ਬਰੈਂਪਟਨ ਵਿਚ ਨਾਮਵਾਰ ਸਿੱਖ ਵਿਦਵਾਨ ਗਿਆਨ ਸਿੰਘ ਸੰਧੂ ਦੀਆਂ ਦੋ ਪੁਸਤਕਾਂ ਰਿਲੀਜ਼
ਲਹਿੰਦੇ ਪੰਜਾਬ ਦੇ ਨਾਮਵਰ ਅਦੀਬ ਪ੍ਰੋ. ਆਸ਼ਿਕ ਰਹੀਲ ਦਾ ਸਨਮਾਨ
ਹਰਦਮ ਮਾਨ,ਬਾਬੂਸ਼ਾਹੀ ਨਾੈਟਵਰਕ
ਸਰੀ, 10ਅਗਸਤ 2022- ਓਨਟਾਰੀਓ ਸੂਬੇ ਦੇ ਬਰੈਂਪਟਨ ਸ਼ਹਿਰ ਵਿਚ ਅਨੌਖੀ ਰੈਸਟੋਰੈਂਟ ਵਿਖੇ, ਸਿੱਖ ਨੈਸ਼ਨਲ ਆਰਕਾਈਵਜ ਕੈਨੇਡਾ ਵੱਲੋਂ ਕਰਵਾਏ ਵਿਸ਼ੇਸ਼ ਸਮਾਗਮ ਵਿੱਚ ਨਾਮਵਰ ਸਿੱਖ ਵਿਦਵਾਨ ਗਿਆਨ ਸਿੰਘ ਸੰਧੂ ਦੀਆਂ ਪੁਸਤਕਾਂ ‘ਅਣਗਾਹੇ ਰਾਹ’ ਅਤੇ ‘ਸਿੱਖ ਧਰਮ ਬਾਰੇ 20 ਮਿੰਟਾਂ ਦੀ ਜਾਣਕਾਰੀ’ ਲੋਕ ਅਰਪਿਤ ਕੀਤੀਆਂ ਗਈਆਂ ਅਤੇ ਲਹਿੰਦੇ ਪੰਜਾਬ ਦੇ ਨਾਮਵਰ ਅਦੀਬ ਪ੍ਰੋ. ਆਸ਼ਿਕ ਰਹੀਲ ਦਾ ਸਨਮਾਨ ਕੀਤਾ ਗਿਆ।
ਸਮਾਗਮ ਦੀ ਸ਼ੁਰੂਆਤ ਕਰਦਿਆਂ ਗਿਆਨ ਸਿੰਘ ਸੰਧੂ ਨੇ ਕਿਹਾ ਕਿ ਉਹ ਪ੍ਰੋਫੈਸਰ ਆਸ਼ਿਕ ਰਾਹੀਲ ਨਾਲ ਵਿਅਕਤੀਗਤ ਤੌਰ ‘ਤੇ ਪਹਿਲੀ ਵਾਰ ਮੁਲਾਕਾਤ ਕਰ ਰਹੇ ਹਨ ਅਤੇ ਇਸ ਮਿਲਣੀ ਦਾ ਸਬੱਬ ਜੈਤੇਗ ਸਿੰਘ ਅਨੰਤ ਹੁਰਾਂ ਸਦਕਾ ਹੋਇਆ ਹੈ। ਉਨ੍ਹਾਂ ਪ੍ਰੋ. ਆਸ਼ਿਕ ਰਹੀਲ ਵੱਲੋਂ “ਅਣਗਾਹੇ ਰਾਹ” ਦਾ ਲਿਪੀਅੰਤਰ ਸ਼ਾਹਮੁਖੀ ਵਿਚ ਕਰਨ ਲਈ ਉਨ੍ਹਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਇਹ ਕਾਰਜ ਬਹੁਤ ਹੀ ਮਿਹਨਤ ਤੇ ਸ਼ਿਦਤ ਨਾਲ ਕੀਤਾ ਹੈ। ਪ੍ਰੋ. ਆਸ਼ਿਕ ਰਹੀਲ ਲਹਿੰਦੇ ਪੰਜਾਬ ਦੇ ਨਾਮਵਰ ਅਦੀਬਾਂ ਵਿੱਚੋਂ ਇਕ ਹਨ ਅਤੇ ਮੇਰੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਮੇਰੀ ਕਿਤਾਬ ਇਨ੍ਹਾਂ ਦੀ ਰਹਿਨੁਮਾਈ ਹੇਠ ਲਿਪੀਅੰਤਰ ਹੋਈ ਹੈ।
