ਲੁਧਿਆਣਾ, 18 ਜਨਵਰੀ, 2018 :
ਸੁਹਾਗ, ਘੋੜੀਆਂ ਤੇ ਲੰਮੀ ਹੇਕ ਦੇ ਲੋਕ ਗੀਤਾਂ ਦੀ ਕਿਤਾਬ ਸ਼ਗਨਾਂ ਵੇਲਾ ਫਗਵਾੜਾ ਚ ਲੋਕ ਅਰਪਨ ਕਰਦਿਆਂ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਾਬਕਾ ਜਨਰਲ ਸਕੱਤਰ ਪ੍ਰੋ: ਰਵਿੰਦਰ ਭੱਠਲ ਨੇ ਕਿਹਾ ਹੈ ਕਿ ਪ੍ਰੋ: ਪਰਮਜੀਤ ਕੌਰ ਨੂਰ ਨੇ ਮਾਝੇ ਚ ਜਨਮ ਲੈ ਕੇ ਦੋਆਬੇ ਤੀਕ ਦੇ ਲੋਕ ਵਿਰਾਸਤੀ ਸ਼ਹਿਦ ਨੂੰ ਸ਼ਗਨਾਂ ਵੇਲਾ ਪੁਸਤਕ ਦੇ ਰੂਪ ਚ ਲੋਕਾਂ ਹਵਾਲੇ ਕੀਤਾ ਹੈ।
ਲੋਕ ਵਿਰਾਸਤ ਅਕਾਡਮੀ ਵੱਲੋਂ ਪ੍ਰਕਾਸ਼ਿਤ ਇਸ ਪੁਸਤਕ ਬਾਰੇ ਪ੍ਰੋ: ਗੁਰਭਜਨ ਸਿੰਘ ਗਿੱਲ ਤੇ ਜਸਵੰਤ ਜਫ਼ਰ ਦੀ ਪ੍ਰੇਰਨਾ ਨਾਲ ਪੱਛਮੀ ਬੰਗਾਲ ਚ ਪਾਨਾਗੜ੍ਹ ਚ ਵੱਸਦੇ ਪ੍ਰਮੁੱਖ ਕਾਰੋਬਾਰੀ ਸ: ਜਤਿੰਦਰ ਸਿੰਘ ਚਾਹਲ ਨੇ ਆਪਣੇ ਪੁੱਤਰ ਗੁਰਲੀਨ ਸਿੰਘ ਚਾਹਲ ਦੇ ਵਿਆਹ ਮੌਕੇ 100 ਕਿਤਾਬਾਂ ਵੰਡੀਆਂ ਜਾਣਗੀਆਂ। ਇਸ ਨਾਲ ਪੱਛਮੀ ਬੰਗਾਲ ਚ ਵੱਸਦੇ ਪੰਜਾਬੀ ਪਰਿਵਾਰਾਂ ਚ ਵਿਰਾਸਤੀ ਸ਼ਬਦ ਚੇਤਨਤਾ ਫੈਲਾਈ ਜਾਵੇਗੀ। ਪ੍ਰੋ: ਗਿੱਲ ਨੇ ਦੱਸਿਆ ਕਿ ਪਿਛਲੇ ਮਹੀਨੇ ਕੁਰੂਕ਼ਸ਼ੇਤਰ ਚ ਰਵਿੰਦਰਜੀਤ ਸਿੰਘ ਨੱਤ ਨੇ 300 ਕਾਪੀਆਂ ਇਸੇ ਕਿਤਾਬ ਦੀਆਂ ਵੰਡੀਆਂ ਹਨ। ਇਸ ਕਿਤਾਬ ਨੂੰ ਦੂਜੀ ਵਾਰ ਲੋਕ ਵਿਰਾਸਤ ਅਕੈਡਮੀ ਨੇ ਪ੍ਰਕਾਸ਼ਿਤ ਕੀਤਾ ਹੈ।
ਇਸ ਮੌਕੇ ਇਸ ਪੁਸਤਕ ਦੀ ਸੰਗ੍ਰਹਿਕਾਰ ਪ੍ਰੋ: ਪਰਮਜੀਤ ਕੌਰ ਨੂਰ ਤੋਂ ਇਲਾਵਾ ਉਨ੍ਹਾਂ ਦੇ ਪਤੀ ਪ੍ਰਸਿੱਧ ਲੋਕ ਧਾਰਾ ਸ਼ਾਸਤਰੀ ਡਾ: ਜਾਗੀਰ ਸਿੰਘ ਨੂਰ, ਪੰਜਾਬੀ ਕਵੀ ਤ੍ਰੈਲੋਚਨ ਲੋਚੀ ,ਮਨਜਿੰਦਰ ਧਨੋਆ ਤੇ ਬੀਬਾ ਗੁਰਲੀਨ ਕੌਰ ਹਾਜ਼ਰ ਸਨ।