ਵਾਰਿਸ ਸ਼ਾਹ ਦੀ ਤੀਜੀ ਜਨਮ ਸ਼ਤਾਬਦੀ ਨੂੰ ਸਮਰਪਿਤ 8ਵਾਂ ਪੰਜਾਬੀ ਯੂਨੀਵਰਸਿਟੀ ਪੁਸਤਕ ਮੇਲਾ
ਜੀ ਐਸ ਪੰਨੂ
ਪਟਿਆਲਾ,25ਨਵੰਬਰ, 2022: ਪੰਜਾਬੀ ਸਾਹਿਬ ਸਭਾ, ਪੰਜਾਬੀ ਵਿਭਾਗ ਅਤੇ ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਵਾਰਿਸ ਸ਼ਾਹ ਦੀ ਤੀਜੀ ਜਨਮ ਸ਼ਤਾਬਦੀ ਨੂੰ ਸਮਰਪਿਤ 8ਵਾਂ ਪੰਜਾਬੀ ਯੂਨੀਵਰਸਿਟੀ ਪੁਸਤਕ ਮੇਲਾ ਅੱਜ ਚੌਥੇ ਦਿਨ ਪੰਜਾਬੀ ਭਾਸ਼ਾ ਅਤੇ ਪੰਜਾਬੀ ਫ਼ਿਲਮਾਂ ਬਾਰੇ ਨਿੱਗਰ ਸੰਵਾਦ ਰਚਾਉਣ ‘ਚ ਕਾਮਯਾਬ ਰਿਹਾ। ਅੱਜ ਦੇ ਦਿਨ ਵੀ ਪੁਸਤਕ ਪ੍ਰੇਮੀਆਂ ਲਈ ਇਹ ਮੇਲਾ ਖਿੱਚ ਦਾ ਕੇਂਦਰ ਬਣਿਆ ਰਿਹਾ । ਸਕੂਲਾਂ, ਕਾਲਜਾਂ ਤੋਂ ਆਏ ਵਿਦਿਆਰਥੀਆਂ ਦੀ ਸ਼ਮੂਲੀਅਤ ਅਤੇ ਸਰਗਰਮ ਹਾਜ਼ਰੀ ਇਸ ਗੱਲ ਦੀ ਗਵਾਹ ਬਣੀ ਕਿ ਨੌਜਵਾਨ ਗਿਆਨ ਦੇ ਵਿਰਸੇ ਪ੍ਰਤੀ ਆਪਣੀ ਚੇਤਨ ਸੂਝ ਰੱਖਦੇ ਹਨ।
ਅੱਜ ਪੰਜਵੀਂ ਬੈਠਕ ਜਿਸਦਾ ਵਿਸ਼ਾ ਸੀ ‘ਮਰ ਰਹੀ ਹੈ ਮੇਰੀ ਭਾਸ਼ਾ ਬਨਾਮ ਜਿਉਂਦੀ ਰਹੇਗੀ ਮੇਰੀ ਭਾਸ਼ਾ’ ਵਿੱਚ ਚਰਚਾ ਕਰਦਿਆਂ ਭਾਸ਼ਾ ਵਿਗਿਆਨੀ ਡਾ. ਬਲਦੇਵ ਸਿੰਘ ਚੀਮਾ ਨੇ ਕਿਹਾ ਕਿ ਭਾਸ਼ਾ ਇੱਕ ਵਹਿਣ ਹੈ ਸੰਭਵ ਤੌਰ ‘ਤੇ ਇਸ ਵਿੱਚ ਬਦਲਾਅ ਆਉਣੇ ਹੁੰਦੇ ਹਨ। ਕਲਾਸੀਕਲ ਭਾਸ਼ਾਵਾਂ ਦੀ ਜਕੜ ਨੂੰ ਲੋਕ ਭਾਸ਼ਾ ਤੋੜਦੀ ਹੈ। ਭਾਸ਼ਾ ਮਰਦੀ ਹੀ ਜਕੜ ਨਾਲ ਹੈ। ਸਾਨੂੰ ਭਾਸ਼ਾ ਵਿੱਚ ਆ ਰਹੇ ਸਾਰਥਕ ਬਦਲਾਵਾਂ ਨੂੰ ਹਾਂ ਮੁਖੀ ਹੁੰਗਾਰੇ ਵਜੋਂ ਹੀ ਲੈਣਾ ਚਾਹੀਦਾ ਹੈ। ਦੂਸਰੇ ਚਰਚਾਕਾਰ ਡਾ. ਸਿਕੰਦਰ ਸਿੰਘ ਮੁਖੀ ਪੰਜਾਬੀ ਵਿਭਾਗ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਫਤਿਹਗੜ ਸਾਹਿਬ ਨੇ ਕਿਹਾ ਕਿ ਪੰਜਾਬੀ ਨੂੰ ਜਦੋਂ ਅਸੀਂ ਖਤਰੇ ਦੇ ਹਵਾਲੇ ਨਾਲ ਦੇਖਦੇ ਹਾਂ ਤਾਂ ਸਾਨੂੰ ਭਾਸ਼ਾ ਨੂੰ ਜਿਉਂਦੀ ਰੱਖਣ ਵਾਲੇ ਤੱਤਾਂ ਉੱਪਰ ਫੋਕਸ ਕਰਨ ਦੀ ਲੋੜ ਹੈ। ਕੇਵਲ ਵਿਸ਼ੇ ਵਜੋਂ ਪੜ੍ਹਾ ਕੇ ਹੀ ਅਸੀਂ ਪੰਜਾਬੀ ਭਾਸ਼ਾ ਦੀ ਚੰਗੀ ਸਥਿਤੀ ਬਾਰੇ ਧਾਰਨਾ ਨਹੀਂ ਬਣਾ ਸਕਦੇ।
ਬੋਲੀ ਦੇ ਵਹਿਣ ਦਾ ਮਤਲਬ ਇਹ ਨਹੀਂ ਕਿ ਅਸੀਂ ਵਹਿਣ ਵਿੱਚ ਵਹਿ ਜਾਈਏ। ਡਾ. ਕੁਲਦੀਪ ਸਿੰਘ ਪ੍ਰੋਫੈਸਰ ਐਜੂਕੇਸ਼ਨ ਵਿਭਾਗ ਨੇ ਕਿਹਾ ਕਿ ਖੇਤਰੀ ਜੁਬਾਨਾਂ ਨੇ ਲਗਾਤਾਰ ਸੰਘਰਸ਼ ਕੀਤਾ ਹੈ। 1991 ਤੋਂ ਬਾਅਦ ਖੇਤਰੀ ਭਾਸ਼ਾਵਾਂ ਦਾ ਸੰਕਟ ਗਹਿਰਾ ਹੁੰਦਾ ਹੈ। ਉਹਨਾਂ ਨੇ ਡਾਟਾ ਦੇ ਆਧਾਰ ਉੱਤੇ ਸਿੱਧ ਕੀਤਾ ਕਿ ਸ਼ਹਿਰੀਕਰਨ ਨੇ ਪੰਜਾਬੀ ਭਾਸ਼ਾ ਨੂੰ ਵੱਡਾ ਖੋਰਾ ਲਾਇਆ ਹੈ। ਮਾਤ੍ਰੀ ਜ਼ੁਬਾਨ ਦੀ ਮਹੱਤਤਾ ਨੂੰ ਸਾਨੂੰ ਵੱਡੇ ਪੱਧਰ ਉੱਪਰ ਸਮਝਣ ਦੀ ਲੋੜ ਹੈ। ਸਕੂਲਾਂ ਵਿਚੋਂ ਜ਼ੁਬਾਨ ਬਾਹਰ ਕੱਢ ਕੇ ਬਚ ਨਹੀਂ ਸਕਦੀ। ਖੋਜਾਰਥੀ ਵਰਿੰਦਰ ਖੁਰਾਣਾ ਨੇ ਡਾ. ਰਾਜਵਿੰਦਰ ਸਿੰਘ ਢੀਂਡਸਾ ਦੀ ਦੇਖ-ਰੇਖ ਵਿੱਚ ਇਸ ਬੈਠਕ ਦੇ ਸੂਤਰਧਾਰ ਦੀ ਭੂਮਿਕਾ ਨਿਭਾਈ।
ਛੇਵੀਂ ਬੈਠਕ ਵਿੱਚ ਪ੍ਰਸਿੱਧ ਵਾਰਤਕ ਲੇਖਕ ਡਾ. ਗੁਰਬਚਨ ਨਾਲ ਰੂਬਰੂ ਕੀਤਾ ਗਿਆ। ਉਹਨਾਂ ਨੇ ਆਪਣੇ ਜੀਵਨ ਨੂੰ ਵੀ ਇੱਕ ਬਿਰਤਾਂਤਕ ਪਾਤਰ ਵਜੋਂ ਸਮਝਿਆ। ਉਨ੍ਹਾਂ ਪੰਜਾਬੀ ਵਾਰਤਕ ਲਿਖਤ ਦਾ ਘੇਰਾ ਹੋਰ ਵਸੀਹ ਕਰਨ ਬਾਰੇ ਵਿਚਾਰ ਦਿੱਤੇ। ਵਾਰਤਕ ਸਾਡੇ ਆਲੇ ਦੁਆਲੇ ਨੂੰ ਸਮਝਣ ‘ਚ ਬਹੁਤ ਸਹਾਈ ਹੁੰਦੀ ਹੈ। ਲੇਖਕਾਂ ਅਤੇ ਲਿਖਤਾਂ ਨੂੰ ਧਰਤ-ਮੁੱਖ ਹੋਣ ਦੀ ਲੋੜ ਹੈ। ਚਿੰਤਨ ਆਧਾਰਿਤ ਸਾਡੀ ਵਿਰਾਸਤ ਬੜੀ ਅਮੀਰ ਅਤੇ ਅਹਿਮ ਹੈ। ਸਾਨੂੰ ਯੂਨੀਵਰਸਿਟੀਆਂ ਨੂੰ ਵਧੇਰੇ ਸ਼ਕਤੀਸ਼ਾਲੀ ਬਣਾਉਣ ਦੀ ਲੋੜ ਹੈ। ਸਿੱਖਿਆ ਅਤੇ ਮੈਡੀਕਲ ਸੁਰੱਖਿਆ ਅੱਜ ਵੀਂ ਨੌਜਵਾਨਾਂ ਦਾ ਮੁਹਾਣ ਮੋੜ ਆਪਣੀ ਧਰਤੀ ਵੱਲ ਮੋੜ ਸਕਦੀ ਹੈ। ਸਾਨੂੰ ਆਪਣੀ ਤਾਕਤ ਦੀ ਸੇਧ ਬਦਲਣ ਦੀ ਲੋੜ ਹੈ। ਸਾਨੂੰ ਛੋਟੇ ਛੋਟੇ ਡਰਾਂ ਨੂੰ ਛੱਡਣ ਦੀ ਲੋੜ ਹੈ। ਖੋਜਾਰਥੀ ਗੁਰਦੀਪ ਸਿੰਘ ਨੇ ਪ੍ਰੋ. ਸੁਰਜੀਤ ਸਿੰਘ, ਇੰਚਾਰਜ ਪਬਲੀਕੇਸ਼ਨ ਬਿਊਰੋ ਦੀ ਦੇਖ-ਰੇਖ ਵਿੱਚ ਇਸ ਬੈਠਕ ਦੇ ਸੂਤਰਧਾਰ ਦੀ ਭੂਮਿਕਾ ਨਿਭਾਈ।
ਸੱਤਵੀਂ ਬੈਠਕ ‘ਪੰਜਾਬੀ ਸਿਨਮਾ: ਤੇਰੇ ਨੀ ਕਰਾਰਾਂ ਮੈਨੂੰ ਪੱਟਿਆ’ ਵਿਚ ਦ੍ਰਿਸ਼ ਮਾਧਿਅਮ ਦੇ ਹਵਾਲੇ ਨਾਲ ਪੰਜਾਬੀ ਫਿਲਮਾਂ ਦੇ ਕੱਲ੍ਹ, ਅੱਜ ਤੇ ਭਲਕ ਬਾਰੇ ਯੂਨੀਵਰਸਿਟੀ ਪੁੱਜੇ ਫ਼ਿਲਮ ਜਗਤ ਦੇ ਕਲਾਕਾਰਾਂ ਨੇ ਖੂਬ ਵਿਚਾਰ ਚਰਚਾ ਕੀਤੀ ਅਤੇ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦਿੱਤੇ। ਇਸ ਬੈਠਕ ਵਿੱਚ ਅਮਿਤੋਜ ਮਾਨ ਨੇ ਕਿਹਾ ਕਿ ਸਾਨੂੰ ਇਹ ਦੇਖਣਾ ਪਵੇਗਾ ਕਿ ਸਾਡੀ ਕਲਾ ਕਿੰਨੀ ਗੰਭੀਰ ਅਤੇ ਸਰਲ ਹੈ। ਕਲਾਕਾਰ ਦਾ ਕੰਮ ਹੁੰਦਾ ਹੈ ਹਾਲਾਤਾਂ ਨੂੰ ਰਿਐਕਟ ਕਰਨਾ ਪਰ ਨਿਰਾ ਰਿਐਕਸ਼ਨ ਕਲਾ ਦੇ ਘੇਰੇ ਤੋਂ ਬਾਹਰ ਹੋ ਜਾਂਦਾ ਹੈ। ਸਿਨੇਮਾ ਜਦੋਂ ਸੰਕੇਤਕ ਹੋ ਜਾਵੇ ਸਮਝੋ ਉਦੋਂ ਤੁਸੀਂ ਬੇਹਤਰ ਹੋਵੋਂਗੇ। ਜਦੋਂ ਸਾਡੇ ਦਰਸ਼ਕ ਨੂੰ ਅਣਕਿਹਾ ਵੀ ਸਮਝ ਆਉਣ ਲੱਗ ਪਿਆ ਉਸ ਵਕਤ ਅਸੀਂ ਸਿਨੇਮੇ ਦੇ ਬੇਹਤਰ ਦੌਰ ਵਿੱਚ ਹੋਵਾਂਗੇ। ਜੇਕਰ ਸਹੀ ਇਸਤੇਮਾਲ ਹੋ ਸਕੇ ਤਾਂ ਸਿਨਮਾ ਯੁੱਗ ਪਲਟਣ ਵਾਲੀ ਕਲਾ ਹੈ।
ਪੰਜਾਬੀ ਗੀਤਕਾਰ ਅਤੇ ਫ਼ਿਲਮਕਾਰ ਅਮਰਦੀਪ ਗਿੱਲ ਨੇ ਕਿਹਾ ਫਿਲਮਾਂ ਦੇ ਨਵੇਂ ਸ਼ੋਸ਼ਲ ਮੀਡੀਆ ਪਲੇਟਫਾਰਮਾਂ ਬਾਰੇ ਗੱਲਬਾਤ ਕੀਤੀ। ਨਵੇਂ ਓ.ਟੀ.ਟੀ ਪਲੇਟਫਾਰਮ ਅਤੇ ਵੈਬ ਸੀਰੀਜ਼ ਵਰਗੇ ਮਾਧਿਅਮ ਨਵੇਂ ਕਲਾਕਾਰਾਂ, ਘੱਟ ਬਜਟ ਵਾਲੀਆਂ ਫ਼ਿਲਮਾਂ ਲਈ ਉਚਿਤ ਮਾਧਿਅਮ ਹਨ। ਇਹਨਾਂ ਨਵੇਂ ਤਕਨੀਕੀ ਮਾਧਿਅਮਾਂ ਨੂੰ ਸਾਨੂੰ ਹਾਂ-ਮੁਖੀ ਢੰਗ ਨਾਲ ਵੇਖਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਮੇਰੀਆਂ ਫ਼ਿਲਮਾਂ ਸਿਨਮਾ ‘ਚ ਘੱਟ ਕਾਮਯਾਬ ਹੋ ਕੇ ਵੀ ਨਵੇਂ ਮਾਧਿਅਮਾਂ ‘ਚ ਵੱਧ ਕਾਮਯਾਬ ਹੋ ਨਿਬੜੀਆਂ।
