ਲੁਧਿਆਣਾ , 6 ਨਵੰਬਰ 2018 - ਪੰਜਾਬੀ ਲੇਖਕ ਸਭਾ ਲੁਧਿਆਣਾ ਵੱਲੋਂ ਪੰਜਾਬੀ ਸਾਹਿੱਤ ਅਕਾਡਮੀ ਦੇ ਸਹਿਯੋਗ ਨਾਲ ਸਵੀਡਨ ਵੱਸਦੀ ਪੰਜਾਬੀ ਲੇਖਿਕਾ ਡਾ: ਸੋਨੀਆ ਸਿੰਘ ਦੀ ਵਾਰਤਕ ਪੁਸਤਕ ਧੁੰਦ ਦਾ ਲੋਕ ਅਰਪਨ ਸਮਾਗਮ ਕਰਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ: ਐੱਸ ਪੀ ਸਿੰਘ ਨੇ ਪੰਜਾਬੀ ਭਵਨ ਲੁਧਿਆਣਾ ਵਿਖੇ ਕਿਹਾ ਹੈ ਕਿ ਧਰਮ ਦੇ ਨਾਮ ਹੇਠ ਹੋ ਰਹੀ ਡੇਰਾਵਾਦੀਆਂ ਦੀ ਸਿੱਖ ਸਿਧਾਂਤ ਨਾਲ ਖਿਲਵਾੜ ਕਰਨ ਦੀ ਬਿਰਤੀ ਵਰਜਣਯੋਗ ਹੈ। ਉਨ੍ਹਾਂ ਆਖਿਅ ਕਿ ਗੁਰੂਨਾਨਕ ਨਾਮ ਲੇਵਾ ਗੁਰਸਿੱਖ ਦੀ ਇਹੀ ਪਛਾਣ ਹੈ ਕਿ ਉਹ ਮਨਮੱਤੀਆਂ ਦੀ ਸੰਗਤ ਤਿਆਗ ਕੇ ਸ਼ਬਦਗੁਰੂ ਦੇ ਲੜ ਲੱਗੇ। ਇਹ ਦੀ ਧਰਮ ਦਾ ਮੂਲ ਸਿੱਧਾਂਤ ਹੈ ਕਿ ਸਰਬ ਕਲਿਆਣਕਾਰੀ ਜੀਵਨ ਜੁਗਤ ਅਪਣਾਵੇ।
ਪੁਸਤਕ ਲੋਕ ਅਰਪਨ ਸਮਾਰੋਹ ਦੇ
ਵਿਸ਼ੇਸ਼ ਮਹਿਮਾਨ ਵਜੋਂ ਪ੍ਰੋ: ਰਵਿੰਦਰ ਭੱਂਠਲ, ਪ੍ਰਧਾਨ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਨੇ ਬੋਲਦਿਆਂ ਕਿਹਾ ਕਿ ਨਿੱਕੇ ਨਿੱਕੇ ਵਾਕਾਂ ਵਾਲੀ ਇਹ ਪੁਸਤਕ ਸਾਨੂੰ ਵਰਤਮਾਨ ਧਾਰਮਿਕ ਚੁਣੌਤੀਆਂ ਦੇ ਰੂਬਰੂ ਖੜ੍ਹਾ ਕਰਦੀ ਹੈ। ਸਵੀਡਨ ਰਹਿ ਕੇ ਪੰਜਾਬੀ ਸਭਿਆਚਾਰ ਦੇ ਦਰਪੇਸ਼ ਸਮੱਸਿਆਵਾਂ ਨੂੰ ਸਮਝਣਾ ਤੇ ਨਿਵਾਰਨ ਲਈ ਮਾਰਗ ਦਰਸ਼ਨ ਕਰਨਾ ਸਵਾਗਤ ਯੋਗ ਕਰਮ ਹੈ। ਉਨ੍ਹਾਂ ਡਾ: ਸੋਨੀਆ ਨੂੰ ਪੰਜਾਬੀ ਸਾਹਿੱਤ ਅਕਾਡਮੀ ਨਾਲ ਜੁੜਨ ਲਈ ਵੀ ਕਿਹਾ। ਪ੍ਰੋ: ਗੁਰਭਜਨ ਸਿੰਘ ਗਿੱਲ ਸਾਬਕਾ ਪ੍ਰਧਾਨ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਨੇ ਕਿਹਾ ਕਿ ਧਾਰਮਿਕ ਗਰੰਥਾਂ ਦੇ ਗਲਤ ਅਰਥ ਕਰਨ ਵਾਲੇ ਡੇਰੇਦਾਰਾਂ ਨੇ ਵਿਹਲੜ ਸਭਿਆਚਾਰ ਪੈਦਾ ਕਰਕੇ ਗੁਰੂ ਨਾਨਕ ਦੇਵ ਜੀ ਦੇ ਅਮਰ ਸਿੱਧਾਂਤ ਕਿਰਤ ਕੋ, ਨਾਮ ਜਪੋ ਤੇ ਵੰਡ ਕੇ ਛਕੋ ਨੂੰ ਤਬਦੀਲ ਕਰਕੇ ਫ਼ਲਹਾਰੇ ਬੂਟੇ ਤੇ ਅਮਰ ਵੇਲ ਚਾੜ੍ਹ ਦਿੱਤੀ ਹੈ। ਡਾ: ਸੋਨੀਆ ਦੀ ਪੁਸਤਕ ਸਾਨੂੰ ਕੁਰਾਹੋਂ ਰਾਹੇ ਪਾਉਣ ਵਾਲੀ ਹੈ। ਉਸਨੇ ਸਹਿਜਵੰਤੇ ਢੰਗ ਨਾਲ ਸਾਨੂੰ ਮਾਰਗ ਦਰਸ਼ਨ ਦਿੱਤਾ ਹੈ। ਸ: ਚਰਨਜੀਤ ਸਿੰਘ ਸਿੰਧ ਬੈਂਕ ਤੇ ਰਾਜਬੀਰ ਸਿੰਘ ਭਲੂਰ ਨੇ ਵੀ ਡਾ: ਸੋਨੀਆ ਨੂੰ ਆਸ਼ੀਰਵਾਦੀ ਬੋਲਾਂ ਨਾਲ ਨਿਵਾਜਿਆ। ਸ: ਗੁਰਪ੍ਰੀਤ ਸਿੰਘ ਤੂਰ ਨੇ ਆਪਣੇ ਸੰਦੇਸ਼ ਚ ਕਿਹਾ ਕਿ ਪੰਜਾਬ ਨੂੰ ਸਿਰਫ਼ ਸ਼ਬਦ ਗੁਰੂ ਕੇ ਕਿਰਤ ਸਭਿਆਚਾਰ ਹੀ ਬਚਾਵੇਗਾ, ਵਿਹਲੜ ਪੰਜਾਬ ਹੀ ਅਸਲ ਮੁਸੀਬਤ ਦਾ ਕਾਰਨ ਹੈ, ਇਹੀ ਅਮਨ ਕਾਨੂੰਨ ਲਈ ਖ਼ਤਰਾ ਬਣਦਾ ਹੈ।
ਪੰਜਾਬੀ ਲੇਖਕ ਸਭਾ ਲੁਧਿਆਣਾ ਦੇ ਪ੍ਰੈੱਸ ਸਕੱਤਰ ਕ੍ਰਿਪਾਲ ਸਿੰਘ ਚੌਹਾਨ ਨੇ ਮੰਚ ਸੰਚਾਲਨ ਕੀਤਾ।
ਡਾ: ਸੋਨੀਆ ਸਿੰਘ ਸਵੀਡਨ ਨੇ ਕਿਹਾ ਕਿ ਮੇਰੀ ਇਹ ਪੰਜਵੀਂ ਕਿਤਾਬ ਹੈ ਪਰ ਪੰਜਾਬੀ ਚ ਪਹਿਲੀ ਹੈ। ਸਵੀਡਿਸ਼, ਅੰਗਰੇਜ਼ੀ ਤੇ ਹਿੰਦੀ ਤੋਂ ਬਾਦ ਪੰਜਾਬੀ ਚ ਲਿਖ ਕੇ ਮੈਂ ਆਪਣੀ ਮਾਂ ਤੇ ਮਾਂ ਬੋਲੀ ਦਾ ਕਰਜ਼ ਉਤਾਰਿਆ ਹੈ।
ਉਸ ਆਖਿਆ ਕਿ ਧਰਮ ਕਰਮ ਦੇ ਨਾਮ ਤੇ ਚੱਲ ਰਹੇ ਭਰਮ ਜਾਲ ਤੇ ਪਾਖੰਡੀ ਡੇਰਾਵਾਦ ਦੇ ਖ਼ਿਲਾਫ਼ ਲਿਖੀ ਇਹ ਪੁਸਤਕ ਮੈਂ 2016 ਚ ਲਿਖਣੀ ਸ਼ੁਰੂ ਕੀਤੀ ਸੀ।
ਇਸ ਮੌਕੇ ਲੋਕ ਕਵੀ ਸੰਤ ਰਾਮ ਉਦਾਸੀ ਦੀ ਅੱਜ ਬਰਸੀ ਨੂੰ ਸਮਰਪਿਤ ਤਿੰਨ ਮੁੱਖ ਕਵੀਆਂ ਹਰਬੰਸ ਮਾਲਵਾ, ਰਾਜਦੀਪ ਤੂਰ ਤੇ ਅਮਰਜੀਤ ਸ਼ੇਰਪੁਰੀ ਤੋਂ ਇਲਾਵਾ ਦੋ ਬਾਲ ਕਵੀਆਂ ਸ਼ਰਨਬੀਰ ਕੌਰ ਸੰਧੂ ਤੇ ਅਮਨਪ੍ਰੀਤ ਸਿੰਘ ਸੰਧੂ ਨੇ ਮੁੱਲਵਾਨ ਕਵਿਤਾਵਾਂ ਪੇਸ਼ ਕੀਤੀਆਂ।
ਇਸ ਮੌਕੇ ਸ: ਬਲਕੌਰ ਸਿੰਘ ਗਿੱਲ, ਡਾ: ਸੋਨੀਆ ਦੇ ਪਿਤਾ ਜੀ ਸ: ਗੁਰਚਰਨ ਸਿੰਘ, ਜਗਦੇਵ ਸਿੰਘ ਤਰਕਸ਼ੀਲ,ਗੁਰਿੰਦਰ ਸਿੰਘ ਪੰਜਾਬੀ ਟ੍ਰਿਬਿਊਨ,ਅਸ਼ਵਨੀ ਜੇਤਲੀ, ਗੌਰਵ ਮਹਿੰਦਰੂ, ਰੈਕਟਰ ਕਥੂਰੀਆ ਸਮੇਤ ਕਈ ਸਿਰਕੱਢ ਸ਼ਖਸੀਅਤਾਂ ਹਾਜ਼ਰ ਸਨ।