ਪਰਵਾਸੀ ਲੇਖਕ ਸਿੰਗਾਰਾ ਸਿੰਘ ਢਿੱਲੋਂ ਨਾਲ ਰੂ ਬ ਰੂ `ਤੇ ਸਨਮਾਨ
ਮਾਨਸਾ, 24 ਜਨਵਰੀ 2022: ਭਾਸ਼ਾ ਵਿਭਾਗ ਵੱਲੋਂ ਆਦਾਰਾ ਸਾਹਿਬਦੀਪ ਪ੍ਰਕਾਸ਼ਨ ਭੀਖੀ ਦੇ ਸਹਿਯੋਗ ਨਾਲ ਪਰਵਾਸੀ ਲੇਖਕ ਸ਼ਿੰਗਾਰਾ ਸਿੰਘ ਢਿੱਲੋਂ ਨਾਲ ਇਕ ਰੂਬਰੂ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਜ਼ਿਲ੍ਹਾ ਭਾਸ਼ਾ ਅਫ਼ਸਰ ਮੈਡਮ ਤਜਿੰਦਰ ਕੌਰ `ਤੇ ਜ਼ਿਲ੍ਹਾ ਖੋਜ ਅਫਸਰ ਗੁਰਪ੍ਰੀਤ ਨੇ ਆਪਣੇ ਸਵਾਗਤੀ ਭਾਸ਼ਣ ਵਿਚ ਕਿਹਾ ਕਿ ਸਿੰਗਾਰਾ ਸਿੰਘ ਢਿੱਲੋਂ ਦੀਆਂ ਵਾਰਤਕ ਪੁਸਤਕਾਂ ਮਨੁੱਖੀ ਜੀਵਨ ਨੂੰ ਨਰੋਈ ਸੇਧ ਦੇਣ ਵਾਲੀਆਂ ਹਨ।
ਪਰਵਾਸੀ ਲੇਖਕ ਨਾਲ ਆਪਣੀ ਸਾਂਝ ਨੂੰ ਅਧਾਰ ਬਣਾ ਕੇ ਲੇਖਕ ਆਲੋਚਕ ਨਿਰੰਜਣ ਬੋਹਾ ਨੇ ਕਿਹਾ ਕਿ ਸ਼ਿੰਗਾਰਾ ਸਿੰਘ ਢਿੱਲੋਂ ਜਿੰਨੇ ਭਾਰਤੀ ਪੰਜਾਬ ਦੇ ਪਾਠਕਾਂ ਵਿਚ ਹਰਮਨ ਪਿਆਰੇ ਹਨ ਓਨੇ ਹੀ ਪਾਕਿਸਤਾਨੀ ਪੰਜਾਬ ਦੇ ਪਾਠਕਾਂ ਵੱਲੋਂ ਪਸੰਦ ਕੀਤੇ ਜਾਂਦੇ ਹਨ। ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਲਾਭ ਸਿੰਘ, ਸ਼ਾਇਰ ਬਲਵੰਤ ਭਾਟੀਆ ਅਤੇ ਕਰਨ ਭੀਖੀ ਨੇ ਵੀ ਉਨ੍ਹਾਂ ਦੀ ਵਾਰਤਕ ਕਲਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।
ਆਪਣੇ ਸੰਬੋਧਨ ਵਿਚ ਸਿੰਗਾਰਾ ਸਿੰਘ ਢਿੱਲੋਂ ਨੇ ਕਿਹਾ ਕਿ ਹੁਣ ਪੰਜਾਬ ਦੇ ਲੋਕਾਂ ਨੇ ਆਪਣੀ ਸਮਾਜਿਕ ਹੋਂਦ ਨੂੰ ਸਾਰੀਆਂ ਦੁਨੀਆਂ ਵਿਚ ਸਥਾਪਿਤ ਕਰ ਲਿਆ ਹੈ। ਪਰਵਾਸੀ ਜੀਵਨ ਬਾਰੇ ਆਪਣੇ ਅਨੁਭਵ ਸਾਂਝੇ ਕਰਦਿਆਂ ਉਨ੍ਹਾਂ ਕਿਹਾ ਕਿ ਭਾਵੇ ਉੱਥੇ ਪਦਾਰਥਕ ਸੁੱਖ ਸੁੱਵਿਧਾਵਾਂ ਦੀ ਬਹੁਤਾਤ ਹੈ।
ਪਰ ਛੱਜੂ ਦੇ ਚੁਬਾਰੇ ਦਾ ਸੁੱਖ ਪਰਵਾਸੀ ਭਾਰਤੀਆਂ ਨੂੰ ਵਾਰ ਵਾਰ ਆਪਣੇ ਮੁਲਕ ਵੱਲ ਖਿੱਚ ਲਿਆਉਂਦਾ ਹੈ। ਇਸ ਮੌਕੇ ‘ਤੇ ਨਾਵਲਕਾਰ ਅਜ਼ੀਜ਼ ਸਰੋਏ, ਸ਼ਾਇਰ ਦਿਲਬਾਗ ਰਿਉਂਦ , ਡਾਕਟਰ ਗੁਰਮੇਲ ਕੌਰ ਜੋਸ਼ੀ ਤੇ ਗੁਲਾਬ ਸਿੰਘ ਰਿਉਂਦ ਨੇ ਵੀ ਆਪਣੇ ਵਿਚਾਰ ਪ੍ਰਗਟਾਏ।ਭਾਸ਼ਾ ਵਿਭਾਗ ਵੱਲੋਂ ਪਰਵਾਸੀ ਲੇਖਕ ਦਾ ਸਨਮਾਨ ਵੀ ਕੀਤਾ ਗਿਆ।