ਰੱਬ ਦਾ ਰੇਡੀਓ, ਦਾਣਾ ਪਾਣੀ,ਬਾਜਰੇ ਦਾ ਸਿੱਟਾ ਵਰਗੀਆਂ ਫਿਲਮਾਂ ਦੇ ਲੇਖਕ ਜਸ ਗਰੇਵਾਲ ਨੇ ਕਿਹਾ ਕਿ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਸਾਹਿਤ ਜਾਂ ਕਲਾ ਦੀ ਸੇਵਾ ਵੀ ਕਰੀਏ ਅਤੇ ਫ਼ਿਲਮ ਦੇ ਵਪਾਰਕ ਪੱਖ ਨੂੰ ਕਾਇਮ ਰੱਖ ਸਕੀਏ। ਫ਼ਿਲਮ ਨਿਰਮਾਤਾ ਦੇ ਪੈਸੇ ਪੂਰੇ ਕਮਾਈ ਕਰਨ ਅਤੇ ਸਾਹਿਤ ਕਲਾ ਦਰਮਿਆਨ ਤਵਾਜਨ ਬਣਾਉਣਾ ਸਾਡੇ ਲਈ ਜਰੂਰੀ ਹੁੰਦਾ ਹੈ।
ਇਸ ਮੌਕੇ ਜਗਦੀਪ ਵੜਿੰਗ ਨੇ ਕਿਹਾ ਕਿ ਫ਼ਿਲਮਾਂ ਦੇ ਖੇਤਰ ਵਿੱਚ ਮੁਸ਼ਕਿਲਾਂ ਔਕੜਾਂ ਬਹੁਤ ਹਨ ਪਰ ਨਿਰਾਸ਼ਾ ਵਾਲੀ ਕੋਈ ਗੱਲ ਨਹੀਂ। ਸਿਨਮਾ ਸਮਾਜ ਤੋਂ ਬਾਹਰ ਕਿਸੇ ਤਰ੍ਹਾਂ ਨਹੀਂ। ਤੁਸੀਂ ਸਮਾਜ ਨੂੰ ਸਮਾਜ ਦੇ ਵੱਖ-ਵੱਖ ਪੱਖਾਂ ਨੂੰ ਕਿਵੇਂ ਦੇਖਦੇ ਹੋ ਇਹ ਗੱਲ ਅਹਿਮ ਹੈ। ਫ਼ਿਲਮ ਦੀ ਕਹਾਣੀ ਸਭ ਕੋਲ ਹੁੰਦੀ ਹੈ ਪਰ ਹਰ ਕੋਈ ਲਿਖਦਾ ਨਹੀਂ। ਵੱਡੀ ਸਮਰੱਥਾ ਨਾਲ ਸਭ ਕੁਝ ਕਰਨਾ ਸੰਭਵ ਹੋ ਸਕਦਾ ਹੈ।
ਡਾ. ਮਨਪ੍ਰੀਤ ਮਹਿਨਾਜ ਨੇ ਕਿਹਾ ਕਿ ਅਸੀਂ ਅਕਾਦਮਿਕ ਤੌਰ ਉੱਪਰ ਸਿਨਮਾ ਨਾਲ ਸੰਵਾਦ ਰਚਾਉਣ ਦੀ ਲੋਚਾ ਰੱਖਦੇ ਹਾਂ। ਜੋ ਪਾਪੂਲਰ ਹੈ ਉਹ ਕਿਵੇਂ ਪਾਪੂਲਰ ਹੈ। ਸਾਡੀਆਂ ਫ਼ਿਲਮਾਂ ਦੀ ਕਮੇਡੀ ਰਾਜਸੀ ਕਮੇਡੀ ਨਹੀਂ ਬਣਦੀ। ਬਹੁਤ ਵਾਰ ਇਹ ਨਿਮਨ ਪੱਧਰ ਦੇ ਹਾਸੇ-ਠੱਠੇ ਤੀਕਰ ਸੀਮਿਤ ਹੋ ਜਾਂਦੀਆਂ ਹਨ। ਖੋਜਾਰਥੀ ਚਮਕੌਰ ਸਿੰਘ ਨੇ ਡਾ. ਗੁਰਮੁਖ ਸਿੰਘ, ਮੁਖੀ ਪੰਜਾਬੀ ਵਿਭਾਗ ਦੀ ਅਗਵਾਈ ਵਿੱਚ ਇਸ ਬੈਠਕ ਦੇ ਸੂਤਰਧਾਰ ਦੀ ਭੂਮਿਕਾ ਨਿਭਾਈ।