਦਰ ਨੇ ਦੱਸਿਆ ਕਿ ਪੰਜਾਬੀ ਦੀ ਇਹ ਪਹਿਲੀ ਪੁਸਤਕ ਹੈ ਜਿਸ ਵਿਚ ਅਲੋਚਨਾ ਇਕ ਦਿਲਚਸਪ ਤੇ ਨਵੇਕਲੇ ਅੰਦਾਜ਼ ਵਿਚ ਸਾਹਮਣੇ ਆਈ ਹੈ। ਪੁਸਤਕ ਦੇ ਸਾਰੇ ਅਧਿਆਏ ਇਕ ਕੜੀ ਵਾਂਗ ਜੁੜੇ ਹੋਏ ਹਨ ਜਿਸ ਕਾਰਨ ਪਾਠਕ ਦੀ ਪੜ੍ਹਨ ਰੁਚੀ ਲਗਾਤਾਰ ਬਣੀ ਰਹਿੰਦੀ ਹੈ। ਇਸ ਪੁਸਤਕ ਦੀ ਪ੍ਰਾਪਤੀ ਇਹ ਹੈ ਕਿ ਇਸ ਨੇ ਪੰਜਾਬੀ ਸਮਾਲੋਚਨਾ ਦੇ ਪ੍ਰਸੰਗ ਵਿਚ ਨਵਾਂ ਸੰਵਾਦ ਰਚਾਇਆ ਹੈ।
ਸਤੀਸ਼ ਗੁਲਾਟੀ ਦਾ ਕਹਿਣਾ ਸੀ ਕਿ ਪਾਤਰ ਸਾਹਿਬ ਬਹੁਤ ਵੱਡੇ ਪੰਜਾਬੀ ਦੇ ਸ਼ਾਇਰ ਹਨ। ਕਿਸੇ ਵੱਡੇ ਸ਼ਾਇਰ ਦੀ ਨਿੱਕੀ ਜਹੀ ਕਮਜ਼ੋਰੀ ਵੱਲ ਧਿਆਨ ਜਾਣਾ ਸੁਭਾਵਕ ਹੀ ਹੁੰਦਾ ਹੈ। ਸਾਧੂ ਬਿਨਿੰਗ ਨੇ ਪੁਸਤਕ ਉਪਰ ਕੀਤੇ ਮੁਲਅੰਕਣ 'ਤੇ ਸੰਤੁਸ਼ਟਤਾ ਪ੍ਰਗਟਾਈ ਪਰ ਉਹਨਾਂ ਦਾ ਵਿਚਾਰ ਸੀ ਕਿ ਕੁਝ ਹੋਰ ਖੁੱਲ੍ਹ ਕੇ ਲਿਖਿਆ ਜਾਣਾ ਚਾਹੀਦਾ ਸੀ। ਸੁਖਵੰਤ ਹੁੰਦਲ ਦਾ ਵਿਚਾਰ ਸੀ ਕਿ ਸਾਰੀ ਪੁਸਤਕ ਪੜ੍ਹ ਕੇ ਇੰਞ ਮਹਿਸੂਸ ਹੋਇਆ ਕਿ ਉਹ ਗੱਲ ਨਹੀਂ ਬਣੀ ਜਿਹੜੀ ਸਾਧੂ ਭਾਅ ਜੀ ਤੋਂ ਆਸ ਕੀਤੀ ਜਾ ਸਕਦੀ ਸੀ। ਜਰਨੈਲ ਸਿੰਘ ਸੇਖਾ ਨੇ ਆਪਣੇ ਪਰਚੇ ਵਿਚ ਕਿਹਾ ਕਿ ਪਾਤਰ ਆਪਣੀ ਸ਼ਾਇਰੀ ਦਾ ਆਪ ਸਭ ਤੋਂ ਵੱਡਾ ਅਲੋਚਕ ਹੈ ਪਰ ਉਸ ਦੇ ਕੁਝ ਸ਼ਿਅਰਾਂ ਤੋਂ ਇੰਞ ਜਾਪਦਾ ਹੈ ਜਿਵੇਂ ਉਹ ਆਪਣੀ ਸ਼ਾਇਰੀ ਉਪਰ ਸੰਵਾਦ ਰਚਾਉਣੋ ਸੰਕੋਚ ਕਰਦਾ ਹੋਵੇ। ਡਾ. ਗੁਰਵਿੰਦਰ ਸਿੰਘ ਧਾਲੀਵਾਲ ਦੇ ਵਿਚਾਰ ਵਿਚ ਕਿਸੇ ਸ਼ਾਇਰ ਦੇ ਕੁਝ ਸ਼ਿਅਰ ਲੈ ਕੇ ਉਸ ਉਪਰ ਕਿੰਤੂ ਕਰਨਾ ਠੀਕ ਨਹੀਂ ਹੁੰਦਾ। ਡਾ. ਪ੍ਰਿਥੀਪਾਲ ਸੋਹੀ ਨੇ ਪਾਤਰ ਦੇ ਕੁਝ ਸ਼ਿਅਰਾਂ ਨੂੰ ਆਧਾਰ ਬਣਾ ਕੇ ਪੰਜਾਬ ਤਰਾਸਦੀ ਦੀ ਗੱਲ ਕੀਤੀ। ਡਾ. ਸੁਰਿੰਦਰ ਧੰਜਲ ਨੇ ਕਿਹਾ ਕਿ ਪੰਜਾਬੀ ਦੇ ਮਹਾਨ ਤੇ ਹਰਮਨ ਪਿਆਰੇ ਸ਼ਾਇਰ ਦੀ ਸਮੁੱਚੀ ਸ਼ਾਇਰੀ ਬਾਰੇ ਸਾਰਥਿਕ ਅਲੋਚਨਾ ਕਰ ਕੇ ਡਾ.ਸਾਧੂ ਸਿੰਘ ਨੇ ਪੰਜਾਬੀ ਅਲੋਚਨਾ ਦੇ ਖੇਤਰ ਵਿਚ ਨਿੱਗਰ ਵਾਧਾ ਕੀਤਾ ਹੈ। ਕ੍ਰਿਪਾਲ ਬੈਂਸ ਦਾ ਕਹਿਣਾ ਸੀ ਕਿ ਡਾ. ਸਾਧੂ ਸਿੰਘ ਨੇ ਪਾਤਰ ਦੀ ਸ਼ਾਇਰੀ ਦੇ ਕਈ ਨਵੇਂ ਪੱਖ ਉਜਾਗਰ ਕੀਤੇ ਹਨ।
ਕੁਝ ਬੁਲਾਰਿਆਂ ਵਲੋਂ ਉਠਾਏ ਨੁਕਤਿਆਂ ਦੇ ਜਵਾਬ ਵਿਚ ਡਾ. ਸਾਧੂ ਸਿੰਘ ਨੇ ਪਾਤਰ ਦੀ ਸ਼ਾਇਰੀ ਵਿਚੋਂ ਉਦਾਹਰਨਾਂ ਦੇ ਕੇ ਆਪਣਾ ਪੱਖ ਪੇਸ਼ ਕੀਤਾ। ਅੰਤ ਵਿਚ ਡਾ. ਸਾਧੂ ਸਿੰਘ ਦੀ ਬੇਟੀ ਲੋਕਾਇਤਾ ਕੁਲਾਰ ਨੇ ਆਪਣੇ ਪਿਤਾ ਦੀ ਉੱਚ ਸ਼ਖਸੀਅਤ ਬਾਰੇ ਕੁਝ ਚਾਨਣਾ ਪਾਉਣ ਉਪਰੰਤ ਸਮਾਗਮ ਵਿਚ ਹਾਜ਼ਰ ਸਭਨਾਂ ਸਰੋਤਿਆਂ, ਮਹਿਮਾਨਾਂ ਤੇ ਲੇਖਕਾਂ ਦਾ ਧੰਨਵਾਦ ਕੀਤਾ। ਇਸ ਸਮਾਗਮ ਵਿਚ ਅਜਮੇਰ ਰੋਡੇ, ਸੁਰਜੀਤ ਕਲਸੀ, ਇੰਦਰਜੀਤ ਕੌਰ ਸਿੱਧੂ, ਨਦੀਮ ਪਰਮਾਰ, ਮੁਹਿੰਦਰ ਸੂਮਲ, ਇੰਦਰਜੀਤ ਧਾਮੀ, ਪਰਮਿੰਦਰ ਸਵੈਚ, ਹਰਦਮ ਸਿੰਘ ਮਾਨ, ਪ੍ਰੋ. ਕਰਮਜੀਤ ਸਿੰਘ ਗਿੱਲ, ਹਰਪ੍ਰੀਤ ਸੇਖਾ, ਡਾ. ਦਿਲਬਾਗ ਰਾਣਾ, ਅਵਤਾਰ ਗਿੱਲ, ਗੁਰਮੇਲ ਰਾਏ ਅਤੇ ਕਈ ਹੋਰ ਪਤਵੰਤੇ ਸੱਜਣ ਹਾਜ਼ਰ ਸਨ। ਡਾ. ਸਾਧੂ ਸਿੰਘ ਦਾ ਸਾਰਾ ਪਰਿਵਾਰ ਵੀ ਹੁਮ ਹੁਮਾ ਕੇ ਪਹੁਚਿਆ ਹੋਇਆ ਸੀ। ਇਹ ਗੋਸ਼ਟੀ ਸਮਾਗਮ ਲੋਅਰ ਮੇਨਲੈਂਡ ਦੇ ਇਤਿਹਾਸ ਵਿਚ ਆਪਣੀਆਂ ਨਿਵੇਕਲੀਆਂ ਪੈੜਾਂ ਛੱਡ ਗਿਆ।
ਸਰ੍ਹੀ: ਡਾ. ਸਾਧੂ ਸਿੰਘ ਲਿਖਤ ਸਮਾਲੋਚਨਾ ਦੀ ਨਵਪ੍ਰਕਾਸ਼ਤ ਪੁਸਤਕ 'ਪਾਤਰ-ਕਾਵਿ ਦੀ ਅੰਤਰ-ਯਾਤਰਾ' ਉਪਰ ਵਿਚਾਰ ਚਰਚਾ ਕਰਵਾਉਣ ਲਈ ਚੇਤਨਾ ਪ੍ਰਕਾਸ਼ਨ ਤੇ ਬੀ ਸੀ ਪੰਜਾਬੀ ਕਲਚਰਲ ਫਾਊਂਡੇਸ਼ਨ ਵਲੋਂ ਇਕ ਸਮਾਗਮ 13 ਅਗਸਤ, 2016, ਦਿਨ ਸਨਿਚਰਵਾਰ, ਦੁਪਹਿਰ ਦੋ ਵਜੇ ਤੋਂ ਚਾਰ ਵਜੇ ਤਕ ਪ੍ਰੋਗਰੈਸਿਵ ਚਲਚਰਲ ਸੈਂਟਰ #126/ 7536-130 ਸਟਰੀਟ ਸਰ੍ਹੀ ਵਿਚ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਨਾਮਵਰ ਚਿੰਤਕ ਪੁਸਤਕ ਉਪਰ ਵਿਚਾਰ ਚਰਚਾ ਕਰਨਗੇ। ਐਡਮੰਟਨ ਤੇ ਕੈਲਗਰੀ ਤੋਂ ਵੀ ਕੁਝ ਵਿਚਾਰਵਾਨ ਇਸ ਸਮਾਗਮ ਵਿਚ ਭਾਗ ਲੈਣ ਲਈ ਆ ਰਹੇ ਹਨ। ਸਮਾਗਮ ਵਿਚ ਭਾਗ ਲੈਣ ਲਈ ਕੋਈ ਟਿਕਟ ਨਹੀਂ। ਹੋਰ ਜਾਣਕਾਰੀ ਲਈ ਹੇਠ ਲਿਖੇ ਨੰਬਰਾਂ ਉਪਰ ਸੰਪਰਕ ਕੀਤਾ ਜਾ ਸਕਦਾ ਹੈ।
ਫੋਨ ਨੰਬਰ: ਸੁਰਿੰਦਰ ਚਾਹਲ; 604 830 9098
ਜਰਨੈਲ ਸਿੰਘ ਆਰਟਿਸਟ; 604 825 4659
ਜਰਨੈਲ ਸਿੰਘ ਸੇਖਾ; 778 246 1087
ਸਤੀਸ਼ ਗੁਲਾਟੀ; 778 680 2551