ਉੱਘੇ ਕਹਾਣੀਕਾਰ ਤੇ ਨਾਵਲਕਾਰ ਜਸਵੀਰ ਸਿੰਘ ਰਾਣਾ ਨਾਲ ਰੂ-ਬ-ਰੂ ਤੇ ਕਵੀ ਦਰਬਾਰ
ਨਵੀਂ ਪਿਰਤ ਪਾਉਂਦੇ ਹੋਏ ਮੰਚ ਵੱਲੋਂ ਪ੍ਰਬੁੱਧ ਪਾਠਕ ਸਨਮਾਨ ਨਵਨੀਤ ਸਿੰਘ ਸਿੱਧੂ ਨੂੰ ਦਿੱਤਾ ਗਿਆ
ਗੁਰਪ੍ਰੀਤ ਸਿੰਘ ਜਖਵਾਲੀ
ਪਟਿਆਲਾ 7 ਅਕਤੂਬਰ 2024:- ਸਾਂਝਾ ਸਾਹਿਤਕ ਮੰਚ ਪਟਿਆਲਾ ਵੱਲੋਂ ਕਹਾਣੀਕਾਰ ਤੇ ਨਾਵਲਕਾਰ ਜਸਵੀਰ ਸਿੰਘ ਰਾਣਾ ਨਾਲ ਰੂ-ਬ-ਰੂ ਅਤੇ ਕਵੀ ਦਰਬਾਰ ਢੱਲ ਬਿਲਡਰਜ਼ ਵਿਖੇ ਕਰਵਾਇਆ ਗਿਆ। ਸੁਖਵਿੰਦਰ ਚਹਿਲ, ਹਰਦੀਪ ਸੱਭਰਵਾਲ, ਅਮਰਜੀਤ ਖਰੌਡ, ਪਾਲ ਖਰੌਡ, ਢੱਲ ਗੁਰਮੀਤ ਤੇ ਨਵਦੀਪ ਸਿੰਘ ਮੁੰਡੀ, ਵੱਲੋਂ ਇਹ ਵਿਸ਼ੇਸ਼ ਉਪਰਾਲਾ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਕਵੀ ਦਰਬਾਰ ਨਾਲ ਹੋਈ। ਹਾਜ਼ਰੀਨ ਕਵੀ ਅਮਨ ਅਜਨੌਦਾ, ਕਮਲ ਸੇਖੋਂ, ਰਾਜਵਿੰਦਰ ਜਟਾਣਾ, ਰਮਨਦੀਪ ਵਿਰਕ, ਰਮਾ ਰਮੇਸ਼ਵਰੀ, ਚਰਨਜੀਤ ਜੋਤ, ਸਤਨਾਮ ਸਿੰਘ ਮੱਟੂ, ਸੁਖਵਿੰਦਰ ਸਿੰਘ, ਗੁਰਪ੍ਰੀਤ ਸਿੰਘ ਜਖਵਾਲੀ, ਮਨਮੋਹਨ ਸਿੰਘ ਨਾਭਾ, ਭੁਪਿੰਦਰ ਸਿੰਘ ਉਪਰਾਮ, ਬਲਜੀਤ ਸਿੰਘ, ਢੱਲ ਗੁਰਮੀਤ, ਸੁਖਵਿੰਦਰ ਚਹਿਲ ਨੇ ਆਪਣੀਆਂ ਕਵਿਤਾਵਾਂ ਰਾਹੀਂ ਸੋਹਣਾ ਰੰਗ ਬੰਨਿਆ। ਰਾਜ ਸਿੰਘ ਬਧੌਛੀ ਨੇ ਖ਼ੂਬਸੂਰਤ ਮਿੰਨੀ ਕਹਾਣੀ ਨਾਲ ਆਪਣੀ ਹਾਜ਼ਰੀ ਲਗਵਾਈ। ਕਹਾਣੀਕਾਰ ਬਾਬੂ ਸਿੰਘ ਰੈਹਲ ਨੇ ਕਹਾਣੀ ਕਲਾ ਬਾਰੇ ਸੰਖੇਪ ਵਿੱਚ ਜਾਣਕਾਰੀ ਦਿੱਤੀ। ਸਨੇਹ ਇੰਦਰ ਮੀਲੂ ਨੇ ਆਪਣੀ ਖ਼ੂਬਸੂਰਤ ਕਹਾਣੀ ਦਾ ਪਾਠ ਕੀਤਾ।
