ਸਰੀ, 24 ਅਗਸਤ, 2016 : ਇਸ ਵਾਰ ਲੇਖਕ ਮੰਚ ਦੀ ਮਾਸਕ ਮੀਟਿੰਗ ਹਮੇਸ਼ਾ ਦੀ ਤਰਾਂ ਨਿਊਟਨ ਲਾਇਬਰੇਰੀ ਵਿਚ ਐਤਵਾਰ ਹੋਈ। ਇਸ ਮੀਟਿੰਗ ਵਿਚ ਸਭ ਤੋਂ ਪਹਿਲਾਂ ਸੰਚਾਲਕਾਂ ਜਰਨੈਲ ਸਿੰਘ ਆਰਟਿਸਟ ਤੇ ਅਮਰੀਕ ਪਲਾਹੀ ਨੇ ਮੰਚ ਦੀ ਨਵੀਂ ਛਪ ਰਹੀ ਪੁਸਤਕ ਬਾਰੇ ਮੈਂਬਰਾਂ ਨਾਲ ਜਾਣਕਾਰੀ ਸਾਂਝੀ ਕੀਤੀ। ਉਸ ਤੋਂ ਬਾਦ ਵਿਸ਼ੇਸ਼ ਤੌਰ ਤੇ ਅਪਣੀ ਨਵੀਂ ਕਾਵਿ ਪੁਸਤਕ 'ਕੂੰਜਾਂ' ਦੀ ਮੰਚ ਮੈਂਬਰਾਂ ਨਾਲ ਸਾਂਝ ਪਵਾਉਣ ਲਈ ਆਈ ਜੋੜੀ ਹਰਸਿਮਰਨ ਭੰਡਾਰੀ ਤੇ ਡਾ ਰਜਿੰਦਰ ਭੰਡਾਰੀ ਦੀ ਜਾਣ ਪਛਾਣ ਜਰਨੈਲ ਸਿੰਘ ਨੇ ਕਰਾਈ ਤੇ ਦਸਿਆ ਕਿ ਹਰਸਿਮਰਨ ਭੰਡਾਰੀ ਨੇ ਪੰਜਾਬੀ ਵਿਚ ਬਾਬਾ ਫਰੀਦ ਦੀ ਬਾਣੀ ਉਪਰ ਖੋਜ ਕੀਤੀ ਹੈ ਤੇ ਲੰਮਾ ਸਮਾਂ ਚੰਡੀਗੜ ਵਿਚ ਐਮ ਸੀ ਐਮ ਡੀ ਏ ਵੀ ਕਾਲਜ ਵਿਚ ਪੰਜਾਬੀ ਪੜਾਉਂਦੇ ਰਹੇ ਹਨ।ਉਹਨਾਂ ਅਪਣੀ ਪੁਸਤਕ ਰਚਣ ਦੇ ਪ੍ਰਕਰਣ ਬਾਰੇ ਦਸਿਆ ਤੇ ਕੁਝ ਕਵਿਤਾਵਾਂ ਵੀ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ ਜਿਹਨਾਂ ਨੂੰ ਬਹੁਤ ਪ੍ਰਸ਼ੰਸਾ ਮਿਲੀ।ਬਾਦ ਵਿਚ ਰਚਨਾਵਾਂ ਦਾ ਦੌਰ ਚਲਿਆ ਜਿਸ ਵਿਚ ਕ੍ਰਿਸ਼ਨ ਭਨੋਟ, ਇੰਦਰਜੀਤ ਧਾਮੀ , ਅਮਰੀਕ ਪਲਾਹੀ, ਰੁਪਿੰਦਰ ਰੁਪੀ, ਪ੍ਰੀਤ ਮਨਪ੍ਰੀਤ, ਨਦੀਮ ਪਰਮਾਰ ਨੇ ਅਪਣੀਆਂ ਅਪਣੀਆਂ ਰਚਨਾਵਾਂ ਮੈਂਬਰਾਂ ਨਾਲ ਸਾਂਝੀਆਂ ਕੀਤੀਆਂ ਜਿਹਨਾਂ ਉਪਰ ਭਰਪੂਰ ਵਿਚਾਰ ਚਰਚਾ ਵੀ ਹੋਈ।