"ਸਾਹਿਤਕ ਮੰਚ ਲੋਕ ਅਰਪਣ ਕਰੇਗਾ ਡਾ.ਬਲਵਿੰਦਰ ਸਿੰਘ ਸੋਢੀ ਦੀ ਨਵੀਂ ਪੁਸਤਕ
ਅਸ਼ੋਕ ਵਰਮਾ
ਬਠਿੰਡਾ,21ਫਰਵਰੀ2024:ਸਾਹਿਤਕ ਮੰਚ ਭਗਤਾ ਭਾਈ ਵੱਲੋਂ 8 ਮਾਰਚ ਨੂੰ ਵਿਸ਼ਵ ਮਹਿਲਾ ਦਿਵਸ ਮੌਕੇ ਲੇਖਕ ਡਾਕਟਰ ਬਲਵਿੰਦਰ ਸਿੰਘ ਸੋੋਢੀ ਦੀ ਪੁਸਤਕ ਲੋਕ ਅਰਪਣ ਕੀਤੀ ਜਾਏਗੀ। ਇਹ ਫੈਸਲਾ ਮੰਚ ਦੀ ਮੀਟਿੰਗ ਦੌਰਾਨ ਕੀਤਾ ਗਿਆ ਜਿਸ ਦਾ ਦਾ ਅਗਾਜ਼ ਪਿਛਲੇ ਦਿਨੀਂ ਕਹਾਣੀ ਖੇਤਰ ਵਿੱਚ ਵੱਡਾ ਨਾਮ ਸੁਖਜੀਤ ਦੇ ਰੁਖ਼ਸਤ ਹੋਣ ਤੇ ਉਨ੍ਹਾਂ ਨੂੰ ਦਿੱਤੀ ਸ਼ਰਧਾਂਜਲੀ ਨਾਲ ਸ਼ੁਰੂ ਹੋਇਆ। ਇਸ ਮੌਕੇ ਡਾਕਟਰ ਬਲਵਿੰਦਰ ਸਿੰਘ ਸੋਢੀ ਦੀ ਨਵੀਂ ਪੁਸਤਕ ਗਿਆਨ ਸਰਵਰ ਭਾਗ - 01 ਨੂੰ ਲੋਕ ਅਰਪਣ ਕਰਨ ਬਾਰੇ ਅਤੇ 8 ਮਾਰਚ ਨੂੰ ਆ ਰਹੇ ਮਹਿਲਾ ਦਿਵਸ ਨੂੰ ਸਮਰਪਿਤ ਮਹਿਲਾ ਕਵੀ ਦਰਬਾਰ ਕਰਾਉਣ ਬਾਰੇ ਵਿਚਾਰ ਚਰਚਾ ਕੀਤੀ ਗਈ। ਮੰਚ ਦੇ ਪ੍ਰਧਾਨ ਸਰਦਾਰ ਬਲੌਰ ਸਿੰਘ ਸਿੱਧੂ ਨੇ ਨਵੀਂ ਪੁਸਤਕ ਤੇ ਸਾਹਿਤਕ ਮੰਚ ਭਗਤਾ ਨੂੰ ਵਧਾਈ ਦਿੱਤੀ।
ਮੰਚ ਦੇ ਮੀਤ ਪ੍ਰਧਾਨ ਸੁਖਵਿੰਦਰ ਕੁਮਾਰ ਚੀਦਾ ਨੇ ਕਿਹਾ ਕਿ ਇਸਤਰੀ ਕਵੀ ਦਰਬਾਰ ਕਰਾਉਣਾ ਸਾਹਿਤ ਵਿੱਚ ਇਸਤਰੀ ਨੂੰ ਮਾਨ ਸਨਮਾਨ ਦੇਣ ਦੇ ਨਾਲ ਨਾਲ ਇੱਕ ਕ੍ਰਾਂਤੀਕਾਰੀ ਪਿਰਤ ਹੈ। ਇਸ ਵਿਚਾਰ ਦੀ ਪ੍ਰੋੜਤਾ ਆਲੋਚਕ ਅਤੇ ਕਵੀ ਸ੍ਰੀ ਸੁਖਮੰਦਰ ਬਰਾੜ ਗੁੰਮਟੀ ਅਤੇ ਨੌਜਵਾਨ ਕਵੀ ਗੁਰਵਿੰਦਰ ਮਾਨ ਕੋਠਾ ਗੁਰੂ ਨੇ ਕੀਤੀ। ਮਾਸਟਰ ਸੁਰਜੀਤ ਸਿੰਘ , ਜਮਹੂਰੀ ਹੱਕ ਭਗਤਾ ਇਕਾਈ ਦੇ ਪ੍ਰਧਾਨ ਸੰਦੀਪ ਸਿੰਘ ਭਗਤਾ, ਕਵਿਤਰੀ ਰਾਜਿੰਦਰ ਕੌਰ ਬੁਰਜ ਥਰੋੜ ਅਤੇ ਉਜਾਗਰ ਸਿੰਘ ਢਿੱਲੋਂ ਨੇ ਇਸ ਕਦਮ ਨੂੰ ਸ਼ਲਾਘਾਯੋਗ ਕਦਮ ਕਿਹਾ। ਰਿਟਾ.ਪ੍ਰਿੰਸੀਪਲ ਹੰਸ ਸਿੰਘ ਸੋਹੀ ਅਤੇ ਸਭਾ ਦੇ ਪ੍ਰੈਸ ਸਕੱਤਰ ਰਾਜਿੰਦਰ ਸਿੰਘ ਮਰਾਹੜ ਨੇ ਮੰਚ ਦੀ ਬੇਹਤਰੀ ਲਈ ਆਪੋ ਆਪਣੇ ਵਿਚਾਰ ਪੇਸ਼ ਕੀਤੇ ।ਮੀਟਿੰਗ ਵਿੱਚ ਨਥਾਣਾ ਤੋਂ ਵਿਸ਼ੇਸ਼ ਤੌਰ ਪਹੁੰਚੇ ਗੁਰਦਰਸ਼ਨ ਸਿੰਘ ਲੁੱਧੜ , ਹਰਜੀਤ ਸਿੰਘ ਨਾਥਪੁਰਾ ਅਤੇ ਸਭਾ ਦੇ ਸਰਪ੍ਰਸਤ ਤਰਲੋਚਨ ਸਿੰਘ ਗੰਗਾ ਨੇ ਸਮਾਗਮ ਲਈ ਹਰ ਸੰਭਵ ਸਹਾਇਤਾ ਦੇਣ ਦੀ ਹਾਮੀ ਭਰੀ। ਮੰਚ ਦੇ ਜਨਰਲ ਸਕੱਤਰ ਅੰਮ੍ਰਿਤਪਾਲ ਕਲੇਰ ਚੀਦਾ ਨੇ ਪ੍ਰੋਗਰਾਮ ਦੀ ਰੂਪਰੇਖਾ ਰੱਖੀ ਅਤੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਕਿਹਾ।