ਸਾਨਫਰਾਂਸਿਸਕੋ
ਸ਼ਹੀਦ ਊਧਮ ਸਿੰਘ ਮੈਮੋਰੀਅਲ ਫਾਊਂਡੇਸ਼ਨ ਵੱਲੋਂ ਸ਼ਹੀਦ ਊਧਮ ਸਿੰਘ ਦੇ 76ਵੇਂ ਸ਼ਹੀਦੀ ਦਿਵਸ ਮੌਕੇ ਗਦਰ ਪਾਰਟੀ ਦੇ ਹੈੱਡ ਕੁਆਰਟਰ ਰਹੇ ਯੁਗਾਂਤਰ ਆਸ਼ਰਮ ਵਿਖੇ ਸੰਬੋਧਨ ਕਰਦਿਆਂ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਭਗਤ ਸਿੰਘ ਅਤੇ ਸ਼ਹੀਦ ਊਧਮ ਸਿੰਘ ਦੀ ਸ਼ਹੀਦ ਤ੍ਰੈ ਲੜੀ ਨੇ ਭਾਰਤ ਦੇਸ਼ ਦੀ ਢੱਠੀ ਦਸਤਾਰ ਮੁੜ ਦੇਸ਼ ਦੇ ਸਿਰ ਤੇ ਟਿਕਾਈ। ਉਨ੍ਹਾਂ ਕਿਹਾ ਕਿ ਪੰਜਾਬ ਨਾਬਰਾਂ ਦੀ ਧਰਤੀ ਹੈ ਅਤੇ ਇਨ੍ਹਾਂ ਨੇ ਹਰ ਜਾਬਰ ਦਾ ਮੂੰਹ ਭੰਨਿਆ ਹੈ। ਗੁਰੂ ਨਾਨਕ ਦੇਵ ਜੀ ਦੀ ਬਾਬਰ ਨੂੰ ਜਾਬਰ ਕਹਿਣ ਦੀ ਜੁਅਰਤ ਹੀ ਹੁਣ ਤੀਕ ਪੰਜਾਬੀਆਂ ਦੇ ਖ਼ੂਨ ਵਿੱਚ ਰਮੀ ਹੋਈ ਹੈ। ਸ਼ਹੀਦ ਊਧਮ ਸਿੰਘ ਨੇ ਯਤੀਮ ਭਾਰਤ ਦਾ ਬਾਬਲ ਬਣ ਵਿਖਾਇਆ ਅਤੇ ਸਰ ਮਾਈਕਲ ਓਡਵਾਇਰ ਨੂੰ ਭਰੀ ਸਭਾ ਚ ਜਾਨੋਂ ਮਾਰਨ ਉਪਰੰਤ ਕਚਹਿਰੀ ਨੂੰ ਵੀ ਇਹੀ ਕਿਹਾ ਕਿ ਉਸ ਦੀ ਲੜਾਈ ਹਰ ਭਾਰਤੀ ਦੇ ਸਰਬਪੱਖੀ ਵਿਕਾਸ ਦੇ ਮੌਕੇ ਖੁੱਸਣ ਦੀ ਲੜਾਈ ਹੈ, ਸਿਰਫ਼ ਜੱਲਿਆਂ ਵਾਲਾ ਬਾਗ ਘਟਨਾ ਦਾ ਬਦਲਾ ਨਹੀਂ। ਪ੍ਰੋ ਗਿੱਲ ਨੇ ਕਿਹਾ ਕਿ 1940 'ਚ ਪੰਜਾਬ ਵਿਧਾਨ ਸਭਾ ਨੇ ਊਧਮ ਸਿੰਘ ਵੱਲੋਂ ਮਾਈਕਲ ਓਡਵਾਇਰ ਨੂੰ ਮਾਰਨ ਖ਼ਿਲਾਫ਼ ਨਿੰਦਾ ਪ੍ਰਸਤਾਵ ਕੀਤਾ ਸੀ। ਹੁਣ ਵਕਤ ਆ ਗਿਆ ਹੈ ਕਿ ਕੈਨੇਡਾ ਦੀ ਪਾਰਲੀਮੈਂਟ ਵਾਂਗ ਪੰਜਾਬ ਵਿਧਾਨ ਸਭਾ ਵੀ ਉਸ ਕਰਤੂਤ ਦੀ ਮੁਆਫ਼ੀ ਵਿਧਾਨ ਸਭਾ ਚ ਮੰਗੇ। ਉੱਘੇ ਖੇਤੀਬਾੜੀ ਵਿਗਿਆਨੀ ਡਾ: ਗੁਰਦੇਵ ਸਿੰਘ ਖੁਸ਼ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ਼ਹੀਦਾਂ ਦੇ ਅਧੂਰੇ ਸੁਪਨੇ ਪੂਰੇ ਕਰਨ ਲਈ ਲੋਕਾਂ ਨੂੰ ਚੁਸਤ ਦਰੁਸਤ ਪ੍ਰਸ਼ਾਸਨ ਦੇਣਾ ਪਵੇਗਾ ਨਹੀਂ ਤਾਂ ਬੇਚੈਨ ਜਵਾਨੀ ਨੂੰ ਸੰਭਾਲਣਾ ਮੁਹਾਲ ਹੋਵੇਗਾ। ਉਨ੍ਹਾਂ ਨੇ ਆਖਿਆ ਕਿ ਮਨੁੱਖ ਦੀਆਂ ਬੁਨਿਆਦੀ ਜ਼ਰੂਰਤਾਂ ਕੁੱਲੀ ਗੁੱਲੀ ਤੇ ਜੁੱਲੀ ਤੋਂ ਇਲਾਵਾ ਕੌਮੀ ਸ੍ਵੈਮਾਣ ਵੀ ਜ਼ਰੂਰੀ ਹੈ। ਇਹੀ ਲੜਾਈ ਸ਼ਹੀਦ ਊਧਮ ਸਿੰਘ ਨੇ ਲੜੀ ਸੀ। ਹਿਊਸਟਨ ਤੋਂ ਆਏ ਵਿਦਵਾਨ ਸ ਹਰਦਮ ਸਿੰਘ ਆਜ਼ਾਦ ਨੇ ਸ਼ਹੀਦੀ ਦੇ ਸੰਕਲਪ ਅਤੇ ਮਨੁੱਖੀ ਆਜ਼ਾਦੀ ਦੇ ਵਿਸ਼ਵ ਪੱਧਰੀ ਸੰਘਰਸ਼ ਦੇ ਹਵਾਲੇ ਨਾਲ ਗੱਲ ਅੱਗੇ ਤੋਰੀ। ਪ੍ਰਿੰ: ਵੀਰ ਸਿੰਘ ਰੰਧਾਵਾ, ਪ੍ਰੋ ਹਰਪਾਲ ਸਿੰਘ ਗਿੱਲ,ਗੁਲਿੰਦਰ ਸਿੰਘ ਗਿੱਲ , ਚਰਨ ਸਿੰਘ ਜੱਜਤੇ ਕਈ ਹੋਰ ਵਿਦਵਾਨਾਂ ਨੇ ਵੀ ਵਿਚਾਰ ਚਰਚਾ 'ਚ ਭਾਗ ਲਿਆ। ਸਮਾਗਮ ਸ਼ਮ੍ਹਾਂ ਰੌਸ਼ਨ ਕਰਕੇ ਸ਼ੁਰੂ ਕੀਤਾ ਗਿਆ। ਉਪਰੰਤ ਕਵੀ ਦਰਬਾਰ ਵੀ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਗੁਰਭਜਨ ਗਿੱਲ ਨੇ ਕੀਤੀ। ਮੰਚ ਸੰਚਾਲਨ ਸੁਖਵਿੰਦਰ ਕੰਬੋਜ ਨੇ ਕੀਤਾ। ਕਵੀ ਦਰਬਾਰ ਵਿੱਚ ਉੱਘੇ ਕਵੀ ਸੁਰਿੰਦਰ ਸੀਰਤ, ਕੁਲਵਿੰਦਰ, ਤਾਰਾ ਸਿੰਘ ਸਾਗਰ, ਪੰਮੀ ਮਾਨ,ਕਮਲ ਦੇਵ ਪਾਲ,ਐੱਸ ਅਸ਼ੋਕ ਭੌਰਾ, ਬੀਬੀ ਗੁਰਮੇਲ ਕੌਰ ਤੋਂ ਇਲਾਵਾ ਕੁਝ ਗਾਇਕ ਵੀਰਾਂ ਨੇ ਵੀ ਦੇਸ਼ ਭਗਤੀ ਦੇ ਗੀਤ ਸੁਣਾਏ।