ਵੈਨਕੂਵਰ, 29 ਮਾਰਚ, 2017 : ਜਾਰਜ ਮੈਕੀ ਲਾਇਬਰੇਰੀ ਵਿਚ ਨਵੇਂ ਸਾਲ ਦੀ ਪਹਿਲੀ ਕਾਵਿ ਸ਼ਾਮ ਵਿਚ ਉਸਤਾਦ ਗਜ਼ਲਗੋ ਕ੍ਰਿਸ਼ਨ ਭਨੋਟ ਤੇ ਸ਼ਾਇਰ ਇੰਦਰਜੀਤ ਧਾਮੀ ਬੁਧੀਜੀਵੀਆਂ ਤੇ ਸਰੋਤਿਆਂ ਦੀ ਭਰਵੀਂ ਹਾਜ਼ਰੀ ਵਿਚ ਪੇਸ਼ ਹੋਏ।ਸਮਾਗਮ ਦੇ ਅਰੰਭ ਵਿਚ ਲਾਇਬਰੇਰੀ ਦੀ ਸਹਾਇਕ ਬਲਬੀਰ ਢਿਲੋਂ ਨੇ ਕਾਵਿ ਸ਼ਾਮ ਦੇ ਸਬੰਧ ਵਿਚ ਜਾਣਕਾਰੀ ਸਾਂਝੀ ਕੀਤੀ ਕਿ ਲਾਇਬਰੇਰੀ ਵਲੋਂ ਪੰਜਾਬੀ ਬੋਲੀ ਤੇ ਭਾਈਚਾਰੇ ਲਈ ਇਹ ਪ੍ਰੋਗਰਾਮ ਕਰਨ ਲਈ ਜਗਾਹ ਤੇ ਸਹਿਯੋਗ ਦਿਤਾ ਜਾ ਰਿਹਾ ਹੈ ਤੇ ਕਿਸੇ ਵੀ ਧਿਰ ਜਾਂ ਪੱਖਪਾਤ ਵਿਚ ਉਹ ਸ਼ਾਮਲ ਨਹੀਂ ਹੋਣਗੇ। ਇਸ ਤੋਂ ਬਾਦ ਉਘੇ ਨਾਵਲਕਾਰ ਜਰਨੈਲ ਸਿੰਘ ਸੇਖਾ ਨੇ ਸਰੋਤਿਆਂ ਨੂੰ ਇਸ ਪ੍ਰੋਗਰਾਮ ਦੀ ਸ਼ੁਰੂਆਤ ਤੇ ਸਫਰ ਬਾਰੇ ਦਸਿਆ ਕਿ ਲਾਇਬਰੇਰੀ ਵਿਚ ਪੰਜਾਬੀ ਲਾਇਬਰੇਰੀਅਨ ਸਰਬਜੀਤ ਕੌਰ ਰੰਧਾਵਾ ਤੇ ਫਿਰ ਮੀਨਾਕਸ਼ੀ ਸਿਧੂ ਵਲੋਂ ਇਹ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਸੀ। ਇਸ ਪ੍ਰੋਗਰਾਮ ਵਿਚ ਲੋਅਰ ਮੇਨਲੈਂਡ ਦੀਆਂ ਸਮੂਹ ਸਾਹਿਤ ਸਭਾਵਾਂ ਦੇ ਮੈਂਬਰ ਜਿਹਨਾਂ ਵਿਚ ਸ਼ਾਇਰ, ਕਹਾਣੀਕਾਰ, ਨਾਵਲਕਾਰ, ਪਤਰਕਾਰ, ਫਿਲਮਸਾਜ਼, ਨਾਟਕ ਡਾਇਰੈਕਟਰ, ਚਿਤਰਕਾਰ ਤੇ ਆਲੋਚਕ ਸ਼ਮੂਲੀਅਤ ਕਰ ਚੁੱਕੇ ਹਨ।
