ਸਰਕਾਰੀ ਕਾਗ਼ਜ਼ਾਂ ਮੁਤਾਬਕ ਮੈਂ ਦੋ ਮਈ ਨੂੰ ਪੂਰੇ 65 ਸਾਲ ਦਾ ਹੋ ਜਾਵਾਂਗਾ।
ਮਾਪਿਆਂ ਮੁਤਾਬਕ ਮੈਂ ਜ਼ਿਦ ਕਰਦਾ ਸੀ ਮੈਂ ਸਕੂਲੇ ਜਾਣੈਂ। ਇੱਕ ਸਾਲ ਉਮਰ ਵਂਧਾ ਕੇ ਦਾਖ਼ਲ ਕਰਵਾਇਆ ਤੇ ਸਰਦਾਰੀ ਸ਼ਾਹ ਦੀ ਹੱਟੀਓ ਂ ਮਿੱਠੀਆਂ ਫੁੱਲੜੀਆਂ ਖ਼ਰੀਦ ਕੇ ਸਕੂਲੇ ਵੰਡ ਦਿੱਤੀਆਂ।
ਕਵਿਤਾ ਪਹਿਲੇ ਦਿਨੋਂ ਚੰਗੀ ਲੱਗਦੀ ਸੀ।
ਓਹੀ ਲਿਖਣ ਲੱਗ ਪਿਆ।
ਰੁਜ਼ਗਾਰ ਦੇ ਨਾਲ ਨਾਲ ਕਵਿਤਾ ਤੁਰੀ ਹੁਣ ਵੀ ਨਾਲ ਨਾਲ ਹੈ।
ਪ੍ਰਿੰਸੀਪਲ ਸੰਤ ਸਿੰਘ ਸੇਖੋਂ ਕਹਿੰਦੇ ਹੁੰਦੇ ਸਨ ਕਿ ਬੰਦੇ ਨੂੰ ਸਿਆਣੀ ਉਮਰੇ ਕਵਿਤਾ ਛੱਡ ਦੇਣੀ ਚਾਹੀਦੀ ਹੈ।
ਗੰਭੀਰ ਕਾਰਜ ਕਰਨੇ ਚਾਹੀਦੇ ਹਨ।
ਪਰ ਜੇ ਸੁਪਨੇ ਹੀ ਬੱਚਿਆਂ ਵਰਗੇ ਹੀ ਆਉਣ ਤਾਂ ਬੰਦਾ ਕੀ ਕਰੇ?
ਕਵਿਤਾ ਕਹਿੰਦੀ ਹੈ, ਮੈਨੂੰ ਲਿਖ!
ਉਮਰ ਦਾ ਕੀ ਹੈ?
ਬੰਦੇ ਚੋਂ ਬਚਪਨਾ ਜਾਣਾ ਚਾਹੀਦਾ ਹੈ, ਬਚਪਨ ਨਹੀਂ!
ਸੋਚਦਾ ਹਾਂ,
ਏਨਾ ਕੁਝ ਲਿਖ ਲਿਆ,
ਪਰ ਕਿੰਨਾ ਕੁਝ ਹਾਲੇ ਅਣਕਿਹਾ ਪਿਆ ਹੈ।
ਕੋਸ਼ਿਸ਼ ਚ ਰਹਾਂਗਾ ਕਿ ਕੁਝ ਕੁ ਪੂਣੀਆਂ ਹੋਰ ਕੱਤ ਸਕਾਂ।
ਰੁਬਾਈਆਂ ਦੀ ਕਿਤਾਬ ਸੰਧੂਰਦਾਨੀ ਮਈ ਦੇ ਪਹਿਲੇ ਹਫ਼ਤੇ ਛਪ ਜਾਵੇਗੀ।
ਐਤਕੀਂ ਕਿਸੇ ਪਿੰਡ ਚ ਕਵੀ ਦਰਬਾਰ ਕਰਕੇ ਲੋਕ ਅਰਪਨ ਕਰਾਂਗੇ।
ਜਿੱਥੇ ਉਹ ਲੋਕ ਹੋਣਗੇ, ਜਿੰਨ੍ਹਾਂ ਤੀਕ ਕਵਿਤਾ ਕਦੇ ਕਦਾਈਂ ਜਾਂਦੀ ਹੈ।
ਸਮੁੰਦਰ ਚ ਨਹੀਂ ਬਰਸਣਾ, ਤੇੜਾਂ ਪਾਟੀ ਧਰਤੀ ਕੋਲ ਜਾਵਾਂਗੇ।
ਸੁਰਜੀਤ ਪਾਤਰ, ਸੁਖਵਿੰਦਰ ਅੰਮ੍ਰਿਤ, ਰਵਿੰਦਰ ਭੱਠਲ, ਜਸਵੰਤ ਜਫ਼ਰ, ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ, ਹਰਬੰਸ ਮਾਲਵਾ, ਤਰਸੇਮ ਨੂਰ, ਸਤੀਸ਼ ਗੁਲ੍ਹਾਟੀ ਸਮੇਤ ਲੁਧਿਆਣਿਓ ਂ।
ਬਰਨਾਲਾ ,ਮੋਗਾਤੱ ਹੋਰ ਸ਼ਹਿਰੀਂ ਵੱਸਦੇ ਸੱਜਣਾਂ ਨੂੰ ਕਹਾਂਗੇ,ਆਉ!
ਜਨਮ ਦਿਨ ਦੇ ਬਹਾਨੇ ਮਿਲ ਬਹਾਂਗੇ ਕਿਸੇ ਲੋਕ ਬਿਰਖ਼ ਦੀ ਛਾਵੇਂ।
ਗੁਰਭਜਨ ਗਿੱਲ