ਸਰੀ(ਕੈਨੇਡਾ) 26 ਅਗਸਤ, 2019 : ਵੈਨਕੂਵਰ ਵਿਚਾਰ ਮੰਚ ਵੱਲੋਂ ਪੰਜਾਬ ਭਵਨ ਸੱਰੀ(ਕੈਨੇਡਾ)ਦੇ ਸਾਂਝੇ ਉੱਦਮ ਨਾਲ ਗੁਰਭਜਨ ਗਿੱਲ ਦੇ ਪੰਜਵੇਂ ਗ਼ਜ਼ਲ ਸੰਗ੍ਰਹਿ ‘ਰਾਵੀ’ ਦਾ ਦੂਜਾ ਐਡੀਸ਼ਨ ਸਰੀ (ਕੈਨੇਡਾ) ਵਿਖੇ ਲੋਕ ਅਰਪਣ ਕੀਤਾ ਗਿਆ।
ਵੈਨਕੁਵਰ ਵਿਚਾਰ ਮੰਚ ਦੇ ਮੁੱਖ ਪ੍ਰਬੰਧਕ ਅੰਗਰੇਜ਼ ਸਿੰਘ ਬਰਾੜ ਨੇ ਸਮਾਗਮ ਦੀ ਸ਼ੁਰੂਆਤ ਚ ਆਏ ਲੇਖਕਾਂ ਤੇ ਮਹਿਮਾਨਾਂ ਦਾ ਸਵਾਗਤ ਕੀਤਾ।
ਪੰਜਾਬੀ ਕਵੀ ਤੇ ਗੁਰਭਜਨ ਗਿੱਲ ਦੇ ਸਹਿਪਾਠੀ ਮੋਹਨ ਗਿੱਲ ਨੇ ਲੇਖਕ ਤੇ ਪੁਸਤਕ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਗੁਰਭਜਨ ਦੀ 14ਵੀਂ ਕਾਵਿ ਪੁਸਤਕ ਹੈ ਪਰ ਪੰਜਵਾਂ ਗ਼ਜ਼ਲ ਸੰਗ੍ਰਹਿ ਹੈ। ਕਿਸੇ ਕਿਤਾਬ ਦਾ ਦੋ ਸਾਲਾਂ ਅੰਦਰ ਦੂਜਾ ਐਡੀਸ਼ਨ ਛਪਣਾ ਚੰਗੀ ਗੱਲ ਹੈ। ਵਰਨਣ ਯੋਗ ਗੱਲ ਇਹ ਹੈ ਕਿ ਇਸ ਕਿਤਾਬ ਦਾ ਪਹਿਲਾ ਐਡੀਸ਼ਨ ਵੀ 2017 ਚ ਪੰਜਾਬ ਭਵਨ ਦੀ ਪਹਿਲੀ ਵਰ੍ਹੇ ਗੰਢ ਵੇਲੇ ਸੁੱਖੀ ਬਾਠ, ਡਾ: ਸੁਰਜੀਤ ਪਾਤਰ, ਡਾ: ਵਰਿਆਮ ਸਿੰਘ ਸੰਧੂ, ਪ੍ਰਿੰ: ਸਰਵਣ ਸਿੰਘ , ਡਾ: ਰਘੁਬੀਰ ਸਿੰਘ ਸਿਰਜਣਾ ਤੇ ਡਾ: ਸਾਧੂ ਸਿੰਘ ਨੇ ਲੋਕ ਅਰਪਣ ਕੀਤੀ ਸੀ।
ਉਨ੍ਹਾਂ ਕਿਹਾ ਕਿ ਸਾਡੀ ਦੋਸਤੀ ਤੇ ਸਿਰਜਣਾ ਦਾ ਸਾਂਝਾ ਸਫ਼ਰ 45 ਸਾਲ ਪੁਰਾਣਾ ਹੈ। ਇਹ ਵੀ ਨਿਵੇਕਲੀ ਗੱਲ ਹੈ ਕਿ ਪੁਸਤਕ ਲੇਖਕ ਗੁਰਭਜਨ ਗਿੱਲ ਦੀ ਗੈਰਹਾਜ਼ਰੀ ਚ ਲੋਕ ਅਰਪਣ ਹੋ ਰਹੀ ਹੈ।
ਪੰਜਾਬੀ ਨਾਵਲਕਾਰ ਸ:ਜਰਨੈਲ ਸਿੰਘ ਸੇਖਾ ਨੇ ਬੋਲਦਿਆਂ ਕਿਹਾ ਕਿ ਰਾਵੀ ਦਾ ਲੇਖਕ ਗੁਰਭਜਨ ਗਿੱਲ ਸਿਰਫ਼ ਲੇਖਕ ਨਹੀਂ ਸਗੋਂ ਅੰਤਰ ਰਾਸ਼ਟਰੀ ਪੱਧਰ ਤੇ ਸਰਗਰਮ ਸਭਿਆਚਾਰਕ ਕਾਮਾ ਵੀ ਹੈ। ਪੰਜਾਬ ਭਵਨ ਤੇ ਲੇਖਕਾਂ ਦੀ ਸ਼ਾਨਦਾਰ ਦੀਵਾਰ ਉਸ ਦਾ ਹੀ ਸੁਪਨਾ ਸੀ ਜੋ ਪੰਜਾਬੋਂ ਬਾਹਰ ਪਹਿਲੀ ਵਾਰ ਸੁੱਖੀ ਬਾਠ ਨੇ ਸੱਰੀ ਚ ਪੂਰਾ ਕੀਤਾ ਹੈ।
ਰਾਵੀ ਦੀਆਂ ਗ਼ਜ਼ਲਾਂ ਚ ਪੰਜਾਬ ਜ਼ਬਾਨ ਪੱਖੋਂ ਜਿਉਂਦਾ ਜਾਗਦਾ ਧੜਕਦੀ ਮਹਿਸੂਸ ਹੁੰਦਾ ਹੈ।
ਜਰਨੈਲ ਸਿੰਘ ਆਰਟਿਸਟ ਨੇ ਕਿਹਾ ਕਿ 2010 ਤੋਂ 2014 ਤੀਕ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦਾ ਪ੍ਰਧਾਨ ਬਣ ਕੇ ਗਿੱਲ ਨੇ ਪੂਰੇ ਵਿਸ਼ਵ ਚ ਵੱਸਦੇ ਲੇਖਕਾਂ ਨੂੰ ਇਸ ਨਾਲ ਜੋੜਿਆ। ਕਲਾ ਸਾਹਿੱਤ ਤੇ ਸਭਿਆਚਾਰ ਦੇ ਸਰਗਰਮ ਸੇਵਕ ਵਜੋਂ ਗੁਰਭਜਨ ਗਿੱਲ ਨੇ ਮੇਰੇ ਸਮੇਤ ਬਹੁਤ ਕਲਾਕਾਰਾਂ ਨੂੰ ਆਪਣੀਆਂ ਲਿਖਤਾਂ ਰਾਹੀਂ ਪਛਾਨਣ ਯੋਗ ਬਣਾਇਆ।
ਪੰਜਾਬੀ ਗ਼ਜ਼ਲਗੋ ਕਵਿੰਦਰ ਚਾਂਦ ਨੇ ਪੰਜਾਬੀ ਗ਼ਜ਼ਲ ਦੇ ਹਵਾਲੇ ਨਾਲ ਕਈ ਮੁੱਲਵਾਨ ਟਿਪਣੀਆਂ ਕੀਤੀਆਂ। ਕਹਾਣੀਕਾਰ ਪਰਵੇਜ਼ ਸੰਧੂ ਨੇ ਕਿਹਾ ਕਿ ਗੁਰਭਜਨ ਗਿੱਲ ਸਿਰਫ਼ ਲੇਖਕ ਨਹੀਂ ਸਗੋਂ ਮੇਰੇ ਵਰਗੇ ਕਈ ਲੇਖਕਾਂ ਲਈ ਪ੍ਰੇਰਕ ਸ਼ਕਤੀ ਹਨ। ਮੂਲ ਰੂਪ ਚ ਪੰਜਾਬਣ ਤੇ ਇਸ ਵੇਲੇ ਬਰਿਟਿਸ਼ ਕੋਲੰਬੀਆ ਦੀ ਮੰਤਰੀ ਸ਼੍ਰੀਮਤੀ ਜਿੰਨੀ ਸਿਮਜ਼ ਨੇ ਵੀ ਲੇਖਕ ਗੁਰਭਜਨ ਗਿੱਲ ਨੂੰ ਮੁਬਾਰਕ ਭੇਜੀ।
ਪੰਜਾਬੀ ਦੀ ਪ੍ਰਸਿੱਧ ਕਵਿੱਤਰੀ ਤੇ ਵਾਰਤਕਕਾਰ ਇੰਦਰਜੀਤ ਕੌਰ ਸਿੱਧੂ, ਭਰੂਣ ਹੱਤਿਆ ਦੇ ਖ਼ਿਲਾਫਂ ਸਭ ਤੋਂ ਪਹਿਲਾਂ ਆਵਾਜ਼ ਬੁਲੰਦ ਕਰਨ ਵਾਲੀ ਕਵਿੱਤਰੀ ਡਾ ਗੁਰਮਿੰਦਰ ਕੌਰ ਸਿੱਧੂ, ਅਮਰੀਕ ਪਲਾਹੀ, ਸੁੱਚਾ ਸਿੰਘ ਕਲੇਰ, ਹਰਚੰਦ ਸਿੰਘ ਬਾਗੜੀ, ਬਲਦੇਵ ਦੂਹੜੇ ਤੇ ਹੋਰ ਲੇਖਕਾਂ ਨੇ ਵੀ ਗੁਰਭਜਨ ਗਿੱਲ ਦੀ ਸ਼ਖਸੀਅਤ ਤੇ ਰਚਨਾ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ। ਮੰਚ ਸੰਚਾਲਨ ਮੋਹਨ ਗਿੱਲ ਨੇ ਕੀਤਾ।