ਦੂਜੀ ਕਿਤਾਬ 20 Minute Guide to the Sikh Faith “ ਸਿੱਖ ਧਰਮ ਬਾਰੇ 20 ਮਿੰਟਾਂ ਦੀ ਜਾਣਕਾਰੀ” ਦਾ ਅੰਗਰੇਜ਼ੀ ਤੋਂ ਸ਼ਾਹਮੁਖੀ ਵਿਚ ਉਤਾਰਾ ਲਹਿੰਦੇ ਪੰਜਾਬ ਦੀ ਨਾਮਵਰ ਅਦੀਬ ਪ੍ਰੋ. (ਡਾ) ਨਬੀਲਾ ਰਹਿਮਾਨ ਨੇ ਬੜੀ ਮੁਹੱਬਤ ਤੇ ਬੜੇ ਖ਼ਲੂਸ ਨਾਲ ਕੀਤਾ ਹੈ। ਇਹ ਵੀ ਸਾਡੇ ਲਈ ਬੜੀ ਖੁਸ਼ੀ ਦੇ ਪਲ ਹਨ ਕਿ ਡਾ. ਨਬੀਲਾ ਰਹਿਮਾਨ ‘ਯੂਨੀਵਰਸਟੀ ਆਫ ਝੰਗ’ ਦੇ ਵਾਈਸ ਚਾਂਸਲਰ ਬਣ ਗਏ ਹਨ। ਇਨ੍ਹਾਂ ਦੋਹਾਂ ਪੁਸਤਕਾਂ ਦੇ ਪ੍ਰਕਾਸ਼ਨ ਹਿਤ ਉਨ੍ਹਾਂ ਆਪਣੇ ਗੂੜੇ ਮਿੱਤਰ ਜੈਤੇਗ ਸਿੰਘ ਅਨੰਤ ਦੀ ਨਿਗਰਾਨੀ ਤੇ ਅਗਵਾਈ ਨੂੰ ਸੋਨੇ ਤੇ ਸੁਹਾਗੇ ਦਾ ਕਾਰਜ ਦੱਸਿਆ।
ਸਮਾਗਮ ਦੇ ਦੂਜੇ ਬੁਲਾਰੇ ਲਹਿੰਦੇ ਪੰਜਾਬ ਦੇ ਨਾਮਵਰ ਅਦੀਬ ਪ੍ਰੋ. ਆਸ਼ਿਕ ਰਾਹੀਲ ਨੇ ਜੈਤੇਗ ਸਿੰਘ ਅਨੰਤ ਦੀ ਮਾਰਫਤ ਗਿਆਨ ਸਿੰਘ ਸੰਧੂ ਨਾਲ ਸੰਪਰਕ ਹੋਣ ਦਾ ਜ਼ਿਕਰ ਕੀਤਾ। ਉਨ੍ਹਾਂ ਜੈਤੇਗ ਸਿੰਘ ਅਨੰਤ ਨੂੰ ਦੋਹਾਂ ਪੰਜਾਬਾਂ ਦਾ ਪੁਲ ਦੱਸਿਆ। ਪੁਸਤਕ ‘ਅਣਗਾਹੇ ਰਾਹ’ ਬਾਰੇ ਵਿਚਾਰ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਮੇਰੀ ਨਜ਼ਰ ਵਿਚ ਇਹ ਪੁਸਤਕ ਬਹੁਤ ਸਾਰੀਆਂ ਸਾਹਿਤਕ ਵੰਨਗੀਆਂ ਦਾ ਸੁਮੇਲ ਹੈ। ਇਸ ਵਿਚ ਇੱਕੋ ਵੇਲੇ ਸਵੈ-ਜੀਵਨੀ, ਸਫਰਨਾਮਾ, ਕੈਨੇਡਾ ਦਾ ਜਨ-ਜੀਵਨ ਤੇ ਇਤਿਹਾਸ ਸਮੋਇਆ ਹੋਇਆ ਹੈ।
ਇਸ ਮੌਕੇ ਮੈਂਬਰ ਪਾਰਲੀਮੈਂਟ ਇਕਵਿੰਦਰ ਸਿੰਘ ਗਹੀਰ ਨੇ ਪ੍ਰੋ. ਆਸ਼ਿਕ ਰਾਹੀਲ ਦੇ ਅਦਬੀ ਸਫਰ ਅਤੇ ਉਨ੍ਹਾਂ ਵੱਲੋਂ ਪੰਜਾਬੀ ਸਾਹਿਤ ਵਿਚ ਪਾਏ ਯੋਗਦਾਨ ਦੀ ਪ੍ਰਸੰਸਾ ਕੀਤੀ। ਵਰਲਡ ਸਿੱਖ ਸੰਸਥਾ ਦੀ ਡਾਇਰੈਕਟਰ ਆਫ ਐਡਮਿਨਸਟਰੇਸ਼ਨ ਕਿਰਪਾ ਕੌਰ ਗਰੇਵਾਲ ਨੇ ਸੰਖੇਪ ਤੇ ਭਾਵਪੂਰਨ ਸ਼ਬਦਾਂ ਰਾਹੀਂ ‘ਅਣਗਾਹੇ ਰਾਹ’ ਨੂੰ ਨੌਜਵਾਨਾਂ ਲਈ ਇਤਿਹਾਸਕ ਕੜੀ ਆਖਿਆ ਅਤੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਬਾਅਦ ਵਿਚ ਤਾੜੀਆਂ ਦੀ ਗੂੰਜ ਵਿਚ “ਅਣਗਾਹੇ ਰਾਹ” ਅਤੇ ‘ਸਿੱਖ ਧਰਮ ਬਾਰੇ 20 ਮਿੰਟਾਂ ਦੀ ਜਾਣਕਾਰੀ’ ਪੁਸਤਕਾਂ ਲੋਕ ਅਰਪਣ ਕੀਤੀਆਂ ਗਈਆਂ।
ਇਸ ਮੌਕੇ ਗਿਆਨ ਸਿੰਘ ਸੰਧੂ ਅਤੇ ਸਮਾਗਮ ਦੀ ਪ੍ਰਧਾਨਗੀ ਕਰ ਰਹੇ ਮੈਂਬਰ ਪਾਰਲੀਮੈਂਟ ਇਕਵਿੰਦਰ ਸਿੰਘ ਗਹੀਰ ਨੇ ਪ੍ਰੋ. ਆਸ਼ਿਕ ਰਾਹੀਲ ਨੂੰ ਯਾਦਗਾਰੀ ਚਿੰਨ (ਪਲੈਕ) ਦੇ ਕੇ ਸਨਮਾਨਿਤ ਕੀਤਾ ਅਤੇ ਸੁਰਿੰਦਰ ਕੌਰ ਸੰਧੂ ਨੇ ਬੇਗਮ ਜ਼ਾਹਿਦਾ ਰਹੀਲ ਨੂੰ ਇਕ ਸ਼ਾਲ ਦੇ ਕੇ ਸਨਮਾਨ ਭੇਂਟ ਕੀਤਾ।
ਸਮਾਗਮ ਵਿਚ ਮੁਹੰਮਦ ਕਾਸ਼ਿਫ, ਮੈਦ ਅਬਦੁਲਾ, ਅਜੀਤ ਸਿੰਘ ਸਹੋਤਾ (ਕਿਓਰੇਟਰ ਸਿੱਖ ਨੈਸ਼ਨਲ ਆਰਕਾਈਵਜ), ਸੁਰਿੰਦਰ ਕੌਰ ਸਹੋਤਾ, ਬਲਵਿੰਦਰ ਸਿੰਘ ਬੈਂਸ, ਹਰਮਿੰਦਰ ਕੌਰ ਬੈਂਸ, ਪ੍ਰੋ. ਆਤਮਾ ਸਿੰਘ ਗਿੱਲ, ਸਿੱਖ ਵਿਦਵਾਨ ਮੋਹਨ ਸਿੰਘ ਭੰਗੂ, ਧਰਮਪਾਲ ਸਿੰਘ ਸ਼ੇਰਗਿੱਲ, ਮਨਜਿੰਦਰ ਸਿੰਘ ਗਹੀਰ, ਪਰਮਿੰਦਰ ਸਿੰਘ ਗਿੱਲ, ਕੰਵਲਜੀਤ ਸਿੰਘ ਅਤੇ ਭਾਈਚਾਰੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਹਾਜਰ ਸਨ।
ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ
ਫੋਨ: +1 604 308 6663
ਈਮੇਲ : maanbabushahi@gmail.com