ਮੋਹਾਲੀ, 10 ਫਰਵਰੀ - ਪੰਜਾਬੀ ਸਾਹਿਤ ਸਭਾ ਮੁਹਾਲੀ ਦੇ ਪ੍ਰਧਾਨ ਡਾ. ਸ਼ਿੰਦਰਪਾਲ ਸਿੰਘ ਵੱਲੋਂ ਜਾਰੀ ਕੀਤੇ ਪ੍ਰੈੱਸ ਬਿਆਨ 'ਚ ਦੱਸਿਆ ਗਿਆ ਕਿ ਨਾਮਵਰ ਕਹਾਣੀਕਾਰ ਦੇਵ ਭਾਰਦਵਾਜ ਦਾ ਅੱਜ ਸਵੇਰੇ ਚਾਰ ਵਜੇ ਜ਼ੀਰਕਪੁਰ ਦੇ ਇੱਕ ਨਿੱਜੀ ਹਸਪਤਾਲ 'ਚ ਦੇਹਾਂਤ ਹੋ ਗਿਆ। ਉਹ ਪਿਛਲੇ ਇੱਕ ਮਹੀਨੇ ਤੋਂ ਜ਼ੇਰੇ ਇਲਾਜ ਸਨ। ਦੋ ਸਾਲ ਪਹਿਲਾਂ ਉਨ੍ਹਾਂ ਦੀ ਪਤਨੀ ਵੀੌ ਸਦੀਵੀ ਵਿਛੋੜਾ ਦੇ ਗਈ ਸੀ। ਉਨ੍ਹਾਂ ਦੇ ਬੇਟੇ 12 ਫਰਵਰੀ ਦੀ ਰਾਤ ਨੂੰ ਵਿਦੇਸ਼ ਆਉਣਗੇ ਅਤੇ 13 ਫਰਵਰੀ ਨੂੰ ਉਨ੍ਹਾਂ ਦਾ ਸਸਕਾਰ ਕੀਤਾ ਜਾਵੇਗਾ।
ਉਨ੍ਹਾਂ ਦੇ ਅਕਾਲ ਚਲਾਣੇ 'ਤੇ ਦੁੱਖ ਪ੍ਰਗਟ ਕਰਨ ਵਾਲਿਆਂ 'ਚ ਮੁਹਾਲੀ ਦੀ ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਡਾ. ਸ਼ਿੰਦਰਪਾਲ ਸਿੰਘ ਤੋਂ ਇਲਾਵਾ ਸਭਾ ਦੇ ਸਰਪ੍ਰਸਤ ਡਾ. ਦੀਪਕ ਮਨਮੋਹਨ ਸਿੰਘ, ਜਨਰਲ ਸਕੱਤਰ ਡਾ, ਸਵੈਰਾਜ ਸੰਧੂ, ਪ੍ਰੈੱਸ ਸਕੱਤਰ ਨਰਿੰਦਰ ਕੌਰ ਨਸਰੀਨ, ਮੀਤ ਪ੍ਰਧਾਨ ਸ. ਸੁਰਿੰਦਰ ਸਿੰਘ ਪੱਤਰਕਾਰ ਅਤੇ ਖਜਾਨਚੀ ਡਾ. ਨਿਰਮਲ ਸਿੰਘ ਬਾਸੀ ਸ਼ਾਮਲ ਸਨ।
ਸ਼ੋਕ ਸਭਾ ਵਿਚ ਪ੍ਰਸਿੱਧ ਕਵਿਤਰੀ ਪ੍ਰੋ. ਮਨਜੀਤ ਇੰਦਰਾ ਨੇ ਦੱਸਿਆ ਕਿ ਦੇਵ ਭਾਰਦਵਾਜ ਨੇ ਤਿੰਨ ਮਹੀਨੇ ਪਹਿਲਾਂ ਉਨ੍ਹਾਂ ਨੇ ਆਪਣੇ 70ਵੇਂ ਜਨਮਦਿਨ ਮੌਕੇ ਖਰੜ ਦੇ ਅਨਾਥਾਲਿਆ ਨੂੰ 10 ਹਜ਼ਾਰ ਰੁਪਏ ਦਾਨ ਕੀਤੇ ਸਨ। ਉਨ੍ਹਾਂ ਦੇ ਉੱਦਮ ਨਾਲ ਹੀ 'ਕਾਫਲਾ' ਨਾਮੀ ਅੰਤਰਰਾਸ਼ਟਰੀ ਪੱਧਰ 'ਤੇ ਸਾਹਿਤਕ ਸਰਗਰਮੀਆਂ ਲਗਾਤਾਰ ਜਾਰੀ ਰੱਖੀਆਂ ਹੋਈਆਂ ਹਨ। ਉਹ ਅੰਗ੍ਰੇਜ਼ੀ ਭਾਸ਼ਾ 'ਚ ਚੱਲਦੇ ਕਾਫਲਾ ਨਾਮੀ ਪੱਤ੍ਰਿਕਾ ਦੇ ਸੰਪਾਦਕ ਸਨ। ਉਨ੍ਹਾਂ ਦੀਆਂ ਕਹਾਣੀਆਂ 'ਨਾਗਮਣੀ' 'ਚ ਛਪਦੀਆਂ ਰਹੀਆਂ ਹਨ। ਉਨ੍ਹਾਂ ਦੇ ਚਾਰ ਮਹੀਨੇ ਪਹਿਲਾਂ ਕ੍ਰਿਸ਼ਚੀਅਨ ਕਾਲਜ ਇੰਦੌਰ (ਮੱਧ ਪ੍ਰਦੇਸ਼) 'ਚ ਦੋ ਰੋਜ਼ਾ ਅੰਤਰਰਾਸ਼ਟਰੀ ਸਾਹਿਤ ਸੰਮੇਲਨ ਦਾ ਆਯੋਜਨ ਕੀਤਾ ਸੀ। ਜਿਸ 'ਚ 12 ਦੇਸ਼ਾਂ ਦੇ 200 ਡੈਲੀਗੇਟਾਂ ਨੇ ਭਾਗ ਲਿਆ ਸੀ।