ਲੁਧਿਆਣਾ, 18 ਜਨਵਰੀ, 2018 :
ਪੰਜਾਬ ਭਵਨ ਸੱਰੀ ਕੈਨੇਡਾ ਦੇ ਬਾਨੀ ਸੁੱਖੀ ਬਾਠ ਦੇ ਸਵਾਗਤ ਵਿੱਚ ਬੀਤੀ ਰਾਤ ਜੀ ਜੀ ਐੱਨ ਖਾਲਸਾ ਕਾਲਿਜ ਲੁਧਿਆਣਾ ਤੇ ਹੋਰ ਵਿਦਿਅਕ ਸੰਸਥਾਵਾਂ ਚਲਾ ਰਹੀ ਗੁਰੂ ਨਾਨਕ ਐਜੂਕੇਸ਼ਨਲ ਕੌਂਸਿਲ ਲੁਧਿਆਣਾ ਦੇ ਪ੍ਰਧਾਨ ਸ: ਗੁਰਸ਼ਰਨ ਸਿੰਘ ਨਰੂਲਾ ਵੱਲੋਂ ਰੱਖੇ ਸਮਾਗਮ ਵਿੱਚ ਬੋਲਦਿਆਂ ਸ: ਬਾਠ ਨੇ ਕਿਹਾ ਕਿ ਪੰਜਾਬੀਆਂ ਨੂੰ ਇਹ ਸਬਕ ਬਾਰ ਬਾਰ ਚੇਤੇ ਕਰਵਾਉਣ ਦੀ ਜ਼ਰੂਰਤ ਹੈ ਕਿ ਮਾਂ ਬੋਲੀ ਤੇ ਵਿਰਾਸਤ ਹੀ ਦੋ ਗਹਿਣੇ ਨੇ, ਜੋ ਸੰਭਾਲਣਯੋਗ ਹਨ। ਇਨ੍ਹਾਂ ਦਾ ਅਗਲੀ ਪੀੜ੍ਹੀ ਤੀਕ ਸੰਚਾਰ ਕਰਨ ਚ ਜੇ ਅਸੀਂ ਉੱਕ ਗਏ ਤਾਂ ਅਸੀਂ ਭਵਿੱਖ ਅੱਗੇ ਸ਼ਰਮਸਾਰ ਹੋਵਾਂਗੇ।
ਉਨ੍ਹਾਂ ਰਸੂਲ ਹਮਜ਼ਾਤੋਵ ਦੀ ਲਿਖਤ ਮੇਰਾ ਦਾਗਿਸਤਾਨ ਦੇ ਹਵਾਲੇ ਨਾਲ ਕਿਹਾ ਕਿ ਜੇ ਤੁਸੀਂ ਬੀਤੇ ਤੇ ਪਿਸਤੌਲ ਚਲਾਓਗੇ ਤਾਂ ਭਵਿੱਖ ਤੁਹਾਨੂੰ ਤੋਪ ਨਾਲ ਫੁੰਡੇਗਾ। ਇਹ ਕਥਨ ਪੱਲੇ ਬੰਨ੍ਹਣ ਯੋਗ ਹੈ ਤੇ ਇਸੇ ਨੇ ਹੀ ਪ੍ਰੋ: ਗੁਰਭਜਨ ਸਿੰਘ ਗਿੱਲ ਦੀ ਪ੍ਰੇਰਨਾ ਨਾਲ ਮੇਰੇ ਪਿਤਾ ਜੀ ਸ: ਅਰਜੁਨ ਸਿੰਘ ਬਾਠ ਦੀ ਯਾਦ ਵਿੱਚ ਪੰਜਾਬ ਭਵਨ ਦੀ ਸਥਾਪਨਾ ਕਰਵਾਈ ਹੈ। ਹਰ ਸਮਰਂਥਾਵਾਨ ਪੰਜਾਬੀ ਪਰਿਵਾਰ ਨੂੰ ਸਾਹਿੱਤ, ਸਿੱਖਿਆ , ਸਿਹਤ ਤੇ ਪੰਜਾਬੀ ਸਭਿਆਚਾਰ ਦੇ ਵਿਕਾਸ ਤੇ ਪਸਾਰ ਲਈ ਦਸਵੰਧ ਕੱਢਣਾ ਚਾਹੀਦਾ ਹੈ।
ਸ: ਸੁੱਖੀ ਬਾਠ ਨੇ ਇਸ ਮੌਕੇ ਲੋਕ ਵਿਰਾਸਤ ਅਕਾਡਮੀ ਵੱਲੋਂ ਪ੍ਰਕਾਸ਼ਿਤ ਪ੍ਰੋ: ਪਰਮਜੀਤ ਕੌਰ ਨੂਰ ਦੀ ਸੁਹਾਗ, ਘੋੜੀਆਂ ਤੇ ਲੰਮੀ ਹੇਕ ਵਾਲੇ ਲੋਕ ਗੀਤਾਂ ਅਧਾਰਤ ਵਿਰਾਸਤ ਪੁਸਤਕ ਸ਼ਗਨਾਂ ਵੇਲਾ ਦਾ ਦੂਜਾ ਸੰਸਕਰਨ ਡਾ: ਐੱਸ ਪੀ ਸਿੰਘ, ਸਾਬਕਾ ਵਾਈਸ ਚਾਂਸਲਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਸ: ਗੁਰਸ਼ਰਨ ਸਿੰਘ ਨਰੂਲਾ,ਸ: ਅਰਵਿੰਦਰਪਾਲ ਸਿੰਘ,ਸ: ਇੰਦਰਪਾਲ ਸਿੰਘ,ਪ੍ਰੋ: ਮਨਜੀਤ ਸਿੰਘ ਛਾਬੜਾ, ਡਾ: ਗਜਿੰਦਰ ਸਿੰਘ, ਸ:ਕੁਲਜੀਤ ਸਿੰਘ, ਹਰਦੀਪ ਸਿੰਘ,ਗੁਰਭਜਨ ਗਿੱਲ ਨਾਲ ਮਿਲ ਕੇ ਲੋਕ ਅਰਪਨ ਕਰਕੇ ਪਹਿਲੀ ਕਾਪੀ ਸ਼੍ਰੀਮਤੀ ਗੁਰਸ਼ਰਨ ਨਰੂਲਾ ਤੇ ਉਨ੍ਹਾਂ ਦੀ ਨੂੰਹ ਰਾਣੀ ਨੂੰ ਭੇਂਟ ਕੀਤੀ।
ਜੀ ਜੀ ਐੱਨ ਖਾਲਸਾ ਕਾਲਿਜ ਦੇ ਪ੍ਰਿੰਸੀਪਲ ਜਾ: ਅਰਵਿੰਦਰ ਸਿੰਘ ਭੱਲਾ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਪੰਜਾਬ ਭਵਨ ਸੱਰੀ ਕੈਨੇਡਾ ਦੇ ਸਹਿਯੋਗ ਨਾਲ ਗੁਰੂ ਨਾਨਕ ਐਜੂਕੇਸ਼ਨਲ ਕੌਂਸਿਲ ਨੇ ਪਰਵਾਸੀ ਸਾਹਿੱਤ ਬਾਰੇ ਵਿਸ਼ਵ ਸੰਮੇਲਨ ਕਰਵਾ ਕੇ ਇਤਿਹਾਸ ਰਚਿਆ ਹੈ।
ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਬੋਲਦਿਆਂ ਕਿਹਾ ਕਿ ਇਸ ਪੁਤਕ ਦਾ ਮਨੋਰਥ ਹੀ ਵਿਰਸੇ ਦੀਆਂ ਤੰਦਾਂ ਨਾਲ ਦੇਸ਼ ਬਦੇਸ਼ ਵੱਸਦੇ ਪੰਜਾਬੀਆਂ ਨੂੰ ਜੋੜਨਾ ਹੈ।
ਉਨ੍ਹਾਂ ਦੱਸਿਆ ਕਿ ਮੇਰੇ ਬੇਟੇ ਪੁਨੀਤਪਾਲ ਦੇ ਵਿਆਹ ਤੇ ਮਿੱਤਰ ਪਿਆਰੇ ਡਾ: ਜਾਗੀਰ ਸਿੰਘ ਨੂਰ ਜੀ ਨੇ ਸ਼ਗਨ ਵਜੋਂ ਇਹ ਪੁਸਤਕ ਸਾਨੂੰ ਭੇਜੀ ਸੀ। ਇਸ ਤੋਂ ਬਾਦ ਨੀਲੀਬਾਰ ਸਿਲਕ ਸਟੋਰ ਦੇ ਸੰਚਾਲਕ ਮਾਲਕ ਸ: ਉੱਤਮ ਸਿੰਘ ਸੋਨੂ ਨੀਲੀਬਾਰ ਨੇ ਇਸ ਦੀਆਂ 500 ਕਾਪੀਆਂ ਵੰਡੀਆਂ। ਜਗਬੀਰ ਸਿੰਘ ਸੋਖੀ ਨੇ ਤਾਂ ਧੀ ਦੇ ਵਿਆਹ ਤੇ ਕਾਰਡ ਨਾਲ ਮਠਿਆਈ ਥਾਵੇਂ ਸ਼ਗਨਾਂ ਵੇਲਾ ਪੁਸਤਕ ਵੰਡੀ। ਅੰਮ੍ਰਿਤਸਰ ਦੇ ਪ੍ਰਮੁੱਖ ਪੱਤਰਕਾਰ ਚਰਨਜੀਤ ਸਿੰਘ ਤੇਜਾ ਨੇ ਆਪਣੇ ਵਿਆਹ ਤੇ ਇਹ ਪੁਸਤਕ ਵੰਡੀ। ਕੁਰੂਕ਼ਸ਼ੇਤਰ ਵੱਸਦੇ ਵੀਰ ਰਵਿੰਦਰਜੀਤ ਸਿੰਘ ਨੱਤ ਤੇ ਪੱਛਮੀ ਬੰਗਾਲ ਚ ਜਨਮੇ ਉੱਘੇ ਪੰਜਾਬੀ ਕਾਰੋਬਾਰੀ ਸ: ਜਤਿੰਦਰ ਸਿੰਘ ਚਾਹਲ(ਮੂਲ ਵਾਸੀ ਪਿੰਡ ਧੂਲਕਾ-ਨੇੜੇ ਰੱਈਆ ਅੰਮ੍ਰਿਤਸਰ)ਨੇ ਆਪਣੇ ਪੁੱਤਰਾਂ ਦੇ ਵਿਆਹਾਂ ਤੇ ਇਹ ਕਿਤਾਬਾਂ ਵੰਡੀਆਂ ਹਨ।
ਡਾ: ਐੱਸ ਪੀ ਸਿੰਘ ਜੀ ਨੇ ਕਿਹਾ ਕਿ ਪੰਜਾਬੀ ਸਾਹਿੱਤ, ਸਭਿਆਚਾਰ ਤੇਸਾਰਥਕ ਸੋਚ ਦੀ ਸਿਰਜਣਾ ਲਈ ਗੁਰੂ ਨਾਨਕ ਐਜੂਕੇਸ਼ਨਲ ਕੌਂਸਿਲ ਪਹਿਲਾਂ ਗੁਜਰਾਂਵਾਲਾ(ਪਾਕਿਸਤਾਨ) ਤੇ ਹੁਣ ਲੁਧਿਆਣਾ ਵਿੱਚ 1918 ਤੋਂ ਹੀ ਕਰਮਸ਼ੀਲ ਹੈ ਤੇ ਦੇਸ਼ ਵੰਡ ਤੋ ਬਾਦ ਲੁਧਿਆਣਾ ਚ ਲਗਾਤਾਰ ਸਰਗਰਮ ਹੈ।
ਪਰਵਾਸੀ ਸਾਹਿੱਤ ਬਾਰੇ ਵਿਸ਼ਵ ਸੰਮੇਲਨ ਵੀ ਇਸੇ ਕੋਸ਼ਿਸ਼ ਦੀ ਸੱਜਰੀ ਕੜੀ ਹੈ।
ਸ: ਗੁਰਸ਼ਰਨ ਸਿੰਘ ਨਰੂਲਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।