ਪ੍ਰੋਗਰਾਮ ਦੇ ਅਗਲੇ ਦੌਰ ਵਿੱਚ ਉੱਘੇ ਕਹਾਣੀਕਾਰ ਤੇ ਨਾਵਲਕਾਰ ਜਸਵੀਰ ਸਿੰਘ ਰਾਣਾ ਦਾ ਰੂਬਰੂ ਸ਼ੁਰੂ ਹੋਇਆ। ਮੰਚ ਸੰਚਾਲਨ ਕਰਦੇ ਹੋਏ ਨਵਦੀਪ ਸਿੰਘ ਮੁੰਡੀ ਨੇ ਰੂਬਰੂ ਦੀ ਸ਼ੁਰੂਆਤ ਕਰਦੇ ਹੋਏ ਹਾਜ਼ਰੀਨ ਨਾਲ ਜਸਵੀਰ ਸਿੰਘ ਰਾਣਾ ਦੀ ਜਾਣ ਪਛਾਣ ਕਰਵਾਈ। ਇਸ ਉਪਰੰਤ ਜਸਵੀਰ ਸਿੰਘ ਰਾਣਾ ਨੇ ਆਪਣੇ ਜੀਵਨ ਦੇ ਸਾਹਿਤਿਕ ਸਫ਼ਰ ਸਬੰਧੀ ਹਾਜ਼ਰੀਨ ਨਾਲ ਸਾਂਝ ਪਾਈ। ਉਹਨਾਂ ਦੱਸਿਆ ਕਿ ਉਹ ਆਪਣੇ ਅਧੂਰੇਪਣ ਨੂੰ ਪੂਰਾ ਕਰਨ ਲਈ ਕਹਾਣੀ ਲਿਖਦਾ। ਉਹਨਾਂ ਜਸਵੀਰ ਸਿੰਘ ਰਾਣਾ ਬਣਨ ਦੀ ਸਾਰੀ ਗਾਥਾ ਸੁਣਾਈ। ਗੱਲ-ਬਾਤ ਦਾ ਸਿਲਸਿਲਾ ਅੱਗੇ ਵਧਾਉਂਦੇ ਹੋਏ ਸੁਖਵਿੰਦਰ ਚਹਿਲ, ਸਨੇਹ ਇੰਦਰ ਮੀਲੂ, ਕਮਲ ਸੇਖੋਂ, ਰਮਨਦੀਪ ਵਿਰਕ ਤੇ ਬਲਜੀਤ ਸਿੰਘ ਨੇ ਉਹਨਾਂ ਦੇ ਸਾਹਿਤਿਕ ਕਾਰਜ ਤੇ ਆਪਣੇ ਵਿਚਾਰ ਤੇ ਸਵਾਲ ਰੱਖੇ। ਜਸਵੀਰ ਸਿੰਘ ਰਾਣਾ ਨੇ ਬਹੁਤ ਸੋਹਣੇ ਜਵਾਬ ਦਿੱਤੇ। ਜਸਵੀਰ ਸਿੰਘ ਰਾਣਾ ਨੇ ਮੰਚ ਵੱਲੋਂ ਕੀਤੇ ਗਏ ਉਪਰਾਲਾ ਦਾ ਧੰਨਵਾਦ ਕੀਤਾ। ਪਾਠਕ ਨਵਨੀਤ ਸਿੰਘ ਸਿੱਧੂ ਨੇ ਕਿਹਾ ਕਿ ਸਭ ਨੂੰ ਆਪਣੀ ਮਾਤ ਭਾਸ਼ਾ ਰਾਹੀਂ ਕਿਤਾਬਾਂ ਨਾਲ ਜੁੜਨਾ ਚਾਹੀਦਾ ਤਾਂ ਜੋ ਸਭ ਨੂੰ ਚਾਨਣ ਹੋ ਜਾਵੇ। ਨਵੀਂ ਪਿਰਤ ਪਾਉਂਦੇ ਹੋਏ ਮੰਚ ਨੇ ਪੰਜਾਬੀ ਦੇ ਪ੍ਰਬੁੱਧ ਪਾਠਕ ਸਨਮਾਨ ਦੇਣ ਦਾ ਫੈਸਲਾ ਕੀਤਾ ਸੀ ਜਿਸ ਦੇ ਤਹਿਤ ਨਵਨੀਤ ਸਿੰਘ ਸਿੱਧੂ ਨੂੰ ਸਨਮਾਨਤ ਕੀਤਾ ਗਿਆ। ਇਸ ਉਪਰੰਤ ਮੰਚ ਵੱਲੋਂ ਜਸਵੀਰ ਸਿੰਘ ਰਾਣਾ ਦਾ ਸਨਮਾਨ ਕੀਤਾ ਗਿਆ। ਜੋਗਾ ਸਿੰਘ ਧਨੌਲਾ, ਗੁਰਚਰਨ ਸਿੰਘ, ਹਰਬੰਸ ਮਾਣਕਪੁਰੀ, ਹਰੀਸ਼, ਅਮਰਜੀਤ ਖਰੋਡ ਤੇ ਪਾਲ ਖਰੋਡ ਨੇ ਸਰੋਤਾ ਹੋਣਾ ਸਿਖਾਇਆ। ਅੰਤ ਵਿੱਚ ਸੁਖਵਿੰਦਰ ਚਹਿਲ ਤੇ ਗੁਰਮੀਤ ਢੱਲ ਨੇ ਸਾਂਝਾ ਸਾਹਿਤਕ ਮੰਚ ਵੱਲੋਂ ਆਏ ਹੋਏ ਸਾਰੇ ਸਾਹਿਤਕਾਰਾਂ ਦਾ ਧੰਨਵਾਦ ਕੀਤਾ।