ਭਾਈ ਵੀਰ ਸਿੰਘ ਇਤਿਹਾਸ ਅਤੇ ਪਰਾ-ਇਤਿਹਾਸ ਦਾ ਸੁਮੇਲ - ਵਿਦਵਾਨ
- ਭਾਈ ਵੀਰ ਸਿੰਘ ਨੂੰ ਵਿਚਾਰਧਾਰਕ ਵਰਗਾਂ ਤੋਂ ਮੁਕਤ ਰੱਖਣ ‘ਤੇ ਜੋਰ: ਵਿਦਵਾਨ
ਅੰਮ੍ਰਿਤਸਰ, 05 ਦਸੰਬਰ 2023 - ਅੱਜ ਸੰਸਥਾ ਨਾਦ ਪ੍ਰਗਾਸੁ ਵੱਲੋਂ ਭਾਈ ਵੀਰ ਸਿੰਘ ਦੇ 151ਵੇਂ ਜਨਮ ਦਿਵਸ ਦੇ ਮੌਕੇ ‘ਤੇ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤੇ ਗਏ। ਅੱਜ ਦੇ ਇਹਨਾਂ ਪ੍ਰੋਗਰਾਮਾਂ ਵਿਚ ਸ਼ਹਿਰ ਦੇ ਵੱਖ-ਵੱਖ ਭਾਗਾਂ ਤੋਂ ਸਖਸ਼ੀਅਤਾਂ ਅਤੇ ਵੱਖ-ਵੱਖ ਵਿਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਸਮਾਗਮ ਦੇ ਪਹਿਲੇ ਪੜਾਅ ਵਿਚ ਸੰਸਥਾ ਵੱਲੋਂ ਕਰਵਾਏ ਜਾਂਦੇ ਮਹੀਨਾਵਰ ਪ੍ਰੋਗਰਾਮ ਸਿਰਜਣ ਪ੍ਰਕਿਰਿਆ ਦਾ 12ਵਾਂ ਭਾਗ ਭਾਈ ਵੀਰ ਸਿੰਘ ਨੂੰ ਸਮਰਪਿਤ ਕੀਤਾ ਗਿਆ। ਇਸ ਵਿੱਚ ਸ਼ਹਿਰ ਦੀ ਉਭਰਦੀ ਹੋਈ ਕਵਿੱਤਰੀ ਜਸਵਿੰਦਰ ਸੀਰਤ ਨੂੰ ਸਰੋਤਿਆਂ ਦੇ ਰੂ-ਬ-ਰੂ ਕਰਵਾਇਆ ਗਿਆ ਜਿਸ ਵਿੱਚ ਉਨ੍ਹਾਂ ਇੱਕ ਲੇਖਕ ਦੇ ਤੌਰ ਤੇ ਸਿਰਜਨਾਤਮਿਕਤਾ ਅਤੇ ਉਸਦੇ ਪ੍ਰਗਟਾਵੇ ਦੀਆਂ ਵਿਭਿੰਨਤਾਵਾਂ ਬਾਰੇ ਆਪਣਾ ਅਨੁਭਵ ਸਾਂਝਾ ਕੀਤਾ। ਬਾਅਦ ਵਿੱਚ ਉਨ੍ਹਾਂ ਵਿਦਿਆਰਥੀਆਂ ਦੁਆਰਾ ਪੁੱਛੇ ਗਏ ਪ੍ਰਸ਼ਨਾਂ ਦੇ ਜੁਆਬ ਵੀ ਦਿੱਤੇ।
ਸਮਾਗਮ ਦੇ ਦੂਜੇ ਪੜਾਅ ਵਿਚ ਭਾਈ ਵੀਰ ਸਿੰਘ ਦੀਆਂ ਰਚਨਾਵਾਂ ਬਾਬਤ ਵਿਚਾਰ ਚਰਚਾ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਖੋਜਾਰਥੀ ਗੁਰਦਿਆਲ ਸਿੰਘ ਨੇ ‘ਸੰਤ ਗਾਥਾ’ ਦੇ ਹਵਾਲੇ ਨਾਲ ਕਿਹਾ ਕਿ ਭਾਈ ਵੀਰ ਸਿੰਘ ਦੀ ਅਧਿਆਤਮਿਕਤਾ ਨੂੰ ਸਿਰਫ਼ ਨੈਤਿਕਤਾ ਜਾਂ ਮਾਨਵਵਾਦ ਤੱਕ ਸੀਮਿਤ ਕਰਕੇ ਨਹੀਂ ਦੇਖਿਆ ਜਾਣਾ ਚਾਹੀਦਾ ਕਿਉਂਕਿ ਉਨ੍ਹਾਂ ਦੀਆਂ ਰਚਨਾਵਾਂ ਵਿਚ ਇਤਿਹਾਸ ਤੇ ਪਰਾ-ਇਤਿਹਾਸ ਦਾ ਸੁਮੇਲ ਪ੍ਰਤੱਖ ਦੇਖਣ ਨੂੰ ਮਿਲਦਾ ਹੈ। ਦੂਜੇ ਬੁਲਾਰੇ ਹੀਰਾ ਸਿੰਘ ਨੇ ਭਾਈ ਵੀਰ ਸਿੰਘ ਦੀਆਂ ਲਿਖਤਾਂ ਵਿਚ ਨਾਮ-ਰਸ ਅਤੇ ਸਵੈ ਦੇ ਸੰਕਲਪ ਦੀ ਚਰਚਾ ਕੀਤੀ।
