ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਛਾਪੀ ਕਿਤਾਬ 1945 ਤੋਂ 1960 ਦੇ ਪੰਜਾਬ ’ਤੇ ਰੌਸ਼ਨੀ ਪਾਵੇਗੀ
ਨਵਾਂਸ਼ਹਿਰ, 19 ਅਕਤੂਬਰ 2019: ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਵੱਲੋਂ ਕਲ੍ਹ ਉਘੇ ਪੰਜਾਬੀ ਲੇਖਕ ਤੇ ਅਗਾਂਹਵਧੂ ਕਿਸਾਨ ਮਹਿੰਦਰ ਸਿੰਘ ਦੁਸਾਂਝ ਦੀ ਨਵੀਂ ਪੁਸਤਕ ‘ਪੇਂਡੂ ਪੰਜਾਬ ਤੇ ਕਿਸਾਨੀ ਦਾ ਪੁਰਾਤਨ ਸਭਿਆਚਾਰ’ ਦੀ ਘੁੰਡ-ਚੁਕਾਈ ਕੀਤੀ ਗਈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਛਾਪੀ ਗਈ ਇਹ ਕਿਤਾਬ 1945 ਤੋਂ 1960 ਦੇ ਪੰਜਾਬ ਦੇ ਰਸਮੋ-ਰਿਵਾਜ਼ਾਂ ਅਤੇ ਕਿਰਸਾਨੀ ’ਤੇ ਰੌਸ਼ਨੀ ਪਾਉਂਦੀ ਹੈ।
ਸ੍ਰੀ ਬਬਲਾਨੀ ਨੇ ਇਸ ਮੌਕੇ ਆਖਿਆ ਕਿ ਮਹਿੰਦਰ ਸਿੰਘ ਦੁਸਾਂਝ ਉਮਰ ਦੇ 81ਵੇਂ ਵਰ੍ਹੇ ’ਚ ਪੁੱਜ ਕੇ ਵੀ ਬਿਲਕੁੱਲ ਸ਼ਾਂਤ ਚਿੱਤ ਤੇ ਠਰ੍ਹੰਮੇ ਵਾਲੇ ਕਿਰਦਾਰ ਨੂੰ ਜਿੳੂ ਰਹੇ ਹਨ ਜੋ ਕਿ ਅੱਜ ਕਲ੍ਹ ਦੀ ਦੌੜ-ਭੱਜ, ਲਾਲਸਾ ਭਰੀ ਤੇ ਇੱਕ-ਦੂਜੇ ਤੋਂ ਅੱਗੇ ਜਾਣ ਦੀ ਲੱਗੀ ਹੋੜ ਲਈ ਵਧੀਆ ਉਦਾਹਰਣ ਹਨ।
ਉਨ੍ਹਾਂ ਆਖਿਆ ਕਿ ਆਪਣੀ ਸਾਦਗੀ ਭਰੀ ਜ਼ਿੰਦਗੀ ਅਤੇ ਆਪਣੀ ਅਗਾਂਹਵਧੂ ਸੋਚ ਸਦਕਾ 1986 ’ਚ ਯੂ ਐਨ ਓ ਤੋਂ ਕਣਕ ਦੀ ਖੇਤੀ ਲਈ ਵਿਸ਼ੇਸ਼ ਐਵਾਰਡ ਹਾਸਲ ਕਰ ਚੁੱਕੇ ਮਹਿੰਦਰ ਸਿੰਘ ਦੁਸਾਂਝ ਦਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਕੌਂਸਲ ਆਫ਼ ਖੇਤੀਬਾੜੀ ਰਿਸਰਚ ਦੇ ਮਾਣ ਮੱਤੇ ਮੈਂਬਰ ਵਜੋਂ ਕੰਮ ਕਰਨਾ, ਸਾਡੇ ਜ਼ਿਲ੍ਹੇ ਲਈ ਮਾਣ ਵਾਲੀ ਗੱਲ ਹੈ। ਜ਼ਿਕਰਯੋਗ ਹੈ ਕਿ ਸ੍ਰੀ ਦੁਸਾਂਝ ਆਪਣੀ ਕਿਰਸਾਨੀ ਕਾਬਲੀਅਤ ਦੇ ਸਿਰ ’ਤੇ ਪੀ ਏ ਯੂ ਤੋਂ ਸ. ਦਲੀਪ ਸਿੰਘ ਮੈਮੋਰੀਅਲ ਐਵਾਰਡ, 2007 ’ਚ ਮੁੱਖ ਮੰਤਰੀ ਐਵਾਰਡ ਅਤੇ ਪੰਜਾਬ ਸਰਕਾਰ ਤੋਂ 2011 ’ਚ ਸਟੇਟ ਐਵਾਰਡ ਹਾਸਲ ਕਰ ਚੁੱਕੇ ਹਨ।