ਇਸ ਤੋਂ ਬਾਅਦ ਮੋਹਨ ਗਿਲ ਨੇ ਇੰਦਰਜੀਤ ਸਿੰਘ ਧਾਮੀ ਨੂੰ ਸਰੋਤਿਆਂ ਸਨਮੁਖ ਕੀਤਾ। ਧਾਮੀ ਹੋਰਾਂ ਨੇ ਅਪਣੇ ਸ਼ਾਇਰ ਪਿਤਾ ਦੇ ਹਵਾਲੇ ਨਾਲ ਗਲ ਸ਼ੁਰੂ ਕਰਦਿਆਂ ਦੱਸਿਆ ਕਿ ਉਹਨਾਂ ਨੇ ਸਾਰਾ ਕੁਝ ਉਹਨਾਂ ਤੋਂ ਹੀ ਗ੍ਰਹਿਣ ਕੀਤਾ।ਉਹਨਾਂ ਨੇ ਕਵਿਤਾ ਬਾਰੇ ਬਹੁਤ ਹੀ ਰਵਾਨਗੀ ਭਰਪੂਰ ਕਵਿਤਾ ਜੋ ਇਸ ਦੇ ਵੱਖ ਵੱਖ ਸੰਦਰਭਾਂ ਤੇ ਪਹਿਲੂਆਂ ਬਾਰੇ ਬਿਆਨ ਕਰਦੀ ਹੈ, ਸਰੋਤਿਆਂ ਨਾਲ ਸਾਂਝੀ ਕੀਤੀ। ਅਲੰਕਾਰਾਂ, ਤਸ਼ਬੀਹਾਂ ਤੇ ਰਵਾਨੀ ਨਾਲ ਸ਼ਿੰਗਾਰੀ ਇਸ ਰਚਨਾ ਨੇ ਸਰੋਤਿਆਂ ਤੋਂ ਭਰਪੂਰ ਹੁੰਗਾਰਾ ਹਾਸਲ ਕੀਤਾ।ਬੁਲੰਦ ਆਵਾਜ਼ ਵਿਚ ਕਵਿਤਾ ਪੜ੍ਹਦਿਆਂ ਪੜ੍ਹਦਿਆਂ ਉਹਨਾਂ ਦਾ ਸਮੁੱਚਾ ਵਜੂਦ ਕਾਵਿ ਸਮਰੂਪ ਹੋ ਉਠਿਆ।ਉਹਨਾਂ ਅਪਣੇ ਲੇਖਣ ਦੇ ਅਮਲ ਬਾਰੇ ਵੀ ਸਾਂਝ ਪਾਈ।
ਇਸ ਤੋਂ ਬਾਦ ਚਿਤਰਕਾਰ ਜਰਨੈਲ ਸਿੰਘ ਨੇ ਕ੍ਰਿਸ਼ਨ ਭਨੋਟ ਨੂੰ ਸਰੋਤਿਆਂ ਸਨਮੁਖ ਕਰਦਿਆਂ ਉਹਨਾਂ ਨੂੰ ਧਾਮੀ ਪਰਿਵਾਰ ਵਲੋਂ ਸਥਾਪਤ ਪੁਰਸਕਾਰ ਮਿਲਣ ਤੇ ਵਧਾਈ ਦਿੱਤੀ। ਨਾਲ ਹੀ ਪੰਜਾਬ ਫੇਰੀ ਤੋਂ ਵਾਪਸ ਪਰਤੇ ਸ਼ਾਇਰ ਰਾਜਵੰਤ ਬਾਗੜੀ, ਜਸਵਿੰਦਰ , ਹਰਦਮ ਸਿੰਘ ਮਾਨ , ਬਖਸ਼ਿੰਦਰ ਤੇ ਬਜ਼ੁਰਗ ਸ਼ਾਇਰ ਹਰਭਜਨ ਸਿੰਘ ਮਾਂਗਟ ਨੂੰ ਜੀ ਆਂਇਆਂ ਕਿਹਾ।