"ਕਨੇਡਾ: ਗੁਰਮੇਲ ਬੀਰੋਕੇ ਪੁਸਤਕ "ਅੱਗ 'ਚ ਸੜਦੇ ਫੁੱਲ" ਨੇ ਕਹਾਣੀ ਵਿਧਾ ਨੂੰ ਅਮੀਰੀ ਬਖ਼ਸ਼ੀ "
ਸੋਹਣ ਸਿੰਘ ਕੇਸਰਵਾਲੀਆ
ਸਰੀ , ਕੈਨੇਡਾ 11 ਜੁਲਾਈ: 2022: ਕਨੇਡਾ ਜਾਂ ਵਸੇ ਗੁਰਮੇਲ ਬੀਰੋਕੇ ਦੀ ਨਵੀਂ ਪੁਸਤਕ "ਅੱਗ 'ਚ ਸੜਦੇ ਫੁੱਲ" ਵੀ ਕਮਾਲ ਦਾ ਕਹਾਣੀ ਸੰਗ੍ਰਹਿ ਹੈ, ਇਹਨਾਂ ਕਹਾਣੀਆਂ ਵਿੱਚ ਉਸ ਨੇ ਵਿਗਿਆਨਕ, ਮਨੋਵਿਗਿਆਨਕ ਤੇ ਸਮਾਜਿਕ ਦ੍ਰਿਸ਼ਟੀ ਨੂੰ ਬਰੀਕ ਬੀਨੀ ਨਾਲ ਪੇਸ਼ ਕਰਕੇ ਜਿੱਥੇ ਸਾਡੀ ਕਹਾਣੀ ਵਿਧਾ ਨੂੰ ਅਮੀਰੀ ਬਖ਼ਸ਼ੀ ਹੈ ਓਥੇ ਵਿਕਸਤ ਸਮਾਜ ਵਿੱਚ ਰਿਸ਼ਤਿਆਂ ਦੀ ਟੁੱਟ-ਭੱਜ ਨੂੰ ਬੜੇ ਹੀ ਕਲਾਤਮਿਕ ਢੰਗ ਨਾਲ ਚਿਤਰਿਆ ਏ। ਉਹ ਟੁੱਟ-ਭੱਜ ਦੇ ਮਲਬੇ 'ਚੋਂ ਪਾਠਕ ਨੂੰ ਲੰਘਾਉਂਦਿਆਂ, ਵਿਖਾਉਂਦਿਆਂ, ਬਚਣ ਦੇ ਇਸ਼ਾਰੇ ਕਰਦਿਆਂ, ਉਸ ਟੁੱਟ-ਭੱਜ ਨੂੰ ਚੁਗ ਕੇ ਸਾਹਿਤ ਨੁਮਾ ਰੌਕ ਗਾਰਡਨ ਸਿਰਜਦਾ ਨਜ਼ਰ ਆਉਂਦਾ ਏ। ਇਸ ਟੁੱਟ-ਭੱਜ ਨੂੰ ਪੜ੍ਹਦਿਆਂ ਸੋਚ ਦੇ ਪੋਟਿਆਂ ਦੇ ਜ਼ਖਮੀ ਹੋਣ ਦਾ ਅਹਿਸਾਸ ਕਰਕੇ ਰੂਹ ਕੰਬ ਉੱਠਦੀ ਹੈ। ਇਹ ਕਹਾਣੀਆਂ ਜਿੱਥੇ ਪਾਤਰਾਂ ਦੇ ਹਾਣੀਆਂ ਲਈ ਇਸ ਗੱਲ ਦਾ ਅਹਿਸਾਸ ਕਰਵਾਉਂਦੀਆਂ ਨੇ ਕਿ ਸਾਡੇ ਵਰਗਾ ਕੋਈ ਹੋਰ ਵੀ ਹੈ, ਠੰਢਾ ਬੁੱਲਾ ਬਣਨਗੀਆਂ ਤੇ ਨਵਿਆਂ ਲਈ ਮਾਰਗ ਦਰਸ਼ਨ ਹੋ ਨਿਬੜਨਗੀਆਂ।
ਗੁਰਮੇਲ ਬੀਰੋਕੇ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਸਬਜ਼ੀ ਵਿਗਿਆਨ 'ਚ ਪੋਸਟ-ਗਰੈਜੂਏਟ ਹੈ। ਇੱਥੇ ਨੌਕਰੀ ਲਈ ਦਾਲ਼ ਗਲ਼ਦੀ ਨਾ ਵੇਖ ਵਤਨੋਂ ਉਡਾਰੀ ਮਾਰ ਗਿਆ। ਕਨੇਡਾ ਵਿੱਚ ਟਰੱਕ ਚਲਾਉਣ ਦੇ ਨਾਲ ਆਪਣੀਆਂ ਸੋਚਾਂ ਨੂੰ ਕਾਗ਼ਜ਼ਾਂ 'ਤੇ ਉਤਾਰਨ ਲੱਗਿਆ, ਕਿਤਾਬ "ਬਾਤਾਂ ਸੜਕ ਦੀਆਂ" ਦਾ ਜਨਮ ਹੋਇਆ, ਕਿਤਾਬ ਪੜ੍ਹਦਿਆਂ ਇਉਂ ਜਾਪਦਾ ਹੈ ਜਿਵੇਂ ਇੱਕ ਸੁਘੜ ਗਾਈਡ ਯਾਤਰਾ ਦੌਰਾਨ ਡਰਾਈਵ ਕਰਦਿਆਂ ਰਸਤੇ 'ਚ ਆਉਣ ਵਾਲੀਆਂ ਸਭ ਥਾਵਾਂ ਬਾਰੇ ਜਾਣਕਾਰੀ ਦਿੰਦਾ ਜਾ ਰਿਹਾ ਹੋਵੇ।