ਪੁਸਤਕ ਬਾਰੇ ਬੋਲਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਵਿੱਚ ਜਿਸ ਵਕਤ ਦੇ ਪੰਜਾਬ ਦੀ ਗੱਲ ਕੀਤੀ ਗਈ ਹੈ, ਉਸ ਮੌਕੇ ਰਸਮੋ-ਰਿਵਾਜ਼, ਭਾਈਚਾਰਕ ਸਾਂਝ, ਸਾਂਝੇ ਪਰਿਵਾਰ ਨੂੰ ਸਭ ਤੋਂ ਉੱਪਰ ਸਮਝਿਆ ਜਾਂਦਾ ਸੀ। ਉਸ ਮੌਕੇ ਧੀਆਂ ਦੇ ਸਤਿਕਾਰ, ਕਿਸੇ ਲੋੜਵੰਦ ਪਰਿਵਾਰ ਦੀ ਧੀ ਨੂੰ ਸਭ ਨੇ ਆਪਣੀ ਧੀ ਸਮਝ ਕੇ ਉਸ ਦਾ ਕਾਰ-ਵਿਹਾਰ ਕਰਨਾ, ਪੰਜਾਬ ਦੇ ਅਮੀਰ ਵਿਰਸੇ ਦੀ ਵਿਲੱਖਣਤਾ ਹੀ ਸੀ, ਜੋ ਅੱਜ ਦੇ ਸਮੇਂ ’ਚ ਲੁਪਤ ਹੁੰਦੀ ਜਾ ਰਹੀ ਹੈ।
ਸ. ਮਹਿੰਦਰ ਸਿੰਘ ਦੁਸਾਂਝ ਨੇ ਪੁਸਤਕ ਦੇ ਵਿਸ਼ੇ-ਵਸਤੂ ’ਤੇ ਚਾਨਣਾ ਪਾਉਂਦਿਆਂ ਕਿਹਾ ਕਿ ਪੁਸਤਕ ਉਸ ਮੌਕੇ ਦੀ ਸਾਦਗੀ, ਸਮਾਜਿਕ ਪਿਆਰ ਤੇ ਸਾਂਝ, ਸਿਹਤਮੰਦ ਜੀਵਨ ਸਲੀਕੇ, ਕੁਦਰਤੀ ਆਫ਼ਤਾਂ ਨਾਲ ਖਿੜੇ-ਮੱਥੇ ਸਿੱਝਣ ਦੀ ਕਲਾ, ਪੰਜਾਬੀ ਸਾਹਿਤ ਤੇ ਭਾਸ਼ਾ ਦੀ ਮਜ਼ਬੂਤੀ, ਤਿੱਥ-ਤਿੳਹਾਰਾਂ, ਛਿੰਝਾਂ-ਮੇਲਿਆਂ, ਵਿਆਹਾਂ, ਤਿੰ੍ਰਝਣਾਂ, ਫ਼ੁਲਕਾਰੀਆਂ ਆਦਿ ਬਾਰੇ ਰੋਚਿਕ ਜਾਣਕਾਰੀ ਨਾਲ ਭਰਪੂਰ ਹੈ। ਉਨ੍ਹਾਂ ਕਿਹਾ ਕਿ ਉਸ ਸਮੇਂ ਭਾਵੇਂ ਕਿਰਸਾਨੀ ਅਤੇ ਸਮਾਜ ਅੱਜ ਵਰਗੀਆਂ ਸਹੂਲਤਾਂ ਤੋਂ ਵਾਂਝੇ ਸਨ ਪਰ ਨਿਰਾਸ਼ਾ ’ਚ ਕਦੇ ਵੀ ਨਹੀਂ ਸਨ ਜਾਂਦੇ। ਉਸ ਮੌਕੇ ਕਿਸਾਨੀ ਖੁਦਕਸ਼ੀਆਂ ਤੋਂ ਕੋਹਾਂ ਦੂਰ ਸੀ ਕਿਉਂ ਕਿ ਉਹ ਸਾਦਗੀ ਭਰਿਆ ਜੀਵਨ ਜਿਉਂਦੇ ਸਨ। ਉਨ੍ਹਾਂ ਦੱਸਿਆ ਕਿ ਪੁਸਤਕ ਅੱਜ ਕਲ੍ਹ ਦੀ ਨਿਰਾਸ਼ਾ ’ਚ ਘਿਰੀ ਕਿਸਾਨੀ ਨੂੰ ਪੁਰਾਣੇ ਵੇਲਿਆਂ ਦੇ ਪੰਜਾਬ ਦੀ ਉਦਾਹਰਨ ਦੇ ਕੇ, ਖੁਦਕਸ਼ੀਆਂ ਦੇ ਰਾਹ ਤੋਂ ਮੋੜਨ ਦਾ ਵੀ ਇੱਕ ਨਿਮਾਣਾ ਜਿਹਾ ਯਤਨ ਹੈ।
ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਗੁਰਬਖ਼ਸ਼ ਸਿੰਘ ਤੇ ਜ਼ਿਲ੍ਹਾ ਖੇਤੀਬਾੜੀ ਉਦਪਾਦਨ ਕਮੇਟੀ ਦੇ ਹੋਰ ਸਰਕਾਰੀ ਤੇ ਗੈਰ-ਸਰਕਾਰੀ ਮੈਂਬਰ ਵੀ ਮੌਜੂਦ ਸਨ।
ਫ਼ੋਟੋ ਕੈਪਸ਼ਨ: 19.10.19 ਰਿਲੀਜ਼ ਆਫ਼ ਬੁੱਕ: ਡਿਪਟੀ ਕਮਿਸ਼ਨਰ ਵਿਨੈ ਬਬਲਾਨੀ, ਅਗਾਂਹਵਧੂ ਕਿਸਾਨ ਮਹਿੰਦਰ ਸਿੰਘ ਦੁਸਾਂਝ ਦੀ ਨਵੀਂ ਛਪੀ ਕਿਤਾਬ ‘ਪੇਂਡੂ ਪੰਜਾਬ ਤੇ ਕਿਸਾਨੀ ਦਾ ਪੁਰਾਤਨ ਸਭਿਆਚਾਰ’ ਦੀ ਘੁੰਡ-ਚੁਕਾਈ ਕਰਦੇ ਹੋਏ।