ਕਿਸਾਨ ਅੰਦੋਲਨ ਦੇ ਸ਼ਹੀਦਾਂ ਸਮਰਪਿਤ ਹੋਵੇਗਾ ‘ਪੀਪਲਜ਼ ਲਿਟਰੇਰੀ ਫੈਸਟੀਵਲ’
ਅਸ਼ੋਕ ਵਰਮਾ
ਬਠਿੰਡਾ,21 ਦਸੰਬਰ 2021 - ਸੰਸਥਾ ਪੀਪਲਜ ਫੋਰਮ (ਰਜਿ.) ਬਰਗਾੜੀ,ਪੰਜਾਬ ਵੱਲੋਂ ਚੌਥਾ ਪੀਪਲਜ਼ ਲਿਟਰੇਰੀ ਫੈਸਟੀਵਲ ਇਸ ਵਾਰ ਖੇਤੀ ਕਾਨੂੰਨਾਂ ਖਿਲਾਫ ਚੱਲੇ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਮਜਦੂਰਾਂ ਨੂੰ ਸਰਮਪਿਤ ਹੋਵੇਗਾ ਜੋਕਿ 25 ਤੋਂ 28 ਦਸੰਬਰ 2021 ਤੱਕ ਚਾਰ ਦਿਨ ਟੀਚਰਜ਼ ਹੋਮ ਬਠਿੰਡਾ ਵਿਖੇ ਕਰਵਾਇਆ ਜਾ ਰਿਹਾ ਹੈ । ਸੰਸਥਾ ਦੇ ਪ੍ਰਧਾਨ ਖੁਸ਼ਵੰਤ ਬਰਗਾੜੀ ਅਤੇ ਜਨਰਲ ਸਕੱਤਰ ਸਟਾਲਿਨਜੀਤ ਸਿੰਘ ਬਰਾੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੀਪਲਜ਼ ਲਿਟਰੇਰੀ ਫੈਸਟੀਵਲ ਪੰਜਾਬ ਕਲਾ ਪ੍ਰੀਸ਼ਦ ,ਚੰਡੀਗੜ੍ਹ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ ਜਿਸ ਦੇ ਉਦਘਾਟਨੀ ਸ਼ੈਸ਼ਨ 25 ਦਸੰਬਰ ਨੂੰ ਮੁੱਖ ਮਹਿਮਾਨ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਦੇ ਸਲਾਹਕਾਰ ਕਾਹਨ ਸਿੰਘ ਪੰਨੂੰ ਹੋਣਗੇ ਜਦੋਂਕਿ ਸਮਾਗਮ ਦੀ ਪ੍ਰਧਾਨਗੀ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਸੁਰਜੀਤ ਪਾਤਰ ਵੱਲੋਂ ਕੀਤੀ ਜਾਏਗੀ ਅਤੇ ਪੰਜਾਬੀ ਸੰਗੀਤ ਨਾਟਕ ਅਕਾਦਮੀ ਦੇ ਪ੍ਰਧਾਨ ਕੇਵਲ ਧਾਲੀਵਾਲ ਵਿਸ਼ੇਸ ਮਹਿਮਾਨ ਵਜੋਂ ਸ਼ਿਰਕਤ ਕਰਨਗੇ ।
