ਪੰਜਾਬੀ ਬਾਲ ਸਾਹਿਤ ਗੁਜਰਾਤੀ ਭਾਸ਼ਾ ਵਿਚ ਛਪੇਗਾ- ਡਾ. ਦਰਸ਼ਨ ਸਿੰਘ ਆਸ਼ਟ
ਬਾਬੂਸ਼ਾਹੀ ਨੈੱਟਵਰਕ
ਪਟਿਆਲਾ, 30 ਅਕਤੂਬਰ 2021- ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਕਾਰਜਸ਼ੀਲ ਸਾਹਿਤ ਅਕਾਦਮੀ ਪੁਰਸਕਾਰ ਵਿਜੈਤਾ ਡਾ. ਦਰਸ਼ਨ ਸਿੰਘ ਆਸ਼ਟ ਨੇ ਆਪਣੇ ਗੁਜਰਾਤ ਪ੍ਰਾਂਤ ਦੇ ਦੌਰੇ ਦੌਰਾਨ ਅਹਿਮਦਾਬਾਦ ਜ਼ਿਲ੍ਹੇ ਦੇ ਸਾਬਰਮਤੀ ਆਸ਼ਰਮ ਵਿਚ ਬਾਲ ਸਾਹਿਤ ਸੰਬੰਧੀ ਵਿਚਾਰ ਚਰਚਾ ਕੀਤੀ। ਡਾ. ‘ਆਸ਼ਟ* ਨੇ ਸਾਬਰਮਤੀ ਆਸ਼ਰਮ ਦੇ ਪੁਸਤਕ ਪ੍ਰਕਾਸ਼ਨ ਵਿਭਾਗ ਨਾਲ ਮੁਲਾਕਾਤ ਦੌਰਾਨ ਇਸ ਗੱਲ ਉਪਰ ਜ਼ੋਰ ਦਿੱਤਾ ਕਿ ਪੰਜਾਬੀ ਮਾਂ ਬੋਲੀ ਦੁਨੀਆ ਦੇ 150 ਮੁਲਕਾਂ ਵਿਚ ਬੋਲੀ ਜਾਣ ਵਾਲੀ ਉਹ ਅਹਿਮ ਭਾਸ਼ਾ ਹੈ ਜਿਸ ਨੂੰ 15 ਕਰੋੜ ਪੰਜਾਬੀ ਬੋਲਦੇ ਹਨ। ਇਸ ਭਾਸ਼ਾ ਵਿਚ ਬੱਚਿਆਂ ਲਈ ਮਿਆਰੀ ਸਾਹਿਤ ਦੀ ਸਿਰਜਣਾ ਹੋ ਰਹੀ ਹੈ। ਜਿਸ ਨੂੰ ਭਾਰਤ ਦੀਆਂ ਵੱਖ ਵੱਖ ਪ੍ਰਾਂਤਕ ਭਾਸ਼ਾਵਾਂ ਵਿਚ ਅਨੁਵਾਦ ਕੀਤੇ ਜਾਣ ਦੀ ਜ਼ਰੂਰਤ ਹੈ, ਤਾਂ ਜੋ ਉਹਨਾਂ ਪ੍ਰਾਂਤਾਂ ਦੇ ਬੱਚਿਆਂ ਨੂੰ ਪੰਜਾਬ ਦੀ ਅਨੂਠੀ ਸਾਹਿਤਕ,ਸਭਿਆਚਾਰਕ,ਭਾਸ਼ਾਈ ਅਤੇ ਸਮਾਜਿਕ ਵਿਰਾਸਤ ਤੋਂ ਜਾਣੂੰ ਕਰਵਾਇਆ ਜਾ ਸਕੇ ।
ਜਿਸ ਨਾਲ ਉਹਨਾਂ ਦੇ ਗਿਆਨ ਵਿਚ ਵਾਧਾ ਹੋ ਸਕੇ ਅਤੇ ਭਾਰਤੀ ਭਾਸ਼ਾਵਾਂ ਦਾ ਪਰਸਪਰ ਗੌਰਵ ਵਧ ਸਕੇ। ਡਾ. ਦਰਸ਼ਨ ਸਿੰਘ ਆਸ਼ਟ ਵੱਲੋਂ ਸੁਝਾਏ ਗਏ ਮੁੱਦਿਆਂ ਨਾਲ ਸਹਿਮਤੀ ਪ੍ਰਗਟਾਉਂਦਿਆਂ ਸਾਬਰਮਤੀ ਆਸ਼ਰਮ ਦੇ ਪੁਸਤਕ ਪ੍ਰਕਾਸ਼ਨ ਵਿਭਾਗ ਦੇ ਪ੍ਰਬੰਧਕਾਂ ਨੇ ਭਰੋਸਾ ਦਿਵਾਇਆ ਕਿ ਉਹ ਭਵਿੱਖ ਵਿਚ ਇਸ ਤਰ੍ਹਾਂ ਦੀ ਯੋਜਨਾ ਨੂੰ ਜ਼ਰੂਰ ਵਿਚਾਰਨਗੇ। ਇਸ ਸਾਹਿਤਕ ਆਦਾਨ ਪ੍ਰਦਾਨ ਨਾਲ ਭਾਰਤ ਵਿਚ ਬਾਲ ਸਾਹਿਤ ਪੁਸਤਕ ਸਭਿਆਚਾਰ ਨੂੰ ਹੁਲਾਰਾ ਮਿਲੇਗਾ ਅਤੇ ਬੱਚਿਆਂ ਵਿਚ ਸਿਰਜਣਾਤਮਕ ਰੁਚੀਆਂ ਉਤਪੰਨ ਹੋਣਗੀਆਂ।