ਅਸ਼ੋਕ ਵਰਮਾ
ਬਠਿੰਡਾ, 13 ਨਵੰਬਰ 2020 - ਪੰਜਾਬੀ ਸਾਹਿਤ ਸਭਾ ਨੇ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸੀਨੀਅਰ ਕਾਰਕੁੰਨਾਂ ਪਿ੍ਰਸੀਪਲ ਬੱਗਾ ਸਿੰਘ, ਡਾਕਟਰ ਅਜੀਤਪਾਲ ਸਿੰਘ ਅਤੇ ਪਿ੍ਰਤਪਾਲ ਸਿੰਘ ਨੂੰ ਪੁਲੀਸ ਵੱਲੋਂ ਤੰਗ ਪ੍ਰੇਸ਼ਾਨ ਕਰਨ ਅਤੇ ਉਹਨਾਂ ਦੇ ਘਰਾਂ ਅੰਦਰ ਦਾਖਲ ਹੋ ਕੇ ਆਗੂਆਂ ਦੀਆਂ ਨਿੱਜੀ ਜਾਣਕਾਰੀਆਂ ਇਕੱਤਰਤ ਕਰਨ ਦੀ ਸਖਤ ਸ਼ਬਦਾਂ ’ਚ ਨਿਖੇਘੀ ਕੀਤੀ ਹੈ। ਪੰਜਾਬੀ ਸਾਹਿਤ ਸਭਾ (ਰਜਿ.) ਬਠਿੰਡਾ ਦੇ ਪ੍ਰਧਾਨ ਸੁਰਿੰਦਰਪ੍ਰੀਤ ਘਣੀਆ, ਜਨਰਲ ਸਕੱਤਰ ਭੁਪਿੰਦਰ ਸੰਧੂ ਬਠਿੰਡਾ ਅਤੇ ਵਿੱਤ ਸਕੱਤਰ ਦਵੀ ਸਿੱਧੂ ਨੇ ਆਖਿਆ ਕਿ ਬਠਿੰਡਾ ਵਿਖੇ ਜਮਹੂਰੀ ਹੱਕਾਂ ਦੇ ਆਗੂਆਂ ਦੀਆਂ ਲਿਸਟਾਂ ਬਣਾ ਕੇ ਪੰਜਾਬ ਪੁਲਿਸ ਵੱਲੋਂ ਅਪਰਾਧੀਆਂ ਦੀ ਤਰਾਂ ਉਹਨਾਂ ਦਾ ਬਾਇਓਡਾਟਾ ਇਕੱਠਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜੋਕਿ ਜਮਹੂਰੀ ਹੱਕਾਂ ਤੇ ਡਾਕਾ ਹੈ।
ਉਹਨਾਂ ਆਖਿਆ ਕਿ ਜਮਹੂਰੀ ਹੱਕਾਂ ਦੇ ਇਹ ਆਗੂ ਲੋਕ ਪੱਖੀ ਸਾਹਿਤ ਸਭਿਆਚਾਰ ਨਾਲ ਵੀ ਨੇੜਿਓਂ ਜੁੜੇ ਹੋਏ ਹਨ ਖਾਸ ਤੌਰ ਤੇ ਡਾਕਟਰ ਅਜੀਤਪਾਲ ਸਿੰਘ ਤਾਂ ਪੰਜਾਬੀ ਸਾਹਿਤ ਸਭਾ ਬਠਿੰਡਾ ਦੇ ਮੁੱਖ ਸਰਪ੍ਰਸਤ ਹਨ। ਉਹਨਾਂ ਦੱਸਿਆ ਕਿ ਉਹ 4 ਦਰਜਨ ਦੇ ਕਰੀਬ ਕਿਤਾਬਾਂ ਪੰਜਾਬੀ ਸਾਹਿਤ ਦੀ ਝੋਲੀ ਵਿਚ ਪਾ ਚੁੱਕੇ ਹਨ ਅਤੇ ਅਜੇ ਵੀ ਉਹਨਾਂ ਵੱਲੋਂ ਲਿਖਣ ਕਾਰਜ ਜਾਰੀ ਹੈ। ਉਹਨਾਂ ਆਖਿਆ ਕਿ ਕੀ ਅਜਿਹੇ ਲੋਕ ਜੋ ਆਮ ਆਦਮੀ ਨੂੰ ਮਿਲੇ ਬੁਨਿਆਦੀ ਅਧਿਕਾਰੀ ਦੇ ਹਾਮੀ ਹੋਣ,ਉਹ ਅਪਰਾਧੀ ਹਨ ਜੋ ਪੁਲਿਸ ਅਜਿਹਾ ਵਤੀਰਾ ਅਪਣਾ ਰਹੀ ਹੈ। ਪੰਜਾਬੀ ਸਾਹਿਤ ਸਭਾ ਬਠਿੰਡਾ ਨੇ ਜਮਹੂਰੀ ਧਿਰਾਂ ਅਤੇ ਲੇਖਕਾਂ ਤੇ ਕੀ ਤੇ ਇਸ ਹਮਲੇ ਵਿਰੋਧ ਕਰਦਿਆਂ ਸਮੂਹ ਇਨਸਾਫ਼ਪਸੰਦ ਜਮਹੂਰੀ ਤਾਕਤਾਂ ਨੂੰ ਪੁਲਿਸ ਕਾਰਵਾਈ ਦਾ ਵਿਰੋਧ ਕਰਨ ਦੀ ਅਪੀਲ ਕੀਤੀ ਹੈ।
ਪੰਜਾਬੀ ਸਾਹਿਤ ਸਭਾ ਬਠਿੰਡਾ ਦੇ ਆਗੂਆਂ ਸਕੱਤਰ ਡਾ. ਜਸਪਾਲਜੀਤ , ਸ਼ੀਨੀਅਰ ਮੀਤ ਪ੍ਰਧਾਨ ਸੁਖਦਰਸ਼ਨ ਗਰਗ, ਮੀਤ ਪ੍ਰਧਾਨ ਅਮਰਜੀਤ ਕੌਰ ਹਰੜ, ਸਲਾਹਕਾਰ ਪਿ੍ਰੰ ਜਗਮੇਲ ਸਿੰਘ ਜਠੌਲ ਅਤੇ ਅਮਰਜੀਤ ਸਿੰਘ ਪੇਂਟਰ, ਸਰਪ੍ਰਸਤ ਡਾ. ਸਤਨਾਮ ਸਿੰਘ ਜੱਸਲ, ਪ੍ਰਚਾਰ ਸਕੱਤਰ ਗੁਰਸੇਵਕ ਚੁੱਘੇ ਖੁਰਦ, ਅਦਾਕਾਰਾ ਅਤੇ ਨਿਰਦੇਸ਼ਿਕਾ ਸੁਖਵੀਰ ਕੌਰ ਸਰਾਂ, ਰਾਮ ਦਿਆਲ ਸਿੰਘ ਸੇਖੋਂ, ਆਦਿ ਨੇ ਪੁਲੀਸ ਦੀ ਇਸ ਕਾਰਵਾਈ ਨੂੰ ਨਿਦਣਯੋਗ ਕਰਾਰ ਦਿੰਦਿਆਂ ਭਰਾਤਰੀ ਲੋਕ ਜਮਹੂਰੀ ਜਥੇਬੰਦੀਆਂ ਦੇ ਸਾਥੀਆਂ ਨੂੰ ਵੀ ਇਸ ਦੇ ਵਿਰੋਧ ’ਚ ਅੱਗੇ ਆਉਣ ਲਈ ਕਿਹਾ ਹੈ। ਉਹਨਾਂ ਆਖਿਆ ਕਿ ਇਸ ਗੰਭੀਰ ਮਾਮਲੇ ਨੂੰ ਲੈਕੇ ਸਾਂਝਾ ਵਿਰੋਧ ਕੀਤਾ ਜਾਏ ਤਾਂ ਪੁਲਿਸ ਪ੍ਰਸ਼ਾਸ਼ਨ ਤੇ ਦਬਾਅ ਬਣਾਇਆ ਜਾ ਸਕਦਾ ਹੈ।