ਉਨ੍ਹਾਂ ਦੱਸਿਆ ਕਿ ਪਹਿਲੇ ਦਿਨ ਦਾ ਕੁੰਜੀਵਤ ਭਾਸ਼ਨ ‘ ਖੇਤੀ ਦੀ ਪੁਨਰਸੁਰਜੀਤੀ - ਭਾਰਤੀ ਆਰਥਿਕਤਾ ਦਾ ਸ਼ਕਤੀ ਕੇੰਦਰ ਕਿਵੇਂ ਬਣੇ’ ਵਿਸ਼ੇ ਤੇ ਡਾ. ਦਵਿੰਦਰ ਸ਼ਰਮਾਂ ( ਖੇਤੀ ,ਖੁਰਾਕ ਅਤੇ ਵਪਾਰ ਨੀਤੀ ਵਿਸ਼ਲੇਸ਼ਕ ) ਦੇਣਗੇ । ਦੂਜੇ ਸ਼ੈਸ਼ਨ ਵਿਚ ਗੁਰਦੇਵ ਰੁਪਾਣਾ ਅਤੇ ਮੋਹਨ ਭੰਡਾਰੀ ਨੂੰ ਸਮਰਪਿਤ ‘ਲੇਖਕ ਮਜਲਿਸ‘ ਵਿਚ ਬਲਬੀਰ ਪਰਵਾਨਾ (ਨਾਵਲਕਾਰ) ਗੁਰਮੀਤ ਕੜਿਆਲਵੀ (ਕਹਾਣੀਕਾਰ) ਨਿੰਦਰ ਘੁਗਿਆਣਵੀ (ਵਾਰਤਕਕਾਰ) ਨਾਲ ਰੂਬਰੂ ਹੋਵੇਗਾ । ਚਿੰਤਕ ਰੇਅਮੰਡ ਵਿਲੀਅਮਜ ਨੂੰ ਸਮਰਪਿਤ ਲਿਟਰੇਰੀ ਫੈਸਟੀਵਲ ਦੇ ਦੂਜੇ ਦਿਨ ਪਹਿਲੇ ਸ਼ੈਸ਼ਨ ਵਿਚ ਅਦਾਰਾ 23 ਮਾਰਚ ਵੱਲੋਂ ‘ਪੰਜਾਬ ਵਿਚ ਆਧੁਨਿਕਤਾ ਦਾ ਸੁਆਲ -ਲੋਕ ਸੁਰਤ ਬਨਾਮ ਸੰਸਥਾਈ ਪੈੜ ’ ਵਿਸ਼ੇ ਤੇ ਪੁਸ਼ਪਿੰਦਰ ਸਿਆਲ ( ਪੰਜਾਬ ਯੂਨੀਵਰਸਿਟੀ ,ਚੰਡੀਗਡ੍ਹ )ਅਤੇ ਪ੍ਰੋ. ਸੁਖਦੇਵ ਸਿੰਘ ਸੋਹਲ (ਗੁਰੂ ਨਾਨਕ ਦੇਵ ਯੂਨੀਵਰਸਿਟੀ ,ਅੰਮ੍ਰਿਤਸਰ) ਸੰਬੋਧਤ ਹੋਣਗੇ । ਇਸੇ ਤਰਾਂ ਹੀ ਪਰਮਜੀਤ ਸਿੰਘ ਰੋਮਾਣਾ, ਨਵਦੀਪ ਕੌਰ ,ਲਖਵੀਰ ਸਿੰਘ ਸਿੱਧੂ ਤੇ ਮਨਪ੍ਰੀਤ ਮਹਿਨਾਜ਼ ਵਿਚਾਰ ਚਰਚਾ ਕਰਨਗੇ।
ਉਨ੍ਹਾਂ ਦੱਸਿਆ ਕਿ ਦੂਜੇ ਸ਼ੈਸ਼ਨ ਵਿਚ ‘ਆਧੁਨਿਕਤਾ ਦੇ ਗੇੜ ਵਿੱਚ- ਇੱਕ ਪੀੜ੍ਹੀ ਦਾ ਕਾਵਿ-ਅਨੁਭਵ ’ ਗੁਰਤੇਜ ਕੋਹਾਰਵਾਲਾ ਵਿਚਾਰ ਕਰਨਗੇ । ਵਾਹਿਦ ਸੁਖਜਿੰਦਰ ,ਗੁਰਦੀਪ ਸਿੰਘ ਢਿੱਲੋਂ ਵਿਚਾਰ ਚਰਚਾ ਕਰਨਗੇ ਜਿਸ ਦੇ ਸੂਤਰਧਾਰ ਸੁਮੇਲ ਸਿੰਘ ਸਿੱਧੂ ਹੋਣਗੇ। ਲਿਟਰੇਰੀ ਫੈਸਟੀਵਲ ਦੇ ਤੀਜੇ ਦਿਨ ਦੇ ਪਹਿਲੇ ਸੈਸ਼ਨ ਵਿਚ ‘ਪੰਜਾਬ ਦੀ ਵੰਡ ਦੀ ਗਾਥਾ‘ ਵਿਸ਼ੇ ਤੇ ਡਾ. ਅਨਿਰੁੱਧ ਕਾਲਾ ਦੀ ‘ਲਾਹੌਰ ਦਾ ਪਾਗਲਖ਼ਾਨਾ‘ ਪੁਸਤਕ ਦੇ ਪ੍ਰਸੰਗ ਅਤੇ ਸਾਂਵਲ ਧਾਮੀ ਦੀ ਪੁਸਤਕ ‘ਦੁੱਖੜੇ ਸੰਨ ਸੰਤਾਲੀ ਦੇ‘ ਪ੍ਰਸੰਗ ਨਾਲ ਪੰਜਾਬ ਦੀ ਵੰਡ ਦੇ ਸਮਾਜਿਕ ਸੱਭਿਆਚਾਰਕ ਪ੍ਰਭਾਵਾਂ ਬਾਰੇ ਵਿਚਾਰ ਚਰਚਾ ਕੀਤੀ ਜਾਵੇਗੀ ਜਿਸ ਦੇ ਸੂਤਰਧਾਰ ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਕੁਲਵੀਰ ਗੋਜਰਾ ਹੋਣਗੇ । ਇਸ ਦਿਨ ਦੇ ਦੂਜੇ ਸੈਸ਼ਨ ‘ਮੈਂ ਤੇ ਮੇਰੀ ਕਵਿਤਾ‘ ਵਿਚ ਜਗਵਿੰਦਰ ਜੋਧਾ (ਮੈਂ-ਅਮੈਂ) ਵਿਜੈ ਵਿਵੇਕ (ਛਿਣ ਭੰਗਰ ਵੀ ਕਾਲਾਤੀਤ ਵੀ) ਅਤੇ ਸਵਾਮੀ ਅੰਤਰ ਨੀਰਵ (ਨਹੀਂ) ਨਾਲ ਨੀਤੂ ਵੱਲੋਂ ਸੰਵਾਦ ਰਚਾਇਆ ਜਾਵੇਗਾ ।
ਉਨ੍ਹਾਂ ਦੱਸਿਆ ਕਿ ਇਸ ਸ਼ੈਸ਼ਨ ਦੀ ਪ੍ਰਧਾਨਗੀ ਪ੍ਰਧਾਨਗੀ ਡਾ. ਰਾਜਿੰਦਰ ਪਾਲ ਸਿੰਘ ਬਰਾੜ (ਪੰਜਾਬੀ ਯੂਨੀਵਰਸਿਟੀ, ਪਟਿਆਲਾ) ਕਰਨਗੇ । ਪੀਪਲਜ਼ ਲਿਟਰੇਰੀ ਫੈਸਟੀਵਲ ਦਾ ਆਖਰੀ ਦਿਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਚਾਰ ਸੌ ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਕੀਤਾ ਜਾਏਗਾ । ਇਸ ਦਿਨ ਵਿਚਾਰ ਚਰਚਾ ਦੇ ਸ਼ੈਸ਼ਨ ਵਿਚ ਕੁੰਜੀਵਤ ਭਾਸ਼ਣ ‘ਪੰਜਾਬ ਦੀ ਸੰਘਰਸ਼ਸ਼ੀਲ ਲੋਕ ਵਿਰਾਸਤ ’ ਵਿਸ਼ੇ ਤੇ ਸੁਵਰਨ ਸਿੰਘ ਵਿਰਕ,ਸਿਰਸਾ ਅਤੇ ‘ ਕਿਸਾਨ ਅੰਦੋਲਨ ਅਤੇ ਮੀਡੀਏ ਦੀ ਭੂਮਿਕਾ ’ ਵਿਸ਼ੇ ਤੇ ਮਨਦੀਪ ਪੂਨੀਆ, ਦਿੱਲੀ ਵੱਲੋਂ ਦਿੱਤਾ ਜਾਏਗਾ । ਇਸ ਮੌਕੇ ਕਿਸਾਨ ਅੰਦੋਲਨ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਡਾ ਸਵੈਮਾਨ ਸਿੰਘ, ਕੈਲੇਫੋਰਨੀਆ ਨੂੰ ਸਨਮਾਨਤ ਵੀ ਕੀਤਾ ਜਾਵੇਗਾ । ਇਸ ਸ਼ੈਸ਼ਨ ਦੇ ਮੁੱਖ ਮਹਿਮਾਨ ਡਾ. ਸੁਖਦੇਵ ਸਿੰਘ ਸਿਰਸਾ (ਪੰਜਾਬ ਯੂਨੀਵਰਸਟੀ , ਚੰਡੀਗੜ੍ਹ ਹੋਣਗੇ ਅਤੇ ਜਸ ਮੰਡ , ਜਲੰਧਰ ਪ੍ਰਧਾਨਗੀ ਕਰਨਗੇ ।
ਸੰਸਥਾ ਦੇ ਵਿੱਤ ਸਕੱਤਰ ਗੁਰਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬੀ ਦੇ ਦਸ ਨਾਮਵਰ ਪ੍ਰਕਾਸ਼ਕ ਪੁਸਤਕ ਪ੍ਰਦਰਸ਼ਨੀ ਵਿਚ ਨਵੀਆਂ ਪ੍ਰਕਾਸ਼ਤ ਪੁਸਤਕਾਂ ਨਾਲ ਸ਼ਾਮਲ ਹੋਣਗੇ। ਰਮਨਦੀਪ ਸਿੰਘ ਦਿਓਣ, ਗਿਆਨੀ ਜਗਦੀਪ ਸਿੰਘ ਜਾਚਕ, ਮੁਕਤਸਰ ,ਤਰਸੇਮ ਚੰਦ ਕਲਹਿਰੀ ਅਤੇ ਸਾਥੀਆਂ ਵੱਲੋਂ ਢਾਡੀ ਅਤੇ ਫੋਕ ਆਰਕੈਸਟਰਾ ਦੀ ਪੇਸ਼ਕਾਰੀ ਕੀਤੀ ਜਾਵੇਗੀ । ਜੰਗਪਾਲ ਸਿੰਘ ,ਕੋਟਕਪੂਰਾ ਵੱਲੋਂ ਵਿਰਾਸਤੀ ਦਸ਼ਤਾਵੇਜ ਦੀ ਨੁਮਾਇਸ਼ ਹੋਵੇਗੀ । ਚਿੱਤਰਕਾਰ ਜਗਤਾਰ ਸਿੰਘ ਸੋਖੀ, ਮੁੱਦਕੀ ਅਤੇ ਦੀਪ ਮਲੂਕਪੁਰ , ਅਬੋਹਰ ਵੱਲੋਂ ਆਪਣੇ ਪੋਸਟਰਾਂ ਦੀ ਪ੍ਰਦਰਸ਼ਨੀ ਲਾਈ ਜਾਵੇਗੀ। ਨਾਟਿਅਮ ਰੰਗਮੰਚ , ਬਠਿੰਡਾ ਵੱਲੋਂ ਨੁੱਕੜ ਨਾਟਕ ਪੇਸ਼ ਕੀਤੇ ਜਾਣਗੇ। ਗੁੜ,ਸ਼ਹਿਦ ਅਤੇ ਫਲਾਂ ਦੀ ਪ੍ਰਦਰਸ਼ਨੀ ਵੀ ਹੋਵੇਗੀ। ਪੀਪਲਜ਼ ਫੋਰਮ ਆਗੂਆਂ ਨੇ ਸਾਹਿਤ ਪ੍ਰੇਮੀਆਂ, ਆਮ ਲੋਕਾਂ ਨੂੰ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਕੀਤੇ ਜਾ ਰਹੇ ਇਸ ਫੈਸਟੀਵਲ ’ਚ ਸ਼ਾਮਲ ਹੋਣ ਦਾ ਸੱਦਾ ਦਿੱਤਾ।