ਪੰਜਾਬੋ-ਮਾਂ ਦਾ ਵੈਣ
ਸਰਬਜੀਤ ਕੌਰ ਜੱਸ
ਕਮਲਿਅਾ ਪੁੱਤਾ!
ਸਾਡੀ ਕੁੱਲੀ 'ਚ ਤਾਂ
ਯੁਗਾਂ-ਯੁਗਾਂਤਰਾਂ ਤੋਂ
ਪੁੱਠੇ ਤਵੇ ਵਰਗਾ ਕਾਲਾ ਹਨ੍ਹੇਰਾ
ਤੈਨੂੰ ਚਿੱਟਾ ਕਿਹੜੀ ਗੁੱਠੋਂ ਲੱਭ ਗਿਅਾ
ਵੇ ਮੇਰੇ ਚੋਰ ਪੁੱਤਾ...
ਕਮਲਿਅਾ ਪੁੱਤਾ!
ਮੈਂ ਅਾਟਾ ਛਾਣਿਅਾ
ਸਾਰੀ ਪਰਾਤ ਚਿੱਟੀ-ਚਿੱਟੀ ਹੋ ਗੲੀ
ਛਾਨਣੀ..ਫਿਰ ਖਾਲੀ ਦੀ ਖਾਲੀ
ਮੈਂ ਤੇਰੇ ਛਾਨਣੀ ਹੋਏ ਸਰੀਰ 'ਚੋਂ
ਚਿੱਟਾ ਕਿੰਝ ਛਾਣਾਂ
ਵੇ ਮੇਰੇ ਗੋਰਿਅਾ ਪੁੱਤਾ...
ਕਮਲਿਅਾ ਪੁੱਤਾ!
ਤੂੰ ਟੀਕੇ ਤੋਂ ਡਰਦਿਆਂ
ਏਡੀ ਚੀਕ ਮਾਰੀ ਸੀ
ਬਾਲ-ਉਮਰੇ
ਹਸਪਤਾਲ ਦੀ ਕੰਧ ਪਾਟ ਗੲੀ
ਏਨੇ ਹੰਝੂ ਕੇਰੇ
ਮੈਨੂੰ ਦੋ ਵਾਰ ਚੁੰਨੀ ਨਚੋੜਨੀ ਪਈ ਸੀ
ਤੇ ਹੁਣ..ਤੂੰ ਹੱਸ ਕੇ ਗੱਡ ਲੈਨਾ
ਜੁੱਸੇ ਦੀ ਕੰਧ 'ਚ ਟੀਕੇ ਦੀ ਮੇਖ
ਤੇਰੀ ਕੁੰਦਨ ਦੇਹ ਦੀ ਕੰਧ
ਪਾਟਦੀ ਏ
ਖ਼ੂਨ ਨਾਲ ਮੇਰੀ ਚੁੰਨੀ
ਭਿੱਜਦੀ ਏ
ਪਰ ਤੂੰ ਚੀਕ ਨਹੀਂ ਮਾਰਦਾ
ਵੇ ਮੇਰੇ ਬਹਾਦਰ ਪੁੱਤਾ...
ਕਮਲਿਅਾ ਪੁੱਤਾ!
ਚਿੱਟ-ਕੱਪੜੀਏ ਦੇ ਬੋਝੇ 'ਚੋਂ
ਚਿੱਟੀ ਮੌਤ ਕਿਰੀ ਸੀ
ਤੇ ਤੂੰ..ਮਿਸ਼ਰੀ ਸਮਝ ਕੇ ਖਾ ਗਿਓਂ
ਵੇ ਮੇਰੇ ਸਿੱਧਰਿਅਾ ਪੁੱਤਾ...
ਕਮਲਿਅਾ ਪੁੱਤਾ!
ਤੂੰ ਸਿਵਿਆਂ ਵਾਲੇ ਰਾਹ ਤੋਂ ਡਰਦਾ
ਸਕੂਲ 'ਨੀਂ ਜਾਂਦਾ ਸੈਂ
ਹੁਣ ਤੈਨੂੰ
ਸਿਵਿਆਂ ਵਾਲੇ ਰਾਹ 'ਤੇ
ਬੇਖ਼ੌਫ਼ ਤੁਰਨ ਦੀ
ਕਿਹੜੇ ਮਾਸਟਰਾਂ ਨੇ
ਪੱਟੀ ਪੜ੍ਹਾ ਦਿੱਤੀ
ਵੇ ਮੇਰੇ ਪੜ੍ਹਾਕੂਅਾ ਪੁੱਤਾ...
ਕਮਲਿਅਾ ਪੁੱਤਾ!
ਜਦ ਤੂੰ ਜੰਮਿਆਂ ਸੈਂ
ਤਾਂ ਮੈਂ ਮਿੱਠੀ ਗੁੜ੍ਹਤੀ ਨਾਲ
ਕਢਾਈ ਸੀ ਤੇਰੀ ਸਾਹੇ ਚਿੱਠੀ
ਤੂੰ ਕੁੜੱਤਣ ਨਾਲ ਲਾਵਾਂ
ਕਦੋਂ ਲੈ ਲਈਆਂ
ਵੇ ਮੇਰੇ ਅਾਸ਼ਕਾ ਪੁੱਤਾ...
ਕਮਲਿਅਾ ਪੁੱਤਾ!
ਜਦੋਂ ਤੇਰੇ ਪਾਲਤੂ 'ਮੋਤੀ' ਨੂੰ
ਕਿਸੇ ਨੇ ਕੁਝ ਦੇ ਦਿੱਤਾ ਸੀ
ਤੂੰ ਇੰਜ ਰੋਇਆ ਸੀ
ਜਿਵੇਂ ਗੁਅਾਚੇ ਕੋਹੇਨੂਰ ਨੂੰ
ਵਪਾਰੀ ਰੋਂਦਾ ਏ
ਤੇ ਤੂੰ ਮੌਤ ਦੇ ਸੌਦਾਗਰਾਂ ਹੱਥ
ਮੋਤੀ ਤੋਂ ਵੀ ਸਸਤਾ ਵਿਕ ਗਿਓਂ
ਵੇ ਮੇਰੇ ਹੀਰਿਅਾ ਪੁੱਤਾ...
ਕਮਲਿਅਾ ਪੁੱਤਾ!
ਸਾਰੇ ਦਾ ਸਾਰਾ ਚਿੱਟਾ ਖਾ ਗਿਓਂ
ਹੁਣ ਮੈਂ ਤੇਰੇ 'ਤੇ
ਖੱਫ਼ਣ ਕਿਹੜੇ ਰੰਗ ਦਾ ਪਾਵਾਂ?
ਵੇ ਮੇਰੇ ਰਾਂਗਲਿਅਾ ਪੁੱਤਾ
ਦੱਸ?
ਹੁਣ ਮੈਂ ਤੇਰੇ 'ਤੇ
ਖੱਫ਼ਣ ਕਿਹੜੇ ਰੰਗ ਦਾ ਪਾਵਾਂ?