ਸਮਾਗਮ ਦੇ ਅਖੀਰ ਵਿੱਚ ਸਮਾਗਮ ਦੇ ਮੁੱਖ ਮਹਿਮਾਨ ਡਾ. ਗੁਰਨਾਮ ਕੌਰ ਬੇਦੀ ਨੇ ਕਿਹਾ ਕਿ ਵਿਸਮਾਦ, ਖੇੜਾ ਅਤੇ ਚੜ੍ਹਦੀ ਕਲਾ ਦੇ ਸੰਕਲਪ ਭਾਈ ਵੀਰ ਸਿੰਘ ਦੀਆਂ ਰਚਨਾਵਾਂ ਦੇ ਕੇਂਦਰੀ ਨੁਕਤੇ ਵਜੋਂ ਉਭਰਦੇ ਹਨ। ਉਨ੍ਹਾਂ ਨੇ ਭਾਈ ਵੀਰ ਸਿੰਘ ਦੀ ਸਖ਼ਸ਼ੀਅਤ ਨੂੰ ਵੱਖ-ਵੱਖ ਵਿਚਾਰਧਾਰਕ ਵਰਗਾਂ ਤੋਂ ਮੁਕਤ ਰੱਖਣ ਤੇ ਜੋਰ ਦਿੱਤਾ। ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਾਬਕਾ ਪ੍ਰੋਫੈਸਰ ਡਾ. ਧਰਮ ਸਿੰਘ ਨੇ ਕਿਹਾ ਕਿ ਭਾਈ ਵੀਰ ਸਿੰਘ ਅੰਮ੍ਰਿਤਸਰ ਸ਼ਹਿਰ ਦੀ ਕੇਂਦਰੀ ਹਸਤੀ ਹੈ ਜਿਸਦੇ ਮਹੱਤਵ ਨੂੰ ਪਹਿਚਾਨਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਭਾਈ ਵੀਰ ਸਿੰਘ ਨੂੰ ਸਿਰਫ਼ ਕੁਦਰਤ ਦੇ ਕਵੀ ਤੱਕ ਸੀਮਿਤ ਨਹੀਂ ਕੀਤਾ ਜਾਣਾ ਚਾਹੀਦਾ, ਸਗੋਂ ਉਨ੍ਹਾਂ ਦੀਆਂ ਰਚਨਾਵਾਂ ਦੇ ਮਹੱਤਵ ਨੂੰ ਅਕਾਦਮਿਕ ਖੇਤਰ ਵਿੱਚ ਵੀ ਉਭਾਰਿਆ ਜਾਣਾ ਚਾਹੀਦਾ ਹੈ।
ਇਸ ਮੌਕੇ ਭਾਈ ਵੀਰ ਸਿੰਘ ਦੀ ਕਾਵਿ-ਘਾਲਣਾ ਨੂੰ ਸਮਰਪਿਤ ਇੱਕ ਕਵੀ ਦਰਬਾਰ ਕੀਤਾ ਗਿਆ ਜਿਸ ਵਿੱਚ ਸੁਰਿੰਦਰ ਸਿੰਘ, ਚਰਨਜੀਤ ਸਿੰਘ, ਡਾ. ਮਨਿੰਦਰ ਸਿੰਘ, ਹਰਪ੍ਰੀਤ ਨਾਰਲੀ, ਗੁਰਪ੍ਰੀਤ ਸਿੰਘ ਪ੍ਰੀਤ ਅਤੇ ਅਰਸ਼ਦੀਪ ਸਿੰਘ ਆਦਿ ਕਵੀਆਂ ਨੇ ਆਪਣੀ ਕਵਿਤਾਵਾਂ ਨਾਲ ਸ੍ਰੋਤਿਆਂ ਨੂੰ ਮੰਤਰ-ਮੁਗਧ ਕੀਤਾ। ਇਸ ਮੌਕੇ ਗੁਰਿੰਦਰ ਸਿੰਘ ਜੌਹਲ, ਡਾ. ਜੋਗਿੰਦਰ ਸਿੰਘ, ਮਦਨਜੀਤ ਸਿੰਘ, ਗੁਰਚੇਤਨ ਸਿੰਘ, ਪ੍ਰੋ. ਗੁਰਮੇਲ ਸਿੰਘ ਅਤੇ ਡਾ. ਸੁਖਵਿੰਦਰ ਸਿੰਘ ਵੀ ਹਾਜ਼ਰ ਸਨ।