ਇਸ ਤੋਂ ਬਾਅਦ ਕ੍ਰਿਸ਼ਨ ਭਨੋਟ ਨੇ ਗਲਬਾਤ ਕਰਦਿਆਂ ਸ਼ੁਰੂ ਵਿਚ ਦੱਸਿਆ ਕਿ ਉਹਨਾਂ ਨੇ ਮੁੱਢਲੇ ਦਿਨਾਂ ਵਿਚ ਰਾਮਪੁਰ ਲਿਖਾਰੀ ਸਭਾ ਤੋਂ ਬਹੁਤ ਕੁਝ ਸਿੱਖਿਆ। ਹਰ ਜਗਾਹ ਜਿਸ ਸ਼ਖਸ ਤੋਂ ਵੀ ਕੁਝ ਸਿੱਖਣ ਨੂੰ ਮਿਲਿਆ ਉਹ ਸਿਖਣ ਦੀ ਕੋਸ਼ਿਸ਼ ਕੀਤੀ।ਉਹਨਾਂ ਦੱਸਿਆ ਕਿ ਲਿਖਾਰੀਆਂ ਨੂੰ ਸੱਚੇ ਸੁੱਚੇ ਤੇ ਨਿਰਛਲ ਹੋ ਕੇ ਵਿਚਰਨਾ ਚਾਹੀਦਾ ਹੈ। ਉਹਨਾਂ ਇਹ ਵੀ ਦੱਸਿਆਂ ਕਿ ਉਹਨਾਂ ਦੀਆਂ ਸਾਰੀਆਂ ਹੀ ਕਿਤਾਬਾਂ ਉਹਨਾਂ ਦੇ ਪ੍ਰਸ਼ੰਸਕਾ ਵਲੋਂ ਹੀ ਛਪਵਾਈਆਂ ਗਈਆਂ ਜਿਹਨਾਂ ਵਿਚੋਂ ਕਈਆਂ ਨੂੰ ਉਹ ਪਹਿਲਾਂ ਮਿਲੇ ਵੀ ਨਹੀਂ ਸੀ। ਗਿਆਨ ਅਤੇ ਅਭਿਮਾਨ ਦਾ ਆਪਸ ਵਿਚ ਵਿਰੋਧ ਹੈ। ਉਹਨਾਂ ਕਿਹਾ ਕਿ ਉਸਤਾਦ ਕਹਾਉਣ ਵਾਲੇ ਰੁਤਬਿਆ ਦੇ ਅਭਿਮਾਨ ਵਿਚ ਰਹਿੰਦੇ ਹਨ ਤੇ ਕਈ ਵਾਰੀ ਸਿਖਾਂਦਰੂ ਸ਼ਾਇਰਾਂ ਨੂੰ ਕੁਝ ਦੱਸਣ ਦੀ ਬਜਾਏ ਭੁਲੇਖਿਆਂ ਤੇ ਭੰਬਲ ਭੂਸੇ ਵਿਚ ਪਾ ਦਿੰਦੇ ਹਨ ਜੋ ਸਹੀ ਨਹੀਂ ਹੈ।ਉਹਨਾਂ ਕਿਹਾ ਕਿ ਉਸਤਾਦ ਤਾਂ ਉਹ ਹੁੰਦਾ ਹੈ ਜਿਸ ਨੂੰ ਦੂਜੇ ਸਤਿਕਾਰ ਨਾਲ ਉਸਤਾਦ ਕਹਿਣ।ਨਿਰਮਾਣਤਾ ਹੀ ਸਿਰਜਕ ਦਾ ਅਸਲੀ ਗਹਿਣਾ ਹੈ । ਉਹਨਾਂ ਕਿਹਾ ਕਿ ਮੈਂ ਤਾਂ ਇਕ ਮਜ਼ਦੂਰ ਆਦਮੀ ਹਾਂ, ਕੋਈ ੳਸਤਾਦ ਨਹੀਂ।ਸ਼ਾਇਰ ਦਾ ਮੁਕਾਬਲਾ ਖੁਦ ਨਾਲ ਹੀ ਹੁੰਦਾ ਹੈ।ਉਨ੍ਹਾਂ ਕਿਹਾ ਕਿ ਪਹਿਲੀ ਕਿਤਾਬ ਹੀ ਜੇ ਵਧੀਆ ਹੈ ਤਾਂ ਸ਼ਾਇਰ ਨੂੰ ਸਥਾਪਤ ਕਰ ਦਿੰਦੀ ਹੈ।ਇਨਾਮਾਂ ਸਨਮਾਨਾਂ ਬਾਰੇ ਵੀ ਉਹਨਾਂ ਦਿਲਚਸਪ ਟਿੱਪਣੀਆਂ ਕੀਤੀਆਂ ਜਿਹਨਾਂ ਦਾ ਸਰੋਤਿਆਂ ਨੇ ਤਾੜੀਆਂ ਨਾਲ ਭਰਪੂਰ ਸਵਾਗਤ ਕੀਤਾ।ਪਿੰਗਲ ਤੇ ਅਰੂਜ਼ ਬਾਰੇ ਉਹਨਾਂ ਦੱਸਿਆ ਕਿ ਇਹ ਸਾਰਾ ਗਿਆਨ ਕਿਤਾਬਾਂ ਵਿਚ ਮਿਲਦਾ ਹੈ ਇਸ ਨੂੰ ਹੀ ਮੈਂ ਅਗੇ ਦਸਦਾ ਹਾਂ ਇਸ ਵਿਚ ਮੇਰੀ ਵਿਦਵਤਾ ਵਾਲੀ ਕੋਈ ਗੱਲ ਨਹੀਂ। ਬਹੁਤ ਹੀ ਦਿਲਚਸਪ ਤੇ ਸਫਲ ਇਸ ਕਾਵਿ ਸ਼ਾਮ ਵਿਚ ਅਜਮੇਰ ਰੋਡੇ, ਡਾ ਰਘਬੀਰ ਸਿੰਘ ਸਿਰਜਣਾ, ਸੁਰਜੀਤ ਕਲਸੀ, ਬਿਕਰ ਸਿੰਘ ਖੋਸਾ,ਦਵਿੰਦਰ ਗੌਤਮ, ਚਮਕੌਰ ਸਿੰਘ ਸੇਖੋਂ, ਪੋ੍ਰ ਪ੍ਰਿਥੀਪਾਲ ਸਿੰਘ ਸੋਹੀ ਤੇ ਹਰਿੰਦਰ ਸੋਹੀ, ਸਾਧੂ ਬਿਨਿੰਗ,ਅੰਗਰੇਜ ਸਿੰਘ ਬਰਾੜ, ਕਵਿੰਦਰ ਚਾਂਦ, ਜਗਦੇਵ ਤੇ ਬਰਜਿੰਦਰ ਢਿਲੋਂ, ਨਦੀਮ ਪਰਮਾਰ,ਅਮਰੀਕ ਪਲਾਹੀ,ਗਿਆਨ ਸਿੰਘ ਕੋਟਲੀ ਤੇ ਸੁਰਿੰਦਰ ਕੌਰ,ਮੋਹਨ ਤੇ ਦਵਿੰਦਰ ਬਚੜਾ, ਅਮਰਜੀਤ ਸ਼ਾਂਤ,ਗਿਆਨੀ ਕੇਵਲ ਸਿੰਘ ਨਿਰਦੋਸ਼, ਮੀਨੂ ਬਾਵਾ, ਕੁਲਵਿੰਦਰ ਸ਼ੇਰਗਿਲ ਤੇ ਵਡੀ ਗਿਣਤੀ ਵਿਚ ਸਾਹਿਤ ਪ੍ਰੇਮੀ ਸ਼ਾਮਲ ਸਨ ।