ਵੈਨਕੂਵਰ, 18 ਜੁਲਾਈ, 2017 : ਜੁਲਾਈ ਮਹੀਨੇ ਦੀ ਮਾਸਿਕ ਮੀਟਿੰਗ ਵਿਚ ਲੇਖਕ ਮੰਚ ਵਲੋਂ ਮੰਚ ਦੇ ਮੈਂਬਰਾਂ ਦੀਆਂ ਰਚਨਾਵਾਂ ਦੀ ਪੁਸਤਕ 'ਮੰਚ ਰੰਗਾ ਰੰਗ' ਲੋਕ ਅਰਪਣ ਕੀਤੀ ਗਈ।ਕੈਨੇਡਾ ਦੀ ਸਭ ਤੋਂ ਪੁਰਾਣੀ ਪੰਜਾਬੀ ਸਾਹਿਤਕ ਸੰਸਥਾ ਪੰਜਾਬੀ ਲੇਖਕ ਮੰਚ ਦੇ ਮੈਂਬਰਾਂ ਦਾ 9 ਜੁਲਾਈ ਐਤਵਾਰ ਨੂੰ ਨਿਊਟਨ ਲਾਇਬਰੇਰੀ ਵਿਚ ਹੋਇਆ ਸਮਾਗਮ ਕੈਨੇਡਾ ਦੇ 150 ਵੇਂ ਜਨਮ ਦਿਨ ਨੂੰ ਸਮਰਪਣ ਰਿਹਾ। ਅਰੰਭ ਵਿਚ ਵਿਛੜ ਚੁਕੇ ਸਾਹਿਤਕਾਰਾਂ ਅਜਮੇਰ ਔਲਖ ਤੇ ਇਕਬਾਲ ਰਾਮੂਵਾਲੀਆ ਨੂੰ 2 ਮਿਨਟ ਮੌਨ ਰਖ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਬਾਦ ਵਿਚ ਜਰਨੈਲ ਸਿੰਘ ਸੇਖਾ, ਸਾਧੂ ਬਿਨਿੰਗ, ਸੁਰਜੀਤ ਕਲਸੀ ਤੇ ਹੋਰ ਲੇਖਕਾਂ ਨੇ ਅਪਣੇ ਕੈਨੇਡਾ ਦੇ ਅਨੁਭਵ ਸਾਂਝੇ ਕੀਤੇ।ਚਿਤਰਕਾਰ ਜਰਨੈਲ ਸਿੰਘ ਨੇ ਦਸਿਆ ਕਿ ਇਹ ਪੁਸਤਕ ਕੈਨੇਡਾ ਦੇ 150 ਵੇਂ ਜਨਮ ਸ਼ਤਾਬਦੀ ਨੂੰ ਸਮਰਪਣ ਕੀਤੀ ਗਈ ਹੈ।ਪੁਸਤਕ ਵਿਚ ਮੰਚ ਦੇ 33 ਮੈਂਬਰਾਂ ਦੀਆਂ ਕਵਿਤਾਵਾਂ, ਕਹਾਣੀਆਂ, ਲੇਖ ਤੇ ਨਾਟਕ ਸ਼ਾਮਲ ਹਨ। ਲੇਖਕ ਮੰਚ ਵਲੋਂ ਮੈਂਬਰਾਂ ਦੀਆਂ ਰਚਨਾਵਾਂ ਦੀ ਇਹ ਅਠਵੀਂ ਪੁਸਤਕ ਹੈ ।ਉਤਸਵ ਵਰਗੇ ਹਾਸੇ ਮਖੌਲ ਦੇ ਮਾਹੌਲ ਵਿਚ ਪੁਸਤਕ ਕੋਆਰਡੀਨੇਟਰ ਅਮਰੀਕ ਪਲਾਹੀ, ਨਦੀਮ ਪਰਮਾਰ, ਜਰਨੈਲ ਸਿੰਘ ਆਰਟਿਸਟ, ਸੁਰਜੀਤ ਕਲਸੀ , ਜਰਨੈਲ ਸਿੰਘ ਸੇਖਾ , ਗੁਰਚਰਨ ਟੱਲੇਵਾਲੀਆ ਵਲੋਂ ਲੋਕ ਅਰਪਣ ਕੀਤੀ ਗਈ ਤੇ ਜਿਹਨਾਂ ਮੈਂਬਰਾਂ ਦੀਆਂ ਰਚਨਾਵਾਂ ਇਸ ਵਿਚ ਸ਼ਾਮਲ ਹਨ, ਉਹਨਾਂ ਨੂੰ ਭੇਟ ਕੀਤੀ ਗਈ।ਮੀਟਿੰਗ ਵਿਚ ਗੁਰਮੀਤ ਕੌਰ ਸੰਧਾ ਤੇ ਕਹਾਣੀਕਾਰ ਜਰਨੈਲ ਸਿੰਘ ਅਚਰਵਾਲ , ਮੋਹਨ ਗਿਲ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਇਸ ਤੋਂ ਪਹਿਲਾਂ ਮੰਚ ਵਲੋਂਕੈਨੇਡਾ ਦੀ ਪੰਜਾਬੀ ਕਵਿਤਾ, ਕੈਨੇਡੀਅਨ ਪੰਜਾਬੀ ਸਾਹਿਤ ਤੇ ਸਭਿਆਚਾਰ, ਮਨ ਪ੍ਰਦੇਸੀ ਜੇ ਥੀਆ, ਸਿਰਜਣਾ ਦੇ ਪੱਚੀ ਵਰੇ, ਮੰਚ ਕਥਾ, ਨਾਵਲਕਾਰ ਕੇਸਰ ਸਿੰਘ - ਜੀਵਨ ਤੇ ਰਚਨਾ ਤੇ ਮੰਚ ਵਾਰਤਾਪੁਸਤਕਾਂ ਛਾਪੀਆਂ ਜਾ ਚੁਕੀਆਂ ਹਨ।ਇਸ ਸਮਾਗਮ ਵਿਚ ਵਡੀ ਗਿਣਤੀ ਵਿਚ ਸਾਹਿਤ ਪ੍ਰੇਮੀ ਸ਼ਾਮਲ ਸਨ।