ਚੰਡੀਗੜ੍ਹ, 29 ਦਸੰਬਰ 2018 : ਪੰਜਾਬ ਦੇ ਸੈਰ ਸਪਾਟਾ ਤੇ ਸਭਿਆਚਾਰਕ ਮਾਮਲਿਆਂ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪ੍ਰਸਿੱਧ ਲੇਖਕ ਅਤੇ ਪੰਜਾਬ ਕਲਾ ਪਰਿਸ਼ਦ ਦੇ ਮੀਡੀਆ ਅਧਿਕਾਰੀ ਸ੍ਰੀ ਨਿੰਦਰ ਘੁਗਿਆਣਵੀ ਦੀ ਨਵ ਪ੍ਰਕਾਸ਼ਿਤ ਵਾਰਤਕ ਪੁਸਤਕ 'ਯਾਦਾਂ ਦੀ ਡਾਇਰੀ' ਆਪਣੇ ਗ੍ਰਹਿ ਵਿਖੇ ਸਾਦਾ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਰਿਲੀਜ਼ ਕੀਤੀ।
ਸ੍ਰ. ਸਿੱਧੂ ਨੇ ਪੁਸਤਕ ਰਿਲੀਜ਼ ਕਰਨ ਮੌਕੇ ਸ੍ਰੀ ਘੁਗਿਆਣਵੀ ਨੂੰ ਮੁਬਾਰਕ ਦਿੱਤੀ ਤੇ ਆਖਿਆ ਕਿ ਘੁਗਿਆਣਵੀ ਨੇ ਆਪਣੀ ਛੋਟੀ ਉਮਰੇ 48 ਪੁਸਤਕਾਂ ਦੀ ਰਚਨਾ ਕਰ ਕੇ ਮਾਂ ਬੋਲੀ ਅਤੇ ਸਭਿਆਚਾਰ ਦੀ ਭਰਪੂਰ ਸੇਵਾ ਕੀਤੀ ਹੈ ਅਤੇ ਪੰਜਾਬੀ ਸਮਾਜ ਦੇ ਦੱਬੇ-ਕੁਚਲੇ ਲੋਕਾਂ ਨੂੰ ਆਪਣੀਆਂ ਲਿਖਤਾਂ ਦੇ ਪਾਤਰ ਬਣਾ ਕੇ ਉਹਨਾਂ ਦੀ ਅਵਾਜ਼ ਨੂੰ ਬੁਲੰਦ ਕੀਤਾ ਹੈ।
ਸ੍ਰ. ਸਿੱਧੂ ਨੇ ਕਿਹਾ ਕਿ ਪੰਜਾਬੀ ਸਭਿਆਚਾਰ ਦੇ ਅਣਗੌਲੇ ਫ਼ਨਕਾਰਾਂ ਦੀ ਇਤਿਹਾਸ ਲਿਖ ਕੇ ਨਿੰਦਰ ਘੁਗਿਆਣਵੀ ਨੇ ਸ਼ਲਾਘਾਯੋਗ ਕਾਰਜ ਕੀਤਾ ਹੈ ਅਤੇ ਉਹ ਆਸ ਕਰਦੇ ਹਨ ਕਿ ਘੁਗਿਆਣਵੀ ਕਿਤਾਬਾਂ ਦੀ ਸੈਂਚੁਰੀ ਮਾਰੇਗਾ। ਉਹਨਾਂ ਇਸ ਗੱਲ 'ਤੇ ਵੀ ਤਸੱਲੀ ਪ੍ਰਗਟ ਕੀਤੀ ਕਿ ਇਸ ਲੇਖਕ ਦੀਆਂ ਪੁਸਤਕਾਂ ਦਾ ਅਨੁਵਾਦ ਕਈ ਭਾਰਤੀ ਭਾਸ਼ਾਵਾਂ ਵਿਚ ਹੋ ਚੁੱਕਿਆਂ ਹੈ। ਲੇਖਕ ਘੁਗਿਆਣਵੀ ਨੇ ਸ੍ਰ. ਸਿੱਧੂ ਦਾ ਧੰਨਵਾਦ ਕਰਦਿਆਂ ਆਖਿਆ ਕਿ ਪੰਜਾਬ ਦੇ ਸਭਿਆਚਾਰ ਤੇ ਲੋਕ ਕਲਾਵਾਂ ਨੂੰ ਸੰਭਾਲਣ ਪ੍ਰਤੀ ਮੰਤਰੀ ਜੀ ਦੇ ਰੁਚੀ ਨੇ ਇਸ ਵਰਗ ਦੇ ਲੋਕਾਂ ਵਿਚ ਖੁਸ਼ੀ ਪੈਦਾ ਕਰ ਦਿੱਤੀ ਹੈ