ਸਰੀ, ਕੈਨੇਡਾ, 21 ਮਾਰਚ 2019 - ਕਰਿਸਮਸ ਤੇ ਨਵੇਂ ਸਾਲ ਦੀਆਂ ਛੁੱਟੀਆਂ ਦੇ ਸੀਜ਼ਨ ਬਾਅਦ ਜਾਰਜ ਮੈਕੀ ਲਾਇਬਰੇਰੀ ਵਿਚ ਇਕ ਵਾਰ ਫਿਰ ਕਾਵਿ ਸ਼ਾਮ ਦੀਆਂ ਰੌਣਕਾਂ ਦੁਬਾਰਾ ਸ਼ੁਰੂ ਹੋਈਆਂ । ਮੰਗਲਵਾਰ 19 ਮਾਰਚ ਨੂੰ ਲਾਇਬਰੇਰੀ ਦੇ ਮੀਟਿੰਗ ਹਾਲ ਵਿਚ ਇਸ ਵਾਰ ਗੁਰੂ ਨਾਨਕ ਦੇਵ ਜੀ ਦੇ 550 ਵੇਂ ਜਨਮ ਉਤਸਵ ਨੂੰ ਸਮਰਪਿਤ ਨਿਰਪਾਲ ਸਿੰਘ ਸ਼ੇਰਗਿਲ ਦੀ 'ਇੰਡੀਅਨਜ਼ ਐਬਰੋਡ ਐਂਡ ਪੰਜਾਬ ਇੰਪੈਕਟ' ਡਾਇਰੈਕਟਰੀ ਦਾ 21 ਵਾਂ ਐਡੀਸ਼ਨ ਪੱਤਰਕਾਰਾਂ , ਬੁੱਧੀਜੀਵੀਆਂ ਤੇ ਕਾਰੋਬਾਰੀ ਸੱਜਣਾਂ ਦੀ ਹਾਜ਼ਰੀ ਵਿਚ ਰੀਲੀਜ਼ ਕੀਤਾ ਗਿਆ।
ਅਰੰਭ ਵਿਚ ਪੰਜਾਬੋਂ ਫੇਰੀ ਪਰਤੇ ਸ਼ਾਇਰ ਮੋਹਨ ਗਿਲ ਨੇ ਡਾਇਰੈਕਟਰੀ ਵਿਚਲੇ ਮੈਟਰ ਬਾਰੇ ਭਰਪੂਰ ਚਰਚਾ ਕੀਤੀ ਤੇ ਦੱਸਿਆ ਕਿ ਇਸ ਵਿਚ ਗੁਰੂ ਸਾਹਿਬ ਦੀ ਸਮੁਚੀ ਜੀਵਨੀ ਸਿਧਾਂਤ ਤੇ ਫਲਸਫੇ ਬਾਰੇ ਲੇਖ ਹਨ ਜਿਹਨਾਂ ਨੂੰ ਸ. ਜਰਨੈਲ ਸਿੰਘ ਚਿੱਤਰਕਾਰ ਦੇ ਖੂਬਸੂਰਤ ਚਿੱਤਰਾਂ ਨਾਲ ਸ਼ਿੰਗਾਰਿਆ ਗਿਆ ਹੈ। ਇਸ ਤੋਂ ਬਾਅਦ ਸ. ਸ਼ੇਰਗਿਲ ਨੇ ਅਪਣੇ ਪੱਤਰਕਾਰੀ ਦੇ ਸਫਰ ਤੇ ਇਸ ਡਾਇਰੈਕਟਰੀ ਦੇ ਇਤਹਾਸ ਬਾਰੇ ਜਾਣਕਾਰੀ ਸਾਂਝੀ ਕੀਤੀ ਤੇ ਸਾਰੇ ਸਹਿਯੋਗੀਆਂ ਦਾ ਧੰਨਵਾਦ ਕੀਤਾ। ਬਾਅਦ ਵਿਚ ਪੱਤਰਕਾਰ ਰਛਪਾਲ ਸਿੰਘ ਗਿੱਲ, ਗੁਰਪ੍ਰੀਤ ਸਹੋਤਾ, ਹਰਕੀਰਤ ਸਿੰਘ ਕੁਲਾਰ, ਬਿਜ਼ਨਸਮੈਨ ਮਨਜੀਤ ਲਿਟ, ਗੇਜੀ ਸ਼ੇਰਗਿਲ, ਗੁਰਵਿੰਦਰ ਸਿੰਘ ਧਾਲੀਵਾਲ, ਆਰਟਿਸਟ ਜਰਨੈਲ ਸਿੰਘ , ਮੋਹਨ ਗਿੱਲ ਤੇ ਹੋਰਨਾਂ ਵਲੋਂ ਡਾਇਰੈਕਟਰੀ ਰੀਲੀਜ਼ ਕੀਤੀ ਗਈ।ਸਮਾਗਮ ਦੇ ਦੂਜੇ ਬੁਲਾਰੇ ਸਨ ਪੰਜਾਬ ਤੋਂ ਹੁਣੇ ਕੈਨੇਡਾ ਪਹੁੰਚੇ ਸੁਪ੍ਰਸਿਧ ਨਾਟਕਕਾਰ ਤੇ ਲੇਖਕ ਡਾ. ਨਵਦੀਪ। ਉਹਨਾਂ ਅਪਣੀ ਹਾਜ਼ਰੀ ਦੌਰਾਨ ਅਪਣੇ ਸੂਫੀਆਨਾਾਂ ਅੰਦਾਜ਼ ਵਿਚ ਗੀਤਾਂ , ਕਵਿਤਾਵਾਂ ਦੀ ਛਹਿਬਰ ਲਗਾਈ। ਉਹਨਾਂ ਅਪਣੇ ਪੜਾਈ ਦੌਰਾਨ ਦੇ ਥੀਏਟਰ ਅਤੇ ਗਾਇਕੀ ਦੇ ਤਜਰਬੇ ਸਾਂਝੇ ਕੀਤੇ।ਹਜ਼ਾਰਾਂ ਨਾਟਕ ਖੇਡੇ ਅਤੇ ਉਸਾਰੁ ਸਾਹਿਤ ਤੇ ਥੀਏਟਰ ਉਹਨਾਂ ਦਾ ਜੀਵਨ ਮਨੋਰਥ ਰਿਹਾ ਹੈ।ਅਜਕਲ ਵੀ ਉਹ ਇਥੇ ਨਾਟਕ ਨੂੰ ਸਮਰਪਿਤ ਹਨ ਤੇ ਛੇਤੀ ਹੀ ਨਾਟਕ ਸਾਹਮਣੇ ਲਿਆਉਣ ਦਾ ਵਾਦਾ ਕੀਤਾ। ਉਹਨਾਂ ਕਿਹਾ ਕਿ ਭਰਥਰੀ ਹਰੀ ਦਾ ਨਾਟ ਸ਼ਾਸਤਰ ਦਾ ਪੰਜਾਬੀ ਅਨੁਵਾਦ ਹੁਣ ਕਰ ਰਹੇ ਹਨ ਜੋ ਵਡਾ ਕੰਮ ਹੋਵੇਗਾ।ਪਤਰਕਾਰੀ ਸਾਹਿਤ ਕਲਾ ਤੇ ਨਾਟਕ ਨੂੰ ਸਮਰਪਿਤ ਇਸ ਯਾਦਗਾਰੀ ਸ਼ਾਮ ਵਿਚ ਬਖਸ਼ਿੰਦਰ, ਰਾਜਵੰਤ ਬਾਗੜੀ, ਦਵਿੰਦਰ ਗੌਤਮ, ਬਿੰਦੂ, ਮੀਨੂੰ ਬਾਵਾ, ਜਸਬੀਰ ਮਾਨ, ਜੀਵਨ ਮਾਂਗਟ, ਅੰਗਰੇਜ ਬਰਾੜ ਹਾਜ਼ਰ